ਫਿਰੋਜ਼ਪੁਰ ਸੀ. ਆਈ. ਏ. ਸਟਾਫ਼ ਨੇ ਚੋਰ ਗਿਰੋਹ ਦੇ ਮੈਂਬਰ ਨੂੰ ਕੀਤਾ ਕਾਬੂ, ਚੋਰੀ ਦੇ 25 ਮੋਟਰਸਾਈਕਲ ਵੀ ਕੀਤੇ ਬਰਾਮਦ
Wednesday, Apr 06, 2022 - 01:48 PM (IST)
ਫਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ,ਸੁਨੀਲ ਵਿੱਕੀ) : ਜ਼ਿਲ੍ਹਾ ਫਿਰੋਜ਼ਪੁਰ ਵਿੱਚ ਚੋਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਏ.ਐੱਸ.ਆਈ ਨਵਤੇਜ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਹੈ, ਜਿਸਦੀ ਨਿਸ਼ਾਨਦੇਹੀ ’ਤੇ ਚੋਰੀ ਦੇ 25 ਮੋਟਰਸਾਈਕਲ/ਸਕੂਟਰ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਸਰਦਾਰ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਐੱਸ.ਪੀ ਇੰਵੈਸਟੀਗੇਸ਼ਨ ਮਨਵਿੰਦਰ ਸਿੰਘ, ਡੀ.ਐੱਸ.ਪੀ ਜਗਦੀਸ਼ ਕੁਮਾਰ ਅਤੇ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ. ਸਟਾਫ਼ ਦੇ ਏ.ਐੱਸ.ਆਈ ਨਵਤੇਜ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਜੀਵਾਂ ਅਰਾਈ ਦੇ ਏਰੀਆ ਵਿੱਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਅਵਤਾਰ ਸਿੰਘ ਉਰਫ਼ ਤਾਰੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਚੱਠਾ ਤਹਿਸੀਲ ਨਕੋਦਰ (ਹੁਣ ਪਿੰਡ ਕੁਤਬਗੜ੍ਹ) ਮੋਟਰਸਾਈਕਲ ਸਕੂਟਰ ਚੋਰੀ ਕਰਕੇ ਉਨ੍ਹਾਂ ’ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਭੋਲੇ-ਭਾਲੇ ਲੋਕਾਂ ਨੂੰ ਵੇਚਦਾ ਹੈ । ਉਹ ਲੋਕਾਂ ਨੂੰ ਦੱਸਦਾ ਹੈ ਕਿ ਉਹ ਜਲੰਧਰ ਦੀ ਇੱਕ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਫਾਈਨਾਂਸ ਕੰਪਨੀ ਤੋਂ ਲੋਨ ਲੈ ਕੇ ਲਏ ਵਾਹਨਾਂ ਦੀਆਂ ਜਦ ਲੋਕ ਕਿਸ਼ਤਾਂ ਅਦਾ ਨਹੀ ਕਰਦੇ ਤਾਂ ਕੰਪਨੀ ਉਸ ਵਾਹਨ ਨੂੰ ਜ਼ਬਤ ਕਰ ਲੈਂਦੀ ਹੈ । ਫਾਈਨਾਂਸ ਕੰਪਨੀ ਤੋਂ ਉਹ ਵਾਹਨ ਖਰੀਦ ਲੈਂਦਾ ਹੈ ਅਤੇ ਅੱਗੇ ਮੋਟਰਸਾਈਕਲ, ਸਕੂਟਰ ਆਦਿ ਵੇਚ ਦਿੰਦਾ ਹੈ।
ਇਹ ਵੀ ਪੜ੍ਹੋ : CM ਮਾਨ ਦੀ ਕੋਠੀ ਦੇ ਬਾਹਰ ਭੁੱਖ ਹੜਤਾਲ ’ਤੇ ਬੈਠਾ ਨੌਜਵਾਨ ਪ੍ਰੀਤ ਸ਼ਰਮਾ
ਉਨ੍ਹਾਂ ਦੱਸਿਆ ਕਿ ਇਹ ਕਥਿਤ ਚੋਰ ਵੱਲੋਂ ਚੋਰੀ ਕੀਤੇ ਅਜਿਹੇ ਵਾਹਨ ਲੋਕਾਂ ਨੂੰ ਕਿਸ਼ਤਾਂ ’ਤੇ ਵੇਚੇ ਜਾਂਦੇ ਸਨ ਅਤੇ ਜਦੋਂ ਕਿਸ਼ਤਾਂ ਪੂਰੀਆਂ ਹੋ ਜਾਂਦੀਆਂ ਸਨ ਤਾਂ ਉਹ ਲੋਕਾਂ ਨੂੰ ਆਰ.ਸੀ. ਦੇਣ ਦੇ ਲਾਰੇ ਲਗਾਉਂਦਾ ਸੀ। ਪੁਲਸ ਨੂੰ ਇਹ ਸੂਚਨਾ ਮਿਲੀ ਕਿ ਅੱਜ ਵੀ ਇਹ ਕਥਿਤ ਚੋਰ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਕੁਤੁਬਗੜ੍ਹ ਤੋਂ ਆ ਰਿਹਾ ਹੈ ਤਾਂ ਪੁਲਸ ਨੇ ਨਾਕਾਬੰਦੀ ਕਰਕੇ ਉਸਨੂੰ ਕਾਬੂ ਕਰ ਲਿਆ, ਜਿਸਤੋਂ ਪੁੱਛਗਿੱਛ ਕਰਨ ’ਤੇ ਪੁਲਸ ਨੇ ਚੋਰੀ ਦੇ 24 ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨਕੋਦਰ ਥਾਣੇ 'ਚ ਪਿੰਡ ਬਜੂਹਾ ਕਲਾਂ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ ਨੇ ਪੁਲਸ 'ਤੇ ਗੰਭੀਰ ਇਲਜ਼ਾਮ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ