ਕੋਹਰੇ ਦੀ ਮਾਰ ਨਾਲ ਜਨ-ਜੀਵਨ ਪ੍ਰਭਾਵਿਤ ਤਾਪਮਾਨ ਦਾ ਡਿੱਗਣਾ ਜਾਰੀ
Monday, Dec 24, 2018 - 06:15 AM (IST)

ਲੁਧਿਆਣਾ, (ਸਲੂਜਾ)- ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਕੋਹਰੇ ਦੀ ਮਾਰ ਨਾਲ ਜਨ ਜੀਵਨ ਪ੍ਰਭਾਵਿਤ ਹੋਣ ਲੱਗਾ ਹੈ। ਖੁੱਲ੍ਹੇ ਇਲਾਕਿਆਂ ਵਿਚ ਤਾਂ ਸੰਘਣੇ ਕੋਹਰੇ ਦਾ ਕਹਿਰ ਇੰਨਾ ਜ਼ਿਆਦਾ ਹੈ ਕਿ ਕੁਝ ਦੂਰੀ ’ਤੇ ਜਾ ਰਿਹਾ ਵਾਹਨ ਨਜ਼ਰ ਤੱਕ ਨਹੀਂ ਆਉਂਦਾ।
ਸੀਤ ਲਹਿਰ ਦੇ ਆਪਣੇ ਰੰਗ ਵਿਚ ਆਉਣ ਨਾਲ ਪਹਾਡ਼ੀ ਇਲਾਕਿਆਂ ਦੀ ਤਰ੍ਹਾਂ ਮੈਦਾਨੀ ਇਲਾਕਿਆਂ ਵਿਚ ਠੰਡ ਝੰਜੋਡ਼ ਕੇ ਰੱਖ ਦੇਣ ਵਾਲੀ ਪੈਣ ਲੱਗੀ ਹੈ। ਘੱਟੋ-ਘੱਟ ਤਾਪਮਾਨ ਦਾ ਪਾਰਾ ਲਗਾਤਾਰ ਡਿੱਗਣਾ ਜਾਰੀ ਹੈ। ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 20 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਰਿਹਾ। ਮੌਸਮ ਮਾਹਰਾਂ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਤਾਪਮਾਨ ਦਾ ਪਾਰਾ ਹੋਰ ਡਿੱਗੇਗਾ। ਸਵੇਰੇ ਅਤੇ ਸ਼ਾਮ ਨੂੰ ਕੋਹਰਾ ਡਿੱਗਣ ਦੀ ਸੰਭਾਵਨਾ ਬਣੀ ਰਹੇਗੀ।
ਕਣਕ ਦੀ ਫਸਲ ਲਈ ਠੰਡ ਫਾਇਦੇਮੰਦ
ਖੇਤੀ ਮਾਹਰਾਂ ਨੇ ਦੱਸਿਆ ਕਿ ਮੌਜੂਦਾ ਮੌਸਮ ਕਣਕ ਦੀ ਫਸਲ ਲਈ ਲਾਹੇਵੰਦ ਹੈ। ਜ਼ਿਆਦਾ ਕੋਹਰਾ ਸਬਜ਼ੀਆਂ ਲਈ ਘਾਤਕ ਸਾਬਤ ਹੋ ਸਕਦਾ ਹੈ। ਕਿਸਾਨ ਮੌਜੂਦਾ ਹਾਲਾਤਾਂ ਵਿਚ ਪੀ. ਏ. ਯੂ. ਵਿਗਿਆਨਕ ਦੀ ਸਲਾਹ ਅਤੇ ਟੈਕਨਾਲੋਜੀ ਮੁਤਾਬਕ ਖੇਤੀ ਕਰਨ ਨੂੰ ਪਹਿਲ ਦੇਣ।
ਪਾਲਤੂ ਜਾਨਵਰਾਂ ਦੀ ਕਰੋ ਸੰਭਾਲ
ਗਡਵਾਸੂ ਯੂਨੀਵਰਸਿਟੀ ਦੇ ਵੈਟਰਨਰੀ ਡਾਕਟਰ ਕੀਰਤੀ ਦੁਆ ਨੇ ਦੱਸਿਆ ਕਿ ਠੰਡ ਦੇ ਮੌਸਮ ਵਿਚ ਆਪਣੇ ਪਾਲਤੂ ਜਾਨਵਰਾਂ ਦੀ ਜ਼ਿਆਦਾ ਸੰਭਾਲ ਕਰਨ ਦੀ ਜ਼ਰੂਰਤ ਪੈਂਦੀ ਹੈ। ਜਿਥੇ ਵੀ ਤੁਹਾਡਾ ਡਾਗ ਆਰਾਮ ਫਰਮਾਉਂਦਾ ਹੈ। ਉਥੇ ਫਰਸ਼ ’ਤੇ ਗਰਮ ਕੱਪਡ਼ਾ ਵਿਛਾ ਕੇ ਰੱਖੋ। ਜੇਕਰ ਤੁਹਾਨੂੰ ਲੱਗੇ ਕਿ ਤੁਹਾਡਾ ਪਾਲਤੂ ਜਾਨਵਰ ਠੰਡ ਲੱਗਣ ਦੀ ਵਜ੍ਹਾ ਨਾਲ ਕੁਝ ਅਨਫਿਟ ਹੋ ਗਿਆ ਹੈ ਤਾਂ ਉਸਨੂੰ ਬਿਨਾਂ ਕਿਸੇ ਦੇਰੀ ਦੇ ਵੈਟਰਨਰੀ ਡਾਕਟਰ ਕੋਲ ਲੈ ਕੇ ਜਾਓ ਅਤੇ ਰੈਗੂਲਰ ਇਲਾਜ ਕਰਵਾਓ।
ਕੋਹਰਾ ਪਾਵਰਕਾਮ ’ਤੇ ਭਾਰੀ
ਕੋਹਰਾ ਪੈਂਦਿਅਾਂ ਹੀ ਪਾਵਰਕਾਮ ਦੇ ਫਿਊਜ਼ ਉੱਡਣ ਲੱਗੇ ਹਨ, ਜਿਸ ਨਾਲ ਸਥਾਨਕ ਨਗਰੀ ਦੇ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਗੁਲ ਹੋਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ ਕੁਦਰਤੀ ਆਫਤ ਸਮੇਂ ਬਿਜਲੀ ਵਿਭਾਗ ਬਿਜਲੀ ਦੀ ਸਪਲਾਈ ਰੈਗੂਲਰ ਰੱਖ ਸਕਣ ’ਚ ਅਸਮਰੱਥ ਹੈ। ਉਨ੍ਹਾਂ ਨੇ ਹਰ ਵਰਗ ਦੇ ਲੋਕਾਂ ਨੂੰ ਮੌਜੂਦਾ ਹਾਲਾਤ ਵਿਚ ਪਾਵਰਕਾਮ ਨਾਲ ਸਹਿਯੋਗ ਕਰਨ ਦੀ ਪੁਰਜ਼ੋਰ ਅਪੀਲ ਕੀਤੀ ।
ਬੱਚਿਆਂ ਤੇ ਬਜ਼ੁਰਗਾਂ ਦਾ ਰੱਖੋ ਵਿਸ਼ੇਸ਼ ਧਿਆਨ
ਡਾ. ਸੰਦੀਪ ਚੌਹਾਨ ਨੇ ਲੋਕਾਂ ਨੂੰ ਇਹ ਸਲਾਹ ਦਿੱਤੀ ਕਿ ਉਹ ਪੈ ਰਹੀ ਠੰਡ ਦੌਰਾਨ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਣ। ਜੇਕਰ ਤੁਸੀਂ ਦਿਲ ਦੇ ਰੋਗ ਤੋਂ ਪੀਡ਼ਤ ਹੋ ਤਾਂ ਕੋਹਰੇ ਦੌਰਾਨ ਸੈਰ ਕਰਨ ਨਾ ਜਾਓ।
ਲੁਧਿਆਣਾ, 23 ਦਸੰਬਰ (ਜ.ਬ.)-ਸੰਘਣੇ ਕੋਹਰੇ ਅਤੇ ਭਾਰੀ ਧੁੰਦ ਨੇ ਲੁਧਿਆਣਾ ਸਮੇਤ ਪੂਰੇ ਸੂਬੇ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ। ਕੋਹਰੇ ਤੇ ਧੁੰਦ ਕਾਰਨ ਰੋਜ਼ਮਰ੍ਹਾ ਜੀਵਨ ਦੀ ਰਫਤਾਰ ਤਾਂ ਢਿੱਲੀ ਹੋ ਹੀ ਜਾਂਦੀ ਹੈ, ਨਾਲ ਹੀ ਸਡ਼ਕਾਂ ’ਤੇ ਹਾਦਸਿਅਾਂ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਧੁੰਦ ਦੇ ਦਿਨਾਂ ਵਿਚ ਹਰ ਸਾਲ ਕਈ ਲੋਕ ਸਡ਼ਕ ਹਾਦਸਿਆਂ ਵਿਚ ਜਾਨ ਗੁਆ ਦਿੰਦੇ ਹਨ ਜਾਂ ਫਿਰ ਉਮਰ ਭਰ ਲਈ ਅੰਗਹੀਣ ਹੋ ਜਾਂਦੇ ਹਨ।
ਅਜਿਹੇ ਵਿਚ ਸੰਘਣੇ ਕੋਹਰੇ ਤੇ ਧੁੰਦ ਦਰਮਿਆਨ ਡਰਾਈਵਿੰਗ ਤੋਂ ਪ੍ਰਹੇਜ ਕਰਨਾ ਹੀ ਸਡ਼ਕ ਹਾਦਸਿਆਂ ਤੋਂ ਬਚਾਅ ਲਈ ਉਤਮ ਉਪਾਅ ਹੈ। ®ਜੇਕਰ ਕਿਸੇ ਮਜਬੂਰੀ ਕਾਰਨ ਵਿਚਕਾਰ ਸਡ਼ਕ ’ਤੇ ਗੱਡੀ ਲੈ ਕੇ ਨਿਕਲਣਾ ਵੀ ਪਵੇ ਤਾਂ ਕੁਝ ਬਚਾਅ ਰੱਖਣੇ ਚਾਹੀਦੇ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ। ਉਥੇ ਨਗਰ ਵਿਚ ਨਿਰਮਾਣ ਅਧੀਨ ਹਾਈਵੇ ’ਤੇ ਕਈ ਜਗ੍ਹਾ ਪਏ ਟੋਏ ਅਤੇ ਡਾਇਵਰਸ਼ਨ ਦੇ ਸਹੀ ਬੋਰਡ ਨਾ ਲੱਗੇ ਹੋਣਾ ਵੀ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ, ਜਿਨ੍ਹਾਂ ’ਤੇ ਏਜੰਸੀਆਂ ਨੂੰ ਧਿਆਨ ਦੇਣ ਦੀ ਲੋਡ਼ ਹੈ।
ਹਾਦਸਿਆਂ ਦੇ ਲਿਹਾਜ਼ ਨਾਲ ਨਗਰ ਤੋਂ ਲੰਘਦੀ ਦਿੱਲੀ-ਜਲੰਧਰ ਜੀ. ਟੀ. ਰੋਡ ਸਭ ਤੋਂ ਵੱਧ ਸੰਵੇਦਨਸ਼ੀਲ ਹੈ। ਇਸ ਰੋਡ ’ਤੇ ਹਰ ਸਾਲ ਹਾਦਸਿਆਂ ਵਿਚ ਦਰਜਨਾਂ ਲੋਕ ਸਮੇਂ ਤੋਂ ਪਹਿਲਾਂ ਹੀ ਮੌਤ ਦਾ ਗ੍ਰਾਸ ਬਣ ਜਾਂਦੇ ਹਨ। ਉਥੇ ਨਗਰ ਵਿਚ ਕੋਹਰੇ ਤੇ ਧੁੰਦ ਤੋਂ ਬਚਾਅ ਲਈ ਟਰੈਫਿਕ ਪੁਲਸ, ਟਰਾਂਸਪੋਰਟ ਵਿਭਾਗ ਤੇ ਟੈਂਪੂ-ਟਰੱਕ ਯੂਨੀਅਨਾਂ ਵੀ ਅਾਪਣੇ ਪੱਧਰ ’ਤੇ ਕੰਮ ਕਰ ਰਹੀਆਂ ਹਨ।
ਯੂਨੀਅਨ ਲਾਵੇਗੀ ਵਾਹਨਾਂ ’ਤੇ ਰਿਫਲੈਕਟਰ : ਘਰੌਡ਼
ਨਗਰ ਦੀ ਪ੍ਰਮੁੱਖ ਟਰਾਂਸਪੋਰਟ ਸੰਸਥਾ ਆਲ ਟੈਂਪੂ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਘਰੌਡ਼ ਦਾ ਕਹਿਣਾ ਹੈ ਕਿ ਕਮਰਸ਼ੀਅਲ ਵਾਹਨਾਂ ਪਿੱਛੇ ਲਾਲ, ਸਾਈਡਾਂ ’ਤੇ ਪੀਲੀ ਤੇ ਅੱਗੇ ਸਫੈਦ ਰੰਗ ਦੀ ਰਿਫਲੈਕਟਿਵ ਟੇਪ ਲੱਗਣੀ ਹੈ। ਉਨ੍ਹਾਂ ਦੀ ਯੂਨੀਅਨ ਚਾਲਕਾਂ ਨੂੰ ਸਸਤੇ ਰੇਟ ’ਤੇ ਰਿਫਲੈਕਟਿਵ ਟੇਪ ਲਾ ਕੇ ਦੇਵੇਗੀ ਤੇ ਇਸ ਸਬੰਧੀ ਆਉਣ ਵਾਲੇ ਦਿਨਾਂ ਵਿਚ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜੇਕਰ ਫਿਰ ਵੀ ਕੋਈ ਚਾਲਕ ਟੇਪ ਲਗਵਾਉਣ ਦੀ ਆਰਥਿਕ ਹਾਲਾਤ ’ਚ ਨਾ ਹੋਇਆ ਤਾਂ ਉਸ ਨੂੰ ਇਹ ਟੇਪ ਮੁਫਤ ਲਾ ਕੇ ਦਿੱਤੀ ਜਾਵੇਗੀ।
ਚਾਲਕਾਂ ਨੂੰ ਧੁੰਦ ’ਚ ਡਰਾਈਵਿੰਗ ਪ੍ਰਤੀ ਜਾਗਰੂਕ ਕਰ ਰਿਹੈ ਟਰਾਂਸਪੋਰਟ ਵਿਭਾਗ : ਆਰ. ਟੀ. ਏ.
ਆਰ. ਟੀ. ਏ. ਸੈਕਟਰੀ ਲਵਜੀਤ ਕਲਸੀ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਧੁੰਦ ਤੇ ਕੋਹਰੇ ਵਿਚ ਡਰਾਈਵਿੰਗ ਲਈ ਚਾਲਕਾਂ ਨੂੰ ਸਾਵਧਾਨੀਆਂ ਵਰਤਣ ਲਈ ਜਾਗਰੂਕ ਕਰ ਰਿਹਾ ਹੈ। ਬੀਤੇ ਦਿਨੀਂ ਵਿਭਾਗ ਨੇ ਬੁੱਢੇਵਾਲ ਸ਼ੂਗਰ ਮਿੱਲ ਵਿਚ ਸਮਾਰੋਹ ਆਯੋਜਿਤ ਕਰ ਕੇ ਮੌਜੂਦ ਟਰੈਕਟਰ-ਟਰਾਲੀ ਚਾਲਕਾਂ ਤੇ ਆਲੇ-ਦੁਆਲੇ ਦੀਆਂ ਫੈਕਟਰੀਆਂ ਤੋਂ ਚਾਲਕਾਂ ਨੂੰ ਇਕੱਠੇ ਕਰ ਕੇ ਉਨ੍ਹਾਂ ਨੂੰ ਜਾਗਰੂਕ ਕਰਦੇ ਹੋਏ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ ਸੀ। ਇਸ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਾਉਣ ਦੀ ਮੁਹਿੰਮ ਵੀ ਚਲਾ ਰਿਹਾ ਹੈ, ਜੋ ਜਾਰੀ ਰਹੇਗੀ। ਲੋਕਾਂ ਨੂੰ ਖੁਦ ਵੀ ਜਾਗਰੂਕ ਹੋਣਾ ਚਾਹੀਦਾ ਹੈ ਕਿ ਧੁੰਦ ਤੇ ਕੋਹਰੇ ਵਿਚ ਗੱਡੀ ਚਲਾਉਣ ਵਿਚ ਸਾਵਧਾਨੀ ਵਰਤਣੀ ਚਾਹੀਦੀ ਹੈ, ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।