ਕਤਲ ਦੇ ਮਾਮਲੇ ’ਚ ਝੂਠੀ ਗਵਾਹੀ ਦੇਣ ’ਤੇ 7 ਸਾਲ ਦੀ ਸਜ਼ਾ
Tuesday, Oct 02, 2018 - 07:53 AM (IST)

ਚੰਡੀਗਡ਼੍ਹ, (ਸੰਦੀਪ)- ਹੱਤਿਆ ਦੇ ਮਾਮਲੇ ’ਚ ਝੂਠੀ ਗਵਾਹੀ ਦੇਣ ਦੇ ਮਾਮਲੇ ’ਚ ਜ਼ਿਲਾ ਅਦਾਲਤ ਨੇ ਕਮਲੇਸ਼ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਨਾਲ ਹੀ ਅਦਾਲਤ ਨੇ ਉਸ ’ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਚਾਰਟਰਡ ਅਕਾਊਟੈਂਟ ਰਾਜੇਸ਼ ਗੋਇਲ ਦਾ ਚਾਕੂ ਮਾਰ ਕੇ ਉਨ੍ਹਾਂ ਦੇ ਸੈਕਟਰ-42 ਸਥਿਤ ਦਫ਼ਤਰ ’ਚ ਸਾਲ 2007 ’ਚ ਕਤਲ ਕਰ ਦਿੱਤਾ ਗਿਆ ਸੀ। ਰਾਜੇਸ਼ ਦੀ ਹੱਤਿਆ ਦੇ ਇਸ ਕੇਸ ’ਚ ਉਸਦੇ ਦਫ਼ਤਰ ਦਾ ਪੀਅਨ ਕਮਲੇਸ਼ ਚਸ਼ਮਦੀਦ ਗਵਾਹ ਸੀ, ਜਿਸਨੇ ਅਦਾਲਤ ਵਿਚ ਝੂਠੀ ਗਵਾਹੀ ਦਿੱਤੀ ਸੀ, ਹਾਲਾਂਕਿ ਕੇਸ ਦੇ ਦੋਸ਼ੀਆਂ ਨੂੰ ਕੋਰਟ ਨੇ ਸਜ਼ਾ ਦੇ ਦਿੱਤੀ ਸੀ ਪਰ ਕੇਸ ਵਿਚ ਇਕ ਹੋਰ ਗਵਾਹ ਜੋ ਕਿ ਰਾਜੇਸ਼ ਦਾ ਕਲਾਇੰਟ ਸੀ ਅਤੇ ਵਾਰਦਾਤ ਸਮੇਂ ਉਸ ਨੂੰ ਮਿਲਣ ਦਫਤਰ ਆ ਰਿਹਾ ਸੀ। ਅਖੀਰ ਤਕ ਆਪਣੇ ਬਿਆਨਾਂ ਤੋਂ ਨਹੀਂ ਮੁੱਕਰਿਆ ਸੀ, ਇਸ ’ਤੇ ਅਦਾਲਤ ਨੇ ਇਸ ਕੇਸ ’ਚ ਰਾਜੇਸ਼ ਦੀ ਹੱਤਿਆ ਨੂੰ ਅੰਜਾਮ ਦੇਣ ਵਾਲੇ ਚਾਰ ਕਾਤਲਾਂ ਨੂੰ ਸਾਲ 2013 ’ਚ ਦੋਸ਼ੀ ਪਾਉਂਦੇ ਹੋਏ ਸਾਰਿਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ।
ਜ਼ਿਕਰਯੋਗ ਹੈ ਕਿ 22 ਮਈ 2007 ਨੂੰ ਸ਼ਾਮ ਸਮੇਂ 2 ਲਡ਼ਕਿਆਂ ਰਾਜੇਸ਼ ਦੇ ਦਫ਼ਤਰ ’ਚ ਆਏ ਸਨ। ਉਹ ਰਾਜੇਸ਼ ਨਾਲ ਗੱਲਾਂ ਕਰਨ ਲੱਗੇ। ਕੁਝ ਸਮੇਂ ਬਾਅਦ ਰਾਜੇਸ਼ ਨੇ ਕਮਲੇਸ਼ ਨੂੰ ਕੁਝ ਦਸਤਾਵੇਜ਼ਾਂ ਦੀ ਫੋਟੋਸਟੇਟ ਕਰਨ ਭੇਜ ਦਿੱਤਾ। ਕੁਝ ਸਮੇਂ ਬਾਅਦ ਕਮਲੇਸ਼ ਨੇ ਦਫ਼ਤਰ ਵਿਚ ਆਵਾਜ਼ਾਂ ਸੁਣੀਆਂ ਅਤੇ ਉਸਨੇ ਖਿਡ਼ਕੀ ’ਚੋਂ ਵੇਖਿਆ ਕਿ 2 ਲਡ਼ਕਿਆਂ ਨੇ ਰਾਜੇਸ਼ ਨੂੰ ਫਡ਼ਿਆ ਹੋਇਆ ਹੈ ਅਤੇ ਦੋ ਉਸ ’ਤੇ ਚਾਕੂ ਨਾਲ ਵਾਰ ਕਰ ਰਹੇ ਸਨ। ਕੁਝ ਸਮੇਂ ਬਾਅਦ ਉਹ ਲਡ਼ਕੇ ਉੱਥੋਂ ਬਾਹਰ ਨਿਕਲੇ, ਜਿਸ ਸਮੇਂ ਉਹ ਉਥੋਂ ਨਿਕਲੇ ਤਾਂ ਉਨ੍ਹਾਂ ਦੇ ਹੱਥ ਤੇ ਕੱਪਡ਼ੇ ਖੂਨ ਨਾਲ ਲਿੱਬਡ਼ੇ ਹੋਏ ਸਨ। ਦਫ਼ਤਰ ਦੇ ਬਾਹਰ ਆਉਣ ’ਤੇ ਉਨ੍ਹਾਂ ਨੇ ਕਮਲੇਸ਼ ਤੋਂ ਪਾਣੀ ਮੰਗਿਆ। ਕਮਲੇਸ਼ ਪਾਣੀ ਲੈ ਕੇ ਆਇਆ ਅਤੇ ਇਸ ਪਾਣੀ ਨਾਲ ਉਨ੍ਹਾਂ ਨੇ ਆਪਣੇ ਹੱਥ ਧੋ ਲਏ ਤੇ ਉਨ੍ਹਾਂ ਨੇ ਜਾਂਦੇ ਸਮੇਂ ਕਮਲੇਸ਼ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦੇਣਗੇ। ਇਸ ਤੋਂ ਬਾਅਦ ਕਮਲੇਸ਼ ਨੇ ਰਾਜੇਸ਼ ਦੇ ਪਾਰਟਨਰ ਨੂੰ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਸੀ।