ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਐੱਨ. ਆਰ. ਆਈ. ਭਰਾ ਦੀ ਜ਼ਮੀਨ ਵੇਚੀ, 3 ਨਾਮਜ਼ਦ

07/31/2021 2:33:23 PM

ਮੋਗਾ (ਆਜ਼ਾਦ): ਕੈਨੇਡਾ ਰਹਿੰਦੇ ਐੱਨ. ਆਰ. ਆਈ. ਅਮਰਜੀਤ ਸਿੰਘ ਨਿਵਾਸੀ ਫਤਿਹਗੜ੍ਹ ਕੋਰੋਟਾਨਾ ਦੀ ਜ਼ਮੀਨ ਅਤੇ ਮਕਾਨ ਉਸਦੇ ਸਕੇ ਭਰਾ ਵੱਲੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਧਰਮਕੋਟ ਪੁਲਸ ਵੱਲੋਂ ਜਾਂਚ ਦੇ ਬਾਅਦ ਜੋਗਿੰਦਰ ਸਿੰਘ, ਚਾਨਣ ਸਿੰਘ, ਲਾਲ ਸਿੰਘ ਨਿਵਾਸੀ ਫਹਿਤਗੜ੍ਹ ਕੋਰੋਟਾਨਾ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਮਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਨੇ ਕਿਹਾ ਕਿ ਉਹ ਕੈਨੇਡਾ ਸਿਟੀਜਨ ਹੈ ਅਤੇ ਉਸਦੀ ਆਪਣੇ ਪਿੰਡ ਜ਼ਮੀਨ ਅਤੇ ਮਕਾਨ ਸੀ। ਦੋਸ਼ੀ ਜੋਗਿੰਦਰ ਸਿੰਘ ਨੇ 1997 ਵਿਚ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਕਿਸੇ ਹੋਰ ਵਿਅਕਤੀ ਨੂੰ ਮੇਰੀ ਜਗ੍ਹਾ ਖੜਾ ਕਰ ਕੇ ਮੇਰੀ 3 ਕਨਾਲ ਜ਼ਮੀਨ ਅਤੇ ਇਕ ਕਨਾਲ 13 ਮਰਲੇ ਘਰ ਵਾਲੀ ਜਗ੍ਹਾ ਚਾਨਣ ਸਿੰਘ ਨੂੰ ਵੇਚ ਦਿੱਤੀ। ਦੋਸ਼ੀ ਲਾਲ ਸਿੰਘ ਨੇ ਤਿਆਰ ਕੀਤੇ ਗਏ ਜਾਅਲੀ ਮੁਖਤਿਆਰ ਨਾਮੇ ’ਤੇ ਬਤੌਰ ਗਵਾਹ ਦਸਤਖ਼ਤ ਕੀਤੇ ਸਨ। ਇਸ ਤਰ੍ਹਾਂ ਮੇਰੇ ਭਰਾ ਨੇ ਦੋਸ਼ੀਆਂ ਨਾਲ ਮਿਲੀਭੁਗਤ ਕਰ ਕੇ ਮੇਰੇ ਨਾਲ ਧੋਖਾ ਕੀਤਾ ਹੈ। ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਧਰਮਕੋਟ ਵੱਲੋਂ ਕੀਤੀ ਗਈ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਧਰਮਕੋਟ ਪੁਲਸ ਵੱਲੋਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Shyna

Content Editor

Related News