ਮਾਲਵਾ ਖਿੱਤੇ ’ਚ ਕੜਾਕੇ ਦੀ ਠੰਡ ਨੇ ਜ਼ਿੰਦਗੀ ਨੂੰ ਲਗਾਈਆਂ ‘ਬ੍ਰੇਕਾਂ’, 25 ਤੱਕ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ

Wednesday, Dec 21, 2022 - 07:06 PM (IST)

ਮੋਗਾ (ਗੋਪੀ ਰਾਊਕੇ) : ਮਾਲਵਾ ਖਿੱਤੇ 'ਚ ਪੈ ਰਹੀ ਭਾਰੀ ਠੰਡ ਨੇ ਲੋਕਾਂ ਦੀ ਜ਼ਿੰਦਗੀ ਦੀ ਰਫਤਾਰ ਨੂੰ ਬ੍ਰੇਕਾਂ ਲਗਾ ਦਿੱਤੀਆਂ ਹਨ। ਉੱਤਰੀ ਭਾਰਤ ’ਚ ਪਿਛਲੇ 3 ਦਿਨਾਂ ਤੋਂ ਛਾਈ ਸੰਘਣੀ ਧੁੰਦ ਕਾਰਨ ਜਨਜੀਵਨ ਪੂਰੀ ਤਰ੍ਹਾਂ ਲੀਹੋਂ ਲੱਥ ਗਿਆ ਹੈ ਅਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਦੂਰ-ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਇਸ ਦੌਰਾਨ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਮੌਸਮ ਵਿਭਾਗ ਵੱਲੋਂ ਲੰਘੇ 2 ਦਿਨ 19 ਅਤੇ 20 ਦਸੰਬਰ ਸੂਬੇ 'ਚ ਸਭ ਤੋਂ ਠੰਡੇ ਦਰਸਾਏ ਗਏ ਹਨ। ਇਹ ਵਰਤਾਰਾ 25 ਦਸੰਬਰ ਤੱਕ ਇਸੇ ਤਰ੍ਹਾਂ ਚੱਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ 4 ਨੌਜਵਾਨਾਂ ਨੂੰ ਅਣਪਛਾਤੀ ਕਾਰ ਨੇ ਦਰੜਿਆ, 2 ਦੀ ਮੌਤ

‘ਜਗ ਬਾਣੀ’ ਵੱਲੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਵਿਜ਼ੀਬਿਲਟੀ ਘੱਟ ਹੋਣ ਕਾਰਨ ਵਾਹਨਾਂ ਨੂੰ ਲਾਈਟਾਂ ਜਗ੍ਹਾ ਕੇ ਸੜਕਾਂ 'ਤੇ ਚੱਲਣਾ ਪੈ ਰਿਹਾ ਹੈ। ਇਸ ਕਾਰਨ ਮਾਲਵਾ ਖਿੱਤੇ 'ਚ ਹਾਦਸਿਆਂ ਵਿੱਚ ਵੀ ਵਾਧਾ ਹੋਇਆ ਹੈ। ਦਸੰਬਰ ਮਹੀਨੇ ਦੇ ਅੱਧ ਤੱਕ ਲਗਾਤਾਰ ਗਰਮੀ ਪੈਣ ਕਰਕੇ ਕਿਸਾਨ ਪ੍ਰੇਸ਼ਾਨ ਨਜ਼ਰ ਆ ਰਹੇ ਸਨ ਕਿਉਂਕਿ ਕਣਕ ਦੀ ਫਸਲ ਵੀ ਪ੍ਰਭਾਵਿਤ ਹੋ ਰਹੀ ਸੀ ਅਤੇ ਖੇਤੀ ਮਾਹਿਰਾਂ ਨੇ ਵੀ ਲਗਾਤਾਰ ਗਰਮੀ ਪੈਣ ਕਰਕੇ ਇਸ ਨੂੰ ਕਣਕ ਦੀ ਫਸਲ ਲਈ ਨੁਕਸਾਨਦਾਇਕ ਦੱਸਿਆ ਸੀ। ਖੇਤੀ ਮਾਹਿਰ ਇਸ ਕਰਕੇ ਵੀ ਚਿੰਤਤ ਸਨ ਕਿਉਂਕਿ ਪਿਛਲੇ ਵਰ੍ਹੇ ਗਰਮੀ ਪੈਣ ਕਰਕੇ ਕਣਕ ਦਾ ਦਾਣਾ ਸੁੰਗੜ ਗਿਆ ਸੀ, ਜਿਸ ਕਾਰਨ ਕਣਕ ਦਾ ਝਾੜ ਘਟਿਆ ਸੀ।

ਇਹ ਵੀ ਪੜ੍ਹੋ : ਟਰੱਕ ਯੂਨੀਅਨਾਂ ਨੇ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ ’ਤੇ ਲਾਇਆ ਧਰਨਾ, 15 ਕਿਲੋਮੀਟਰ ਤੱਕ ਲੱਗਾ ਰਿਹਾ ਜਾਮ

ਦੂਜੇ ਪਾਸੇ ਸੰਘਣੀ ਧੁੰਦ ਕਾਰਨ ਪੰਜਾਬ ਸਰਕਾਰ ਵੱਲੋਂ ਬੀਤੇ ਕੱਲ੍ਹ ਨਿਰਦੇਸ਼ ਦਿੱਤੇ ਗਏ ਸਨ ਕਿ ਪੰਜਾਬ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ 10 ਵਜੇ ਖੋਲ੍ਹਿਆ ਜਾਵੇ। ਪਤਾ ਲੱਗਾ ਹੈ ਕਿ ਮੋਗਾ ਜ਼ਿਲ੍ਹੇ 'ਚ ਸਾਰੇ ਸਕੂਲਾਂ ਨੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਲਵਜੀਤ ਸਿੰਘ ਦੱਦਾਹੂਰ ਦਾ ਕਹਿਣਾ ਸੀ ਕਿ ਇਹ ਠੰਡ ਹਾੜ੍ਹੀ ਦੀ ਫਸਲ ਕਣਕ ਲਈ ਬੇਹੱਦ ਲਾਹੇਵੰਦ ਹੈ ਅਤੇ ਜੇਕਰ ਮਾਰਚ ਮਹੀਨੇ ਤੱਕ ਠੰਡ ਰਹਿੰਦੀ ਹੈ ਤਾਂ ਕਣਕ ਦੇ ਝਾੜ 'ਚ ਰਿਕਾਰਡਤੋੜ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਲੁਟੇਰਿਆਂ ਨੇ ਘੇਰ ਲਿਆ ਕੰਮ ਤੋਂ ਆਉਂਦਾ ਮੁੰਡਾ, ਲਾਗਲੇ ਪਿੰਡ ਵਾਲਿਆਂ ਨੇ ਇੰਝ ਭਜਾਏ ਚੋਰ (ਵੀਡੀਓ)

ਹੌਜ਼ਰੀ ਤੇ ਰੂਮ ਹੀਟਰ ਵੇਚਣ ਵਾਲਿਆਂ ਦੀ ਬਣੀ ਚਾਂਦੀ

ਦਸੰਬਰ ਮਹੀਨਾ ਆਖਰੀ ਪਲਾਂ ਤੱਕ ਪਹੁੰਚਣ ’ਤੇ ਵੀ ਜਦੋਂ ਠੰਡ ਨਾ ਪਈ ਤਾਂ ਹੌਜ਼ਰੀ ਅਤੇ ਰੂਮ ਹੀਟਰ ਵੇਚਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਅਸਲੋਂ ਚਿੰਤਤ ਸਨ ਕਿ ਪਰ 2 ਦਿਨ ਪਹਿਲਾਂ ਜਿਉਂ ਹੀ ਠੰਡ ਪੈਣ ਲੱਗੀ ਤਾਂ ਇਨ੍ਹਾਂ ਕਾਰੋਬਾਰਾਂ ਨਾਲ ਜੁੜੇ ਲੋਕਾਂ ਦੀ ਇਕਦਮ ਚਾਂਦੀ ਹੋ ਗਈ। ਰੂਮ ਹੀਟਰ ਵੇਚਣ ਵਾਲੇ ਇਕ ਦੁਕਾਨਦਾਰ ਦਾ ਕਹਿਣਾ ਸੀ ਕਿ ਪਹਿਲਾਂ ਇਕ ਤੋਂ ਦੋ ਰੂਮ ਹੀਟਰ ਵਿਕਦੇ ਸਨ, ਜਦਕਿ ਹੁਣ ਇਹ ਗਿਣਤੀ 20 ਤੋਂ 25 ਹੋ ਗਈ ਹੈ।

ਲੋਕਾਂ ਤੇ ਖਾਸ ਕਰ ਸਕੂਲ ਵੈਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕੀਤਾ ਸੁਚੇਤ : ਟ੍ਰੈਫਿਕ ਇੰਚਾਰਜ

ਇਸੇ ਦੌਰਾਨ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਨੇ ਕਿਹਾ ਕਿ ਠੰਡ ਵਧਣ ਕਰਕੇ ਟ੍ਰੈਫਿਕ ਪੁਲਸ ਵੱਲੋਂ ਜਿੱਥੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ, ਉਥੇ ਹੀ ਆਮ ਲੋਕਾਂ ਦੇ ਨਾਲ-ਨਾਲ ਸਕੂਲ ਵੈਨ ਚਾਲਕਾਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਸੁਚੇਤ ਕੀਤਾ ਜਾ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News