CM ਭਗਵੰਤ ਮਾਨ ਦੇ ਰੋਡ ਸ਼ੋਅ ਨੂੰ ਲੈ ਕੇ ਹਲਕੇ ਦੇ ਲੋਕਾਂ ਅਤੇ ਨੌਜਵਾਨਾਂ ''ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

06/21/2022 12:02:11 PM

ਭਵਾਨੀਗੜ੍ਹ (ਕਾਂਸਲ): ਸੰਗਰੂਰ ਵਿਖੇ ਹੋਣ ਜਾ ਰਹੀ ਲੋਕ ਸਭਾ ਦੀ ਉਪ ਚੋਣ ਲਈ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਢੇ ਜਾਣ ਵਾਲੇ ਰੋਡ ਸ਼ੋਅ ਵਿਚ ਭਵਾਨੀਗੜ੍ਹ ਵਿਖੇ ਵੱਡੀ ਗਿਣਤੀ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਪਹੁੰਚੇ ਹੋਏ ਸਨ। ਇਸ ਰੋਡ ਸ਼ੋਅ ਨੂੰ ਲੈ ਕੇ ਹਲਕੇ ਦੇ ਨੌਜਵਾਨਾਂ ਅਤੇ ਆਮ ਲੋਕਾਂ ਦੇ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਢੇ ਗਏ ਰੋਡ ਸ਼ੋਅ ਵਿਚ ਗੱਡੀਆਂ ਦਾ ਵੱਡਾ ਕਾਫ਼ਲਾ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ- ਆਪ’ ਅਕਾਲੀ ਦਲ ਅਤੇ ਕਾਂਗਰਸ ਵਾਂਗ ਪਰਿਵਾਰਵਾਦ ਨੂੰ ਉਤਸ਼ਾਹਿਤ ਨਹੀਂ ਕਰਦੀ : CM ਮਾਨ

ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਾਰਲੀਮੈਂਟ ਵਿਚ ਪੰਜਾਬ ਦੀ ਆਵਾਜ਼ ਬੰਦ ਨਹੀਂ ਹੋਣੀ ਚਾਹੀਦੀ। ਵਿਰੋਧੀ ਧਿਰਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਬਾਕੀ 12 ਉਮੀਦਵਾਰਾਂ ਤੋਂ ਕੋਈ ਉਮੀਦ ਨਾ ਕਰਿਓ ਕਿਉਂਕਿ ਉਹ ਤਾਂ ਸੰਸਦ ਵਿਚ ਸੌਂ ਕੇ ਹੀ ਮੁੜ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸੰਸਦ ਵਿਚ ਜਾ ਕੇ ਸੰਗਰੂਰ ਦੀ ਆਵਾਜ਼ ਕਿਸ ਤਰ੍ਹਾਂ ਉਠਾਉਣੀ ਹੈ, ਪੰਜਾਬ ਦੇ ਵਿਕਾਸ ਲਈ ਮੋਦੀ ਸਰਕਾਰ ਤੋਂ ਗਰਾਂਟਾਂ ਦਾ ਪੈਕੇਜ ਕਿਸ ਤਰ੍ਹਾਂ ਲਿਆਉਣਾ ਹੈ, ਸੰਸਦ 'ਚ ਪੰਜਾਬ ਦੇ ਹੱਕਾਂ ਦੀ ਆਵਾਜ਼ ਕਿਸ ਤਰ੍ਹਾਂ ਬੁਲੰਦ ਕਰਨੀ ਹੈ ਇਸ ਸਭ ਦੀ ਜਾਣਕਾਰੀ ਗੁਰਮੇਲ ਸਿੰਘ ਨੂੰ ਮੈਂ ਆਪ ਦੱਸਾਂਗਾ ਕਿਉਂਕਿ ਮੈਂ ਪਹਿਲਾਂ ਹੀ ਸਾਰੀ ਲੜਾਈ ਉੱਥੇ ਲੜ ਚੁੱਕਾ ਹਾਂ ਤੇ ਮੈਨੂੰ ਸੰਸਦ ਵਿਚ ਆਵਾਜ਼ ਉਠਾਉਣ ਦਾ ਪੂਰਾ ਤਜ਼ਰਬਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਇਹ ਸਮਝ ਲੈਣਾ ਕਿ ਤੁਸੀਂ ਮੈਨੂੰ ਹੀ ਦੁਬਾਰਾ ਸੰਸਦ ਵਿੱਚ ਭੇਜ ਰਹੇ ਹੋ। 

ਇਹ ਵੀ ਪੜ੍ਹੋ- ਸਿਮਰਨਜੀਤ ਮਾਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਕਦੇ ਨਹੀਂ ਖੜ੍ਹੇ : ਸੁਖਬੀਰ ਬਾਦਲ

ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਦੀਆਂ ਗੱਲਾਂ ਨੂੰ ਜ਼ਿਆਦਾ ਗੰਭੀਰਤਾ ਨਾਲ ਨਾ ਲਿਆ ਕਰੋ ਕਿਉਂਕਿ ਜੇਕਰ ਸੁਖਬੀਰ ਬਾਦਲ ਦੀਆਂ ਗੱਲਾਂ ਵਿੱਚ ਕੋਈ ਦਮ ਹੁੰਦਾ ਤਾਂ ਅੱਜ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਏਨੀ ਬੁਰੀ ਹਾਲਤ ਨਹੀਂ ਹੋਣੀ ਸੀ ਕਿ ਉਨ੍ਹਾਂ ਨੂੰ ਉਮੀਦਵਾਰ ਵੀ ਬਾਹਰੋਂ ਲਿਆ ਕੇ ਖੜ੍ਹੇ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਚੋਣ 'ਚ ਆਮ ਆਦਮੀ ਪਾਰਟੀ ਨੂੰ ਪਹਿਲਾਂ ਵਰਗਾ ਹੀ ਹੁੰਗਾਰਾ ਮਿਲ ਰਿਹਾ ਹੈ ਅਤੇ ਹਲਕੇ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਖੜੇ ਕੀਤੇ ਪਾਰਟੀ ਦੇ ਇਕ ਆਮ ਵਾਲੰਟੀਅਰ ਗੁਰਮੇਲ ਸਿੰਘ ਨੂੰ ਜਿਤਾ ਕੇ ਹੀ ਸੰਸਦ ਭੇਜਿਆ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਨਰਿੰਦਰ ਕੌਰ ਭਰਾਜ ਹਲਕਾ ਵਿਧਾਇਕ ਸੰਗਰੂਰ, ਚੇਤਨ ਸਿੰਘ ਜੌੜਾਮਾਜਰਾ ਵਿਧਾਇਕ ਸਮਾਣਾ, ਨੀਨਾ ਮਿੱਤਲ ਵਿਧਾਇਕ ਰਾਜਪੁਰਾ, ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਵਿਧਾਇਕ ਅਮਰਗੜ੍ਹ, ਗੁਰਲਾਲ ਸਿੰਘ ਵਿਧਾਇਕ ਘਨੌਰ, ਅਜੀਤਪਾਲ ਕੋਹਲੀ ਵਿਧਾਇਕ ਪਟਿਆਲਾ, ਗਾਇਕ ਬਲਕਾਰ ਸਿੱਧੂ ਹਲਕਾ ਵਿਧਾਇਕ ਰਾਮਪੁਰਾ ਫੂਲ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੌਜੂਦ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News