ਗੈਸ ਸਿਲੰਡਰ ਲੀਕ ਹੋਣ ਕਾਰਨ ਧਮਾਕਾ, ਤਿੰਨ ਝੁਲਸੇ
Monday, Jun 10, 2019 - 08:58 PM (IST)
ਜ਼ੀਰਕਪੁਰ(ਗੁਰਪ੍ਰੀਤ)- ਸੋਮਵਾਰ ਸਵੇਰੇ ਢਕੋਲੀ ਦੀ ਸਪੈਂਗਲ ਹਾਇਟਸ ਸੋਸਾਇਟੀ ਵਿਚ ਸਿਲੰਡਰ ਫਟਣ ਨਾਲ ਜ਼ੋਰਦਾਰ ਧਮਾਕਾ ਹੋਇਆ ਜਿਸ ਵਿਚ ਪਰਿਵਾਰ ਦੇ ਤਿੰਨ ਜੀਅ ਝੁਲਸ ਗਏ। ਜਾਣਕਾਰੀ ਅਨੁਸਾਰ ਢਕੋਲੀ ਦੇ ਸਪੈਂਗਲ ਹਾਇਟਸ ਸੋਸਾਇਟੀ ਵਿਚ ਸੋਮਵਾਰ ਸਵੇਰੇ 9 ਵਜੇ ਦੇ ਕਰੀਬ ਦੂਜੀ ਮੰਜਿਲ ਫਲੈਟ ਨੰਬਰ 53 ਵਿਚ ਧਮਾਕਾ ਹੋਇਆ ਜਿਸ ਵਿਚ ਪਰਿਵਾਰ ਦੇ ਤਿੰਨ ਜੀਅ ਗੰਭੀਰ ਰੂਪ ਨਾਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੰਚਕੂਲਾ ਸੈਕਟਰ 6 ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜਬਰਦਸਤ ਸੀ ਜਿਸ ਦੇ ਨਾਲ ਮਕਾਨ ਦੇ ਦਰਵਾਜੇ ਅਤੇ ਖਿੜਕੀਆਂ ਉੱਤੇ ਲੱਗੇ ਸ਼ੀਸ਼ੇ ਟੁੱਟ ਗਏ। ਧਮਾਕੇ ਦੀ ਆਵਾਜ਼ ਸੁਣਦੇ ਹੀ ਸੋਸਾਇਟੀ ਦੇ ਲੋਕ ਮੌਕੇ ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਪਹਿਲਾਂ ਪੰਚਕੂਲਾ ਸੈਕਟਰ-6 ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਹਾਦਸੇ ਵਿਚ 45 ਸਾਲਾਂ ਸੁਨੀਲ ਗਰਗ, ਉਨ੍ਹਾਂ ਦੀ 60 ਸਾਲਾਂ ਮਾਤਾ ਉਸ਼ਾ 60 ਅਤੇ ਉਨ੍ਹਾਂ ਦੀ ਨੌਕਰਾਣੀ ਰਾਜ ਰਾਣੀ ਝੁਲਸ ਗਈ।
ਸੋਸਾਇਟੀ ਵਿਚ ਪਾਈਪ ਰਾਹੀਂ ਗੈਸ ਦੀ ਸਪਲਾਈ ਕੀਤੀ ਜਾਂਦੀ ਹੈ, ਅੱਜ ਸਵੇਰੇ ਸੁਨੀਲ ਦੀ ਮਾਂ ਅਤੇ ਨੌਕਰਾਣੀ ਕੁੱਝ ਬਣਾਉਣ ਲਈ ਖੜ੍ਹੀਆਂ ਸਨ ਜਿਵੇਂ ਹੀ ਉਨ੍ਹਾਂ ਦੀ ਮਾਂ ਉਸ਼ਾ ਨੇ ਰੈਗੁਲੇਟਰ ਘੁਮਾਇਆ ਤਾਂ ਇਕ ਜ਼ੋਰਦਾਰ ਧਮਾਕਾ ਹੋਇਆ ਅਤੇ ਉਹ ਦੋਵੇਂ ਅੱਗ ਦੀ ਲਪੇਟ ਵਿਚ ਘਿਰ ਗਈਆਂ । ਧਮਾਕੇ ਦੀ ਅਵਾਜ ਸੁਣ ਕੇ ਸੁਨੀਲ ਨੇ ਬਾਹਰ ਆਕੇ ਵੇਖਿਆ ਤਾਂ ਉਨ੍ਹਾਂ ਦੀ ਮਾਂ ਅਤੇ ਨੌਕਰਾਣੀ ਲਪਟਾਂ ਵਿਚ ਘਿਰੀ ਹੋਈ ਸੀ। ਸੁਨੀਲ ਨੇ ਤੁਰੰਤ ਇਕ ਕੰਬਲ ਲਪੇਟ ਕੇ ਉਨ੍ਹਾਂ ਦੋਵਾਂ ਦੇ ਸਰੀਰ ਤੋਂ ਅੱਗ ਬੁਝਾਈ, ਅੱਗ ਬੁਝਾਉਂਦੇ ਹੋਏ ਸੁਨੀਲ ਦਾ ਹੱਥ ਵੀ ਝੁਲਸ ਗਿਆ। ਛੁੱਟੀਆਂ ਦੇ ਚਲਦੇ ਸੁਨੀਲ ਦੇ ਬੱਚੇ ਆਪਣੇ ਨਾਨਕੇ ਗਏ ਹੋਏ ਸਨ ਨਹੀਂ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ । ਫਿਲਹਾਲ ਅੱਗ ਕਿਵੇਂ ਲੱਗੀ ਧਮਾਕਾ ਕਿਵੇਂ ਹੋਇਆ, ਇਹ ਹੁਣ ਤਕ ਪਤਾ ਨਹੀਂ ਚੱਲ ਸਕਿਆ ।
ਸੁਨੀਲ ਗਰਗ ਨੇ ਦੱਸਿਆ ਕਿ ਸੋਮਵਾਰ ਸਵੇਰੇ 9 ਵਜੇ ਸਨ ਮੈਂ ਆਪਣੇ ਕਮਰੇ ਵਿਚ ਸੀ, ਉਸੀ ਦੌਰਾਨ ਕੁੱਝ ਹੀ ਪਲ ਵਿਚ ਤੇਜ਼ ਧਮਾਕੇ ਨਾਲ ਚੀਖਣ ਦੀ ਆਵਾਜ ਆਈ । ਮੈਂ ਭੱਜਕੇ ਗਿਆ ਤਾਂ ਵੇਖਿਆ ਮਾਂ ਦੇ ਕੱਪੜਿਆਂ ਵਿਚ ਅੱਗ ਲਗੀ ਹੋਈ ਹੈ, ਮੈਂ ਉਸ ਦੇ ਕੱਪੜੇ ਪਾੜਕੇ ਅੱਗ ਬੁਝਾਈ । ਨੌਕਰਾਣੀ ਰਾਜ ਰਾਣੀ ਵੀ ਝੁਲਸੀ ਹੋਈ ਸੀ । ਕਮਰੇ ਵਿਚ ਚਾਰੇ ਪਾਸੇ ਸਾਮਾਨ ਬਿਖਰਿਆ ਸੀ । ਦਰਵਾਜੇ ਅਤੇ ਖਿੜਕੀਆਂ ਟੁੱਟੇ ਪਏ ਸਨ । ਮਹੱਲੇ ਵਾਲਿਆਂ ਦੀ ਮਦਦ ਨਾਲ ਮਾਂ ਅਤੇ ਨੌਕਰਾਣੀ ਨੂੰ ਅਸੀਂ ਪੰਚਕੂਲਾ ਹਸਪਤਾਲ ਲੈ ਕੇ ਗਏ ।