ਜਾਅਲੀ ਦਸਤਾਵੇਜ਼ ਤਿਆਰ ਕਰਕੇ 5 ਮਰਲੇ ਜਗ੍ਹਾ ਹੜੱਪੀ, 5 ਵਿਰੁੱਧ ਮਾਮਲਾ ਦਰਜ

Thursday, Mar 14, 2019 - 03:34 PM (IST)

ਜਾਅਲੀ ਦਸਤਾਵੇਜ਼ ਤਿਆਰ ਕਰਕੇ 5 ਮਰਲੇ ਜਗ੍ਹਾ ਹੜੱਪੀ, 5 ਵਿਰੁੱਧ ਮਾਮਲਾ ਦਰਜ

ਮੋਗਾ (ਅਜ਼ਾਦ)—ਬੱਸ ਸਟੈਂਡ ਮੋਗਾ ਦੇ ਨੇੜੇ ਚੱਕੀ ਵਾਲੀ ਗਲੀ ਦੇ ਕੋਲ ਕੁੱਝ ਵਿਅਕਤੀਆਂ ਵਲੋਂ ਕਥਿਤ ਮਿਲੀਭੁਗਤ ਕਰਕੇ 5 ਮਰਲੇ ਜਗ੍ਹਾ ਜਾਅਲੀ ਦਸਤਾਵੇਜ਼ ਤਿਆਰ ਕਰਕੇ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਸਪਾਲ ਕੌਰ ਪਤਨੀ ਪਰਮਿੰਦਰ ਸਿੰਘ ਨਿਵਾਸੀ ਚੱਕੀ ਵਾਲੀ ਗਲੀ ਮੋਗਾ ਦੀ ਸ਼ਿਕਾਇਤ 'ਤੇ ਅਮਰਜੀਤ ਸਿੰਘ ਨਿਵਾਸੀ ਪਿੰਡ ਰਾਜੇਆਣਾ, ਜਸਪਾਲ ਸਿੰਘ ਅਤੇ ਉਸਦੀ ਪਤਨੀ ਮੀਨਾ ਰਾਣੀ, ਬੂਟਾ ਸਿੰਘ ਅਤੇ ਉਸਦੀ ਪਤਨੀ ਛਿੰਦਰਪਾਲ ਕੌਰ ਸਾਰੇ ਨਿਵਾਸੀ ਪਿੰਡ ਠੱਠੀ ਭਾਈ ਦੇ ਖਿਲਾਫ ਥਾਣਾ ਸਿਟੀ ਮੋਗਾ ਵਿਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। 

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਸਪਾਲ ਕੌਰ ਨੇ ਕਿਹਾ ਕਿ ਉਸਦਾ ਦਾਦਾ ਸਹੁਰਾ ਬਲਵੰਤ ਸਿੰਘ ਜੋ ਪੰਜਾਬ ਪੁਲਸ ਵਿਚ ਸਰਵਿਸ ਕਰਦਾ ਸੀ ਦੇ ਨਾਮ ਤੇ ਬੱਸ ਸਟੈਂਡ ਦੇ ਨੇੜੇ ਇਕ 5 ਮਰਲੇ ਦਾ ਪਲਾਟ ਸੀ। ਉਸ ਦੀ ਮੌਤ 16 ਮਾਰਚ, 1984 ਨੂੰ ਹੋ ਗਈ, ਜਿਸ ਦੇ ਬਾਅਦ ਉਕਤ ਪਲਾਟ ਦਾ ਮੇਰੇ ਸਹੁਰੇ ਸ਼ਵਿੰਦਰ ਪਾਲ ਸਿੰਘ ਦੇ ਨਾਮ ਵਿਰਾਸਤ ਇੰਤਕਾਲ ਦਰਜ ਹੋ ਗਿਆ, ਪਰ ਉਸਦੀ ਵੀ 20 ਜੂਨ 2006 ਵਿਚ ਮੌਤ ਹੋ ਗਈ, ਜਿਸ ਤੇ ਉਕਤ ਪਲਾਟ ਦਾ ਵਿਰਾਸ ਇੰਤਕਾਲ ਮੇਰੀ ਸੱਸ ਜਸਵਿੰਦਰ ਕੌਰ ਦੇ ਨਾਮ ਦਰਜ ਹੋਇਆ, ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸਦੀ ਸੱਸ ਜਸਵਿੰਦਰ ਕੌਰ 21 ਮਈ 2009 ਨੂੰ ਅਚਾਨਕ ਗੁੰਮ ਹੋ ਗਈ, ਜਿਸ ਦੀ ਸ਼ਿਕਾਇਤ ਅਸੀਂ ਥਾਣਾ ਸਿਟੀ ਮੋਗਾ ਵਿਚ ਦਰਜ ਕਰਵਾਈ। ਉਸਨੇ ਕਿਹਾ ਕਿ ਉਸਦੇ 9 ਸਾਲ ਬਾਅਦ ਉਕਤ ਪਲਾਟ ਦਾ ਇੰਤਕਾਲ ਮੇਰੇ ਪਤੀ ਪਰਮਿੰਦਰ ਸਿੰਘ ਅਤੇ ਮੇਰੇ ਨਾਮ ਮਾਲ ਰਿਕਾਰਡ ਵਿਚ ਦਰਜ ਹੋ ਗਿਆ, ਜਿਸ ਦੇ ਅਸੀਂ ਮਾਲਕ ਅਤੇ ਵਾਰਿਸ ਹਾਂ। ਉਕਤ ਪਲਾਟ ਵਿਚ ਇਮਾਰਤ ਵੀ ਬਣੀ ਹੋਈ ਹੈ। ਜਦ ਅਸੀਂ ਉਕਤ ਇਮਾਰਤ ਦੀ ਦੇਖਭਾਲ ਕਰਨ ਦੇ ਲਈ ਉੱਥੇ ਚੱਕਰ ਮਾਰਨ ਦੇ ਲਈ ਗਏ ਤਾਂ ਉਥੇ ਜਸਪਾਲ ਸਿੰਘ ਉਰਫ ਪਾਲੀ ਨਿਵਾਸੀ ਪਿੰਡ ਠੱਠੀ ਭਾਈ ਆ ਗਿਆ ਅਤੇ ਕਿਹਾ ਕਿ ਉਕਤ ਇਮਾਰਤ ਸਾਡੀ ਹੈ, ਤੁਸੀਂ ਇੱਥੋਂ ਚਲੇ ਜਾਓ। ਜਦ ਅਸੀਂ ਉਨਾਂ ਨੂੰ ਜਗ੍ਹਾ ਦੇ ਦਸਤਾਵੇਜ ਦਿਖਾਉਣ ਨੂੰ ਕਿਹਾ ਤਾਂ ਉਸਨੇ ਸਾਨੂੰ ਫਰਜੀ ਤੌਰ ਤੇ ਤਿਆਰ ਕੀਤੇ ਗਏ ਮਾਲ ਵਿਭਾਗ ਦੇ ਦਸਤਾਵੇਜ ਦਿਖਾ ਦਿੱਤੇ ਅਤੇ ਸਾਨੂੰ ਧਮਕੀਆਂ ਵੀ ਦਿੱਤੀਆਂ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਹ ਸਾਡੀ ਜ਼ਾਇਦਾਦ ਹੜੱਪਣਾ ਚਾਹੁੰਦਾ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਦੀ ਜਾਂਚ ਦਾ ਆਦੇਸ਼ ਐਂਟੀ ਹਿਊਮਨ ਟ੍ਰੈਫਕਿੰਗ ਸੈਲ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਪਤਾ ਲੱਗਾ ਕਿ ਬਲਵੰਤ ਸਿੰਘ ਪੁੱਤਰ ਸ਼ੇਰ ਸਿੰਘ ਮੋਗਾ ਦੇ ਨਾਮ ਇਕ ਇਕ 5 ਮਰਲੇ ਦਾ ਪਲਾਟ ਚੱਕੀ ਵਾਲੀ ਗਲੀ ਮੋਗਾ ਵਿਚ ਸਥਿਤ ਹੈ ਜਿਸ ਵਿਚ ਇਕ ਕਮਰਾ ਬਣਾ ਹੋਇਆ ਸੀ।

ਉਹ ਪੰਜਾਬ ਪੁਲਸ ਅੰਮ੍ਰਿਤਸਰ ਵਿਚ ਨੌਕਰੀ ਕਰਦਾ ਸੀ। ਉਹ ਬੱਸ ਰਾਹੀਂ ਆਉਂਦਾ ਜਾਂਦਾ ਸੀ, ਜਿਸ ਤੇ ਉਸਦੀ ਪੰਜਾਬ ਰੋਡਵੇਜ਼ ਮੋਗਾ ਦੇ ਮੁਲਾਜਮਾਂ ਦੇ ਨਾਲ ਜਾਣ ਪਹਿਚਾਣ ਹੋ ਗਈ ਅਤੇ ਉਨਾਂ ਉਕਤ ਕਮਰਾ ਅਮਰਜੀਤ ਸਿੰਘ ਨਿਵਾਸੀ ਪਿੰਡ ਰਾਜੇਆਣਾ, ਜਸਪਾਲ ਸਿੰਘ ਨਿਵਾਸੀ ਪਿੰਡ ਠੱਠੀ ਭਾਈ ਅਤੇ ਕੁੱਝ ਹੋਰ ਲੋਕਾਂ ਨੂੰ ਕਿਰਾਏ ਤੇ ਦੇ ਦਿੱਤਾ ਸੀ। ਬਲਵੰਤ ਸਿੰਘ ਦੀ 16 ਮਾਰਚ 1984 ਨੂੰ ਮੌਤ ਹੋਣ ਤੇ ਉਕਤ ਜਗ੍ਹਾ ਦਾ ਵਿਰਾਸਤ ਇੰਤਕਾਲ ਉਨਾਂ ਦੇ ਵਾਰਿਸਾਂ ਦੇ ਨਾਮ ਦਰਜ ਹੋ ਗਿਆ। ਬਾਅਦ ਵਿਚ ਕਥਿਤ ਦੋਸ਼ੀਆਂ ਜਸਪਾਲ ਸਿੰਘ ਅਤੇ ਬੂਟਾ ਸਿੰਘ ਨੇ ਕੁੱਝ ਹੋਰਾਂ ਨਾਲ ਮਿਲੀਭੁਗਤ ਕਰਕੇ ਮਾਲ ਵਿਭਾਗ ਵਿਚ ਜਾਅਲੀ ਦਸਤਾਵੇਜ਼ ਦੇ ਕੇ ਬਾਅਦ ਵਿਚ ਉਕਤ ਜਗ੍ਹਾ ਨੂੰ ਹੜੱਪਣ ਦਾ ਯਤਨ ਕੀਤਾ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ਤੇ ਕਥਿਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


author

Shyna

Content Editor

Related News