ਫੇਸਬੁੱਕ 'ਤੇ ਟਿੱਪਣੀ ਕਰ ਕਸੂਤਾ ਫਸਿਆ ਸਾਬਕਾ ਫ਼ੌਜੀ, ਕਾਰਵਾਈ ਲਈ ਕਿਸਾਨਾਂ ਕੀਤਾ ਪੁਲਸ ਚੌੰਕੀ ਦਾ ਘਿਰਾਓ

Saturday, Jun 12, 2021 - 05:32 PM (IST)

ਫੇਸਬੁੱਕ 'ਤੇ ਟਿੱਪਣੀ ਕਰ ਕਸੂਤਾ ਫਸਿਆ ਸਾਬਕਾ ਫ਼ੌਜੀ, ਕਾਰਵਾਈ ਲਈ ਕਿਸਾਨਾਂ ਕੀਤਾ ਪੁਲਸ ਚੌੰਕੀ ਦਾ ਘਿਰਾਓ

ਭਵਾਨੀਗੜ੍ਹ (ਕਾਂਸਲ,ਵਿਕਾਸ): ਸੋਸ਼ਲ ਮੀਡੀਆ 'ਤੇ ਇੱਕ ਸਾਬਕਾ ਫੌਜੀ ਵਲੋਂ ਕਿਸਾਨਾਂ ਦੇ ਖ਼ਿਲਾਫ਼ ਟਿੱਪਣੀ ਕਰਨ ਦੇ ਮਾਮਲੇ ਨੇ ਤੂਲ ਫੜ੍ਹ ਲਿਆ ਹੈ। ਇਸ ਸਬੰਧੀ ਸ਼ਨੀਵਾਰ ਨੂੰ 3 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਵਾਨੀਗੜ੍ਹ ਥਾਣੇ ’ਚ ਬਣੀ ਘਰਾਚੋਂ ਪੁਲਸ ਚੌਂਕੀ ਦਾ ਘਿਰਾਓ ਕਰਕੇ ਧਰਨਾ ਦਿੰਦਿਆਂ ਪੁਲਸ ਪ੍ਰਸ਼ਾਸਨ ਤੋਂ ਸਾਬਕਾ ਫੌਜੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। 

ਕੀ ਹੈ ਪੂਰਾ ਮਾਮਲਾ:
ਇਸ ਮੌਕੇ ’ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਕਿਯੂ (ਏਕਤਾ ਉਗਰਾਹਾਂ) ਤੇ ਭਾਕਿਯੂ (ਏਕਤਾ ਡਕੌਂਦਾ) ਦੇ ਆਗੂਆਂ ਪਿਆਰਾ ਸਿੰਘ, ਤਰਲੋਚਨ ਸਿੰਘ ਕਪਿਆਲ, ਸੁਖਦੇਵ ਸਿੰਘ ਬਾਲਦ, ਜਸਵੰਤ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ, ਤੇਜਾ ਸਿੰਘ ਤੇ ਮੇਜ਼ਰ ਸਿੰਘ ਬਾਲਦ ਕਲ੍ਹਾਂ ਨੇ ਦੱਸਿਆ ਕਿ ਪਿੰਡ ਕਪਿਆਲ ਦਾ ਇੱਕ ਸਾਬਕਾ ਫੌਜੀ ਜੋ ਪਿੰਡ 'ਚ ਹੀ ਸਰਕਾਰੀ ਸਕੀਮਾਂ ਅਧੀਨ ਚੱਲਦੇ ਕੰਮਾਂ ਦੀ ਦੇਖ-ਰੇਖ ਲਈ ਜੀ.ਓ.ਜੀ. (ਖ਼ੁਸ਼ਹਾਲੀ ਦੇ ਰਾਖੇ) ਵਜੋਂ ਸੇਵਾ ਨਿਭਾ ਰਿਹਾ ਹੈ, ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਫੇਸਬੁੱਕ ਉੱਪਰ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਹੇਠਾਂ ਕੁਮੈਂਟ ਬਾਕਸ ਵਿੱਚ ਕਿਸਾਨ ਵਰਗ ਪ੍ਰਤੀ ਮੰਦੀ ਸ਼ਬਦਾਵਲੀ ਵਰਤਦਿਆਂ ਕਿਸਾਨਾਂ ਖ਼ਿਲਾਫ਼ ਟਿੱਪਣੀ ਕਰ ਦਿੱਤੀ। ਕਿਸਾਨਾਂ ਦਾ ਕਹਿਣਾ ਸੀ ਕਿ ਇਸ ਬਾਬਤ ਘਰਾਚੋਂ ਚੌਕੀਂ ਵਿੱਚ ਸ਼ਿਕਾਇਤ ਕਰਨ 'ਤੇ ਵੀ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਨੂੰ ਮਜਬੂਰਨ ਪੁਲਸ ਚੌਕੀ ਦਾ ਘਿਰਾਓ ਕਰਨਾ ਪਿਆ। ਇਸ ਮੌਕੇ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਉਕਤ ਜੀ.ਓ.ਜੀ. ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ ਸਰਕਾਰ ਤੋਂ ਉਸ ਦੀਆਂ ਸੇਵਾਵਾਂ ਰੱਦ ਕਰਨ ਦੀ ਮੰਗ ਵੀ ਕੀਤੀ। ਨਾਲ ਹੀ ਕਿਸਾਨਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।ਧਰਨੇ 'ਚ ਪਹੁੰਚੇ ਡੀ.ਐੱਸ.ਪੀ. ਸੁਖਰਾਜ ਸਿੰਘ ਘੁੰਮਣ, ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਸਬੰਧੀ ਪੁਲਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਸ ਨੇ ਜੀ.ਓ.ਜੀ ਦੇ ਉੱਚ ਅਧਿਕਾਰੀਆਂ ਤੋਂ ਵੀ ਉਕਤ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਖ਼ਬਰ ਲਿਖੇ ਜਾਣ ਤੱਕ ਕਿਸਾਨ ਧਰਨੇ 'ਤੇ ਬੈਠੇ ਸਨ।

ਟਿੱਪਣੀ ਕਰਨ ਲਈ ਕਿਸਾਨਾਂ ਤੋਂ ਲਿਖ਼ਤੀ ਮੁਆਫੀ ਮੰਗ ਚੁੱਕਾ ਹਾਂ: ਹਰਪਾਲ ਸਿੰਘ
 ਓਧਰ ਜਦੋਂ ਜੀ.ਓ.ਜੀ. ਹਰਪਾਲ ਸਿੰਘ ਦਾ ਪੱਖ ਜਾਣਿਆ ਗਿਆ ਤਾਂ ਉਸਦਾ ਕਹਿਣਾ ਸੀ ਕਿ ਫੇਸਬੁੱਕ ’ਤੇ ਵੀਡੀਓ ਹੇਠਾਂ ਕੁਮੈਂਟ ਹੋ ਰਹੇ ਸਨ ਤੇ ਗਲਤੀ ਨਾਲ ਉਸ ਕੋਲੋਂ ਵੀ ਕੁਮੈਂਟ ਹੋ ਗਿਆ ਪਰ ਜਦੋਂ ਕਿਸਾਨਾਂ ਦੇ ਵਿਰੋਧ ਦਾ ਪਤਾ ਲੱਗਿਆ ਤਾਂ ਉਸ ਨੇ ਟਿੱਪਣੀ ਕਰਨ ਲਈ ਲਿਖ਼ਤੀ ਮੁਆਫੀ ਮੰਗ ਲਈ। ਇਨ੍ਹਾਂ ਹੀ ਨਹੀਂ ਕਿਸਾਨਾਂ ਦੇ ਕਹਿਣ 'ਤੇ ਉਸਦੇ ਵੱਲੋਂ ਆਪਣੀਆਂ ਜੀ.ਓ.ਜੀ ਦੀਆਂ ਸੇਵਾਵਾਂ ਤੋਂ ਅਸਤੀਫ਼ਾ ਵੀ ਲਿਖ ਕੇ ਭੇਜ ਦਿੱਤਾ ਹੈ।
 


author

Shyna

Content Editor

Related News