ਪੰਚਾਇਤੀ ਜ਼ਮੀਨ ਦੀ ਬੋਲੀ ਤੀਜੀ ਵਾਰ ਰੱਦ ਹੋ ਜਾਣ ਦੇ ਰੋਸ ਵੱਜੋਂ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

05/27/2020 2:25:12 PM

ਭਵਾਨੀਗੜ੍ਹ (ਕਾਂਸਲ) - ਨੇੜਲੇ ਪਿੰਡ ਕਾਕੜਾ ਵਿਖੇ ਪਹਿਲਾਂ ਵੀ ਦੋ ਵਾਰ ਰੱਦ ਹੋ ਜਾਣ ਤੋਂ ਬਾਅਦ ਅੱਜ ਵੀ ਪ੍ਰਸਾਸ਼ਨ ਵੱਲੋਂ ਪੰਚਾਇਤੀ ਜ਼ਮੀਨ ਦੀ ਬੋਲੀ ਲਈ ਕੋਈ ਵੀ ਅਧਿਕਾਰੀ ਨਾ ਭੇਜੇ ਜਾਣ ਦੇ ਰੋਸ ਵੱਜੋਂ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਮਨਜਿੰਦਰ ਕੌਰ, ਹਰਵਿੰਦਰ ਸਿੰਘ ਕਾਕੜਾ ਅਕਾਲੀ ਆਗੂ, ਰਵਜਿੰਦਰ ਸਿੰਘ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ੍ਹ, ਮਾਸਟਰ ਕਸ਼ਮੀਰ ਸਿੰਘ ਕਾਕੜਾ ਆਗੂ ਕਿਸਾਨ ਯੂਨੀਅਨ, ਮੇਜਰ ਸਿੰਘ ਚੱਠਾ, ਭੁਪਿੰਦਰ ਦਾਸ, ਹਰਪ੍ਰੀਤ ਕੌਰ ਗੁਰਮੀਤ ਕੌਰ ਸਾਰੇ ਪੰਚਾਇਤ ਮੈਂਬਰਾਂ ਸਮੇਤ ਪੰਚਾਇਤੀ ਜ਼ਮੀਨ ਦੀ ਬੋਲੀ ਦੇਣ ਲਈ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੱਸਿਆਂ ਕਿ ਕਾਂਗਰਸ ਦੀ ਲੋਕਲ ਲੀਡਰਸਿੱਪ ਦੇ ਇਸ਼ਾਰੇ ਉਪਰ ਇਥੇ ਪਿੰਡ ਵਿਚ ਜਾਣ ਬੁੱਝ ਕੇ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਦੱਸਿਆ ਕਿ ਅੱਜ ਤੀਜੀ ਵਾਰ ਬੋਲੀ ਕਰਵਾਉਣ ਲਈ ਮੌਕੇ ਉਪਰ ਕੋਈ ਵੀ ਸੰਬੰਧਤ ਅਧਿਕਾਰੀ ਦੇ ਨਾ ਪਹੁੰਚਣ ਕਾਰਨ ਫਿਰ ਬੋਲੀ ਰੱਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਹਨ ਕਿਉਂਕਿ ਸਮਾਂ ਬਹੁਤ ਘੱਟ ਹੈ ਅਜੇ ਤੱਕ ਝੋਨੇ ਦੀ ਪਨੀਰੀ ਬੀਜਣੀ ਵੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਲੁਆਈ ਦਾ ਕੰਮ 10 ਜੂਨ ਤੋਂ ਸ਼ੁਰੂ ਹੋਣਾ ਹੈ ਅਤੇ ਇਸ ਵਾਰ ਲੇਬਰ ਘੱਟ ਹੋਣ ਕਰਨ ਵੀ ਬਹੁਤ ਸਮੱਸਿਆਵਾਂ ਪੇਸ਼ ਆਉਣੀਆਂ ਹਨ। ਕਿਸਾਨ ਇਸ ਜ਼ਮੀਨ ਨੂੰ ਠੇਕੇ ਉੱਪਰ ਲੈਣ ਲਈ ਆੜ੍ਹਤੀਆਂ ਅਤੇ ਹੋਰ ਫਾਇਨਾਂਸ ਕੰਪਨੀਆਂ ਤੋਂ ਵਿਆਜ ਉਪਰ ਪੈਸੇ ਲੈ ਕੇ ਬੈਠੇ ਹਨ। ਜਿਸ ਨੂੰ ਸੰਭਾਲਣ ਦੀ ਵੀ ਕਿਸਾਨਾਂ ਲਈ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਹਰ ਤਰੀਖ ਉਪਰ ਬੋਲੀ ਦੇਣ ਵਾਲੇ ਕਿਸਾਨ ਅਤੇ ਪੰਚਾਇਤ ਸਮੇਂ ਸਿਰ ਪਹੁੰਚ ਜਾਂਦੇ ਹਨ। ਪਰ ਸਰਕਾਰੀ ਅਧਿਕਾਰੀਆਂ ਦੇ ਨਾ ਆਉਣ ਕਾਰਨ ਬੋਲੀ ਨਹੀਂ ਹੁੰਦੀ। ਜਦੋਂ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਤੋਂ ਹੋਣ ਵਾਲੀ ਆਮਦਨੀ ਨਾਲ ਹੀ ਪਿੰਡ ਵਿਚ ਵਿਕਾਸ ਦੇ ਕੰਮ ਹੋਣੇ ਹੁੰਦੇ ਹਨ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਕੁਝ ਵਿਅਕਤੀਆਂ ਵੱਲੋਂ ਪਿੰਡ ਦੀ ਸਰਪੰਚ ਨੂੰ ਸਸਪੈਂਡ ਕਰਵਾਉਣ ਲਈ ਵਿਭਾਗ ਨੂੰ ਕੀਤੀ ਸ਼ਿਕਾਇਤ ਉਪਰ ਕਾਰਵਾਈ ਅਜੇ ਪੈਡਿੰਗ ਹੋਣ ਕਾਰਨ ਸਾਇਦ ਆਗੂ ਅਤੇ ਅਧਿਕਾਰੀ ਇਸੇ ਇੰਤਜ਼ਾਰ ਵਿਚ ਹਨ ਕਿ ਉਹ ਸਰਪੰਚ ਨੂੰ ਸਸਪੈਂਡ ਕਾਰਵਾ ਕੇ ਫਿਰ ਆਪਣੀ ਮਨ ਮਰਜੀ ਨਾਲ ਜ਼ਮੀਨ ਦੀ ਬੋਲੀ ਕਰਵਾਉਣਗੇ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਵਿਚ ਪੰਚਾਇਤੀ ਜਮੀਨ ਦੀ ਬੋਲੀ ਜਲਦ ਕਰਵਾਈ ਜਾਵੇ।

 


Harinder Kaur

Content Editor

Related News