ESI ਡਿਸਪੈਂਸਰੀ ਦੀ ਡਿਗੂੰ-ਡਿਗੂੰ ਕਰਦੀ ਇਮਾਰਤ ਕਿਸੇ ਵੱਡੇ ਦੁਖਾਂਤ ਦੀ ਉਡੀਕ
Tuesday, May 07, 2019 - 05:16 PM (IST)

ਨਾਭਾ (ਜੈਨ)—ਇੱਥੇ ਈ.ਐੈੱਸ. ਆਈ. ਡਿਸਪੈਂਸਰੀ 'ਚੋਂ ਰੋਜ਼ਾਨਾ ਸੈਂਕੜੇ ਵਰਕਰ ਦਵਾਈਆਂ ਲੈਂਦੇ ਹਨ। ਇਮਾਰਤ ਡਿਗੂੰ-ਡਿਗੂੰ ਕਰ ਰਹੀ ਹੈ। ਬਰਸਾਤ ਦੇ ਦਿਨਾਂ ਵਿਚ ਕੰਪਲੈਕਸ ਵਿਚ ਪਾਣੀ ਖੜ੍ਹ ਜਾਂਦਾ ਹੈ। ਕਮਰਿਆਂ ਦੀਆਂ ਛੱਤਾਂ ਚੋਂਦੀਆਂ ਹਨ। ਇਕ ਪਾਸੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਡਿਸਪੈਂਸਰੀ ਨੂੰ ਅਪਗ੍ਰੇਡ ਕਰ ਕੇ 100 ਬੈੱਡ ਦਾ ਹਸਪਤਾਲ ਬਣਾਇਆ ਜਾਵੇਗਾ। ਦੂਜੇ ਪਾਸੇ ਲੰਬੇ ਅਰਸੇ ਤੋਂ ਡਿਸਪੈਂਸਰੀ ਵਿਚ ਇਕ ਲੇਡੀ ਡਾਕਟਰ ਸਮੇਤ 3 ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਇਸ ਡਿਸਪੈਂਸਰੀ ਵਿਚ ਮਰੀਜ਼ਾਂ ਦੇ ਬੈਠਣ ਜਾਂ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਕੇਵਲ 2 ਫਾਰਮਾਸਿਸਟ ਨਰਿੰਦਰ ਸ਼ਰਮਾ ਤੇ ਨਰਿੰਦਰ ਮਲਹੋਤਰਾ ਹੀ 2 ਏ. ਐੈੱਨ. ਐੈੱਮਜ਼, ਇਕ ਚੌਥਾ ਦਰਜਾ ਮੁਲਾਜ਼ਮ ਤੇ 2 ਕਲਰਕਾਂ ਨਾਲ ਇਸ ਡਿਸਪੈਂਸਰੀ ਨੂੰ ਚਲਾ ਰਹੇ ਹਨ। ਇਨ੍ਹਾਂ ਨੇ ਖੁਦ ਹੀ ਇਸ ਇਮਾਰਤ ਵਿਚ ਫੁੱਲਾਂ ਦੇ ਬੂਟੇ ਲਾਏ ਤੇ ਪਾਣੀ ਦਾ ਪ੍ਰਬੰਧ ਕੀਤਾ ਪਰ ਖਸਤਾ ਇਮਾਰਤ ਕਿਸੇ ਵੱਡੇ ਦੁਖਾਂਤ ਦੀ ਉਡੀਕ ਕਰ ਰਹੀ ਹੈ।
ਦੂਜੇ ਪਾਸੇ ਸਿਵਲ ਹਸਪਤਾਲ ਵਿਚ ਲਗਭਗ ਡੇਢ ਦਰਜਨ ਡਾਕਟਰਾਂ 'ਚੋਂ 5-6 ਲੇਡੀ ਡਾਕਟਰ ਧੜੱਲੇ ਨਾਲ ਪ੍ਰਾਈਵੇਟ ਪ੍ਰੈਕਟਿਸ ਆਪਣੇ ਪਤੀਆਂ ਦੇ ਖੋਲ੍ਹੇ ਗਏ ਨਿੱਜੀ ਹਸਪਤਾਲਾਂ ਵਿਚ ਕਰਦੀਆਂ ਹਨ। ਇਸ ਕਾਰਣ ਸਿਹਤ ਵਿਭਾਗ ਦੀ ਕਿਰਕਿਰੀ ਹੋ ਰਹੀ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪ੍ਰਾਈਵੇਟ ਪ੍ਰੈਕਟਿਸ ਕਰਨ 'ਤੇ ਪਾਬੰਦੀ ਹੈ।