ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਧਰਨਾ 189ਵੇਂ ਦਿਨ ’ਚ ਦਾਖ਼ਲ

04/08/2021 5:55:50 PM

 
 

ਬੁਢਲਾਡਾ (ਬਾਂਸਲ)-ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ’ਚ ਕਿਸਾਨਾਂ ਵੱਲੋਂ ਸ਼ਹਿਰ ਅੰਦਰ ਧਰਨਾ ਅੱਜ 189ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ। ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਕੁਲਹਿੰਦ ਕਿਸਾਨ ਸਭਾ ਦੇ ਆਗੂ ਹਰਦਿਆਲ ਸਿੰਘ ਦਾਤੇਵਾਸ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ, ਕੁਲਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਜਸਵੰਤ ਸਿੰਘ ਬੀਰੋਕੇ ਤੋਂ ਇਲਾਵਾ ਹਰਿੰਦਰ ਸਿੰਘ ਸੋਢੀ, ਤੇਜ ਰਾਮ ਅਹਿਮਦਪੁਰ ਅਤੇ ਬਲਵੀਰ ਸਿੰਘ ਗੁਰਨੇ ਖੁਰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਸਾਰਾ ਦੇਸ਼ ਉੱਠ ਕੇ ਖੜ੍ਹ ਹੋ ਗਿਆ ਹੈ। ਸਾਰੇ ਵਰਗਾਂ ਦੇ ਲੋਕ ਹਰ ਪੱਖ ਤੋਂ ਕਿਸਾਨ ਅੰਦੋਲਨ ’ਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੌਣ ਲੋਕਾਂ ਨਾਲ ਹੈ ਅਤੇ ਕਿਨ੍ਹਾਂ ਦੀ ਜੋਕਾਂ ਨਾਲ ਸਾਂਝ ਹੈ। ਹਾੜੀ ਦਾ ਸੀਜ਼ਨ ਹੋਣ ਦੇ ਬਾਵਜੂਦ ਦਿੱਲੀ ਦੇ ਮੋਰਚਿਆਂ ’ਚ ਨਿੱਤ ਦਿਨ ਜਥੇ ਜਾ ਰਹੇ ਹਨ। ਕਿਰਤੀਆਂ ਤੇ ਕਿਸਾਨਾਂ ’ਚ ਅੰਦੋਲਨ ਪ੍ਰਤੀ ਪੂਰਾ ਜੋਸ਼ ਤੇ ਉਤਸ਼ਾਹ ਹੈ।

ਉਨ੍ਹਾਂ ਸ਼ਹੀਦ ਭਗਤ ਸਿੰਘ ਅਤੇ ਬੀ. ਕੇ. ਦੱਤ ਵੱਲੋਂ 8 ਅਪਰੈਲ 1929 ’ਚ ਪਾਰਲੀਮੈਂਟ ’ਚ ਸੁੱਟੇ ਬੰਬ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਬ੍ਰਿਟਿਸ਼ ਸਾਮਰਾਜ ਵੱਲੋਂ ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟ ਬਿੱਲ ਵੀ ਜਮਹੂਰੀਅਤ ਦਾ ਘਾਣ ਅਤੇ ਜਨਤਾ ਦੇ ਸ਼ੋਸ਼ਣ ਲਈ ਲਿਆਂਦੇ ਸਨ ਅਤੇ ਮੌਜੂਦਾ ਮੋਦੀ ਸਰਕਾਰ ਵੀ ਖੇਤੀ ਤੇ ਕਿਰਤ ਸਬੰਧੀ ਕਾਲੇ ਕਾਨੂੰਨ ਅੰਗਰੇਜ਼ਾਂ ਦੀ ਤਰਜ਼ ’ਤੇ ਲਿਆ ਰਹੀ ਹੈ, ਜਿਸ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਇਕੱਠ ਨੂੰ ਬਸੰਤ ਸਿੰਘ ਸਹਾਰਨਾ, ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ, ਕੌਰ ਸਿੰਘ ਮੰਡੇਰ, ਭੂਰਾ ਸਿੰਘ ਅਹਿਮਦਪੁਰ, ਜਵਾਲਾ ਸਿੰਘ ਗੁਰਨੇ ਖੁਰਦ ,ਦਰਸ਼ਨ ਸਿੰਘ ਰੱਲੀ, ਬਲਦੇਵ ਸਿੰਘ ਸਾਬਕਾ ਸਰਪੰਚ ਗੁਰਨੇ ਖੁਰਦ ਆਦਿ ਨੇ ਵੀ ਸੰਬੋਧਨ ਕੀਤਾ।


Anuradha

Content Editor

Related News