ਦੋਹਰੇ ਬਜ਼ੁਰਗ ਕਤਲ ਕਾਂਡ ’ਚ 2 ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲਸ ਦੇ ਹੱਥ ਖਾਲ੍ਹੀ
Wednesday, Mar 13, 2024 - 05:47 PM (IST)

ਬੁਢਲਾਡਾ (ਬਾਂਸਲ) : ਦੋਹਰੇ ਬਜ਼ੁਰਗ ਕਤਲ ਕਾਂਡ ਦੀ ਗੁੱਥੀ 2 ਮਹੀਨੇ ਬੀਤ ਜਾਣ ਦੇ ਬਾਅਦ ਵੀ ਪੁਲਸ ਕਾਂਤਲਾ ਤੱਕ ਨਾ ਪਹੁੰਚਣ ਦੇ ਰੋਸ ਵਜੋਂ ਪਿੰਡ ਅਹਿਮਦਪੁਰ ਦੇ ਸੈਂਕੜੇ ਲੋਕਾਂ ਨੇ ਸਥਾਨਕ ਗੁਰੂ ਘਰ ’ਚ ਇਕੱਠੇ ਹੋ ਕੇ ਪੁਲਸ ਖਿਲਾਫ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰੋਸ ਪ੍ਰਗਟ ਕਰਨ ਵਾਲਿਆਂ ਵਿਚ ਸਾਂਝੀ ਸੰਘਰਸ਼ ਕਮੇਟੀ ਦੇ ਮੈਂਬਰ ਜਗਮੇਲ ਸਿੰਘ ਖਾਲਸਾ, ਸਾਬਕਾ ਸਰਪੰਚ ਹੰਸਰਾਜ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਕਰਮ ਸਿੰਘ ਨੇ ਦੱਸਿਆ ਕਿ ਲਗਭਗ 1 ਮਹੀਨਾ ਪਹਿਲਾਂ ਵੀ ਪਿੰਡ ਵਾਸੀਆਂ ਵੱਲੋਂ ਵੱਡਾ ਇਕੱਠ ਕਰਕੇ ਦੋਹਰੇ ਕਤਲ ਕਾਂਡ ਦੀ ਗੁਥੀ ਨਾ ਸੁਲਝਣ ਕਰਕੇ ਪੁਲਸ ਦੇ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਸੀ। ਪ੍ਰੰਤੂ ਪੁਲਸ ਇਸ ਮਾਮਲੇ ਸੰਬੰਧੀ ਗੰਭੀਰ ਨਜ਼ਰ ਨਹੀਂ ਆ ਰਹੀ। 2 ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੇ ਕਾਤਲ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਦੀ 3 ਪੁਲਸ ਅਧਿਕਾਰੀਆਂ ਦੀ ਜਾਂਚ ਟੀਮ ਵੱਲੋਂ ਪਿੰਡ ਵਾਸੀਆਂ ਨਾਲ ਮਿਲ ਕੇ ਮਾਮਲੇ ਨੂੰ ਜਲਦ ਸੁਲਝਾਉਣ ਦਾ ਵਾਅਦਾ ਕੀਤਾ ਗਿਆ ਸੀ। ਪ੍ਰੰਤੂ ਪਰਿਵਾਰ ਇਨਸਾਫ ਲਈ ਥਾਣਿਆਂ ਦੇ ਚੱਕਰ ਕੱਟ ਰਿਹਾ ਹੈ।
ਇਸ ਤੋਂ ਤੰਗ ਆਏ ਪਿੰਡ ਵਾਸੀਆਂ ਨੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ 17 ਮਾਰਚ ਨੂੰ ਸ਼ਹਿਰੀ ਥਾਣਾ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ। ਪੀੜਤ ਪਰਿਵਾਰ ਦੇ ਮੈਂਬਰ ਬੀਰਬਲ ਸਿੰਘ, ਹਰੀ ਸਿੰਘ, ਲਖਵਿੰਦਰ ਸਿੰਘ ਨੇ ਦੱਸਿਆ ਕਿ 11 ਜਨਵਰੀ ਦੀ ਰਾਤ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਜੰਗੀਰ ਸਿੰਘ (60) ਅਤੇ ਰਣਜੀਤ ਕੌਰ (60) ਸੁੱਤੇ ਪਏ ਤੇ ਤੇਜ਼ ਹਥਿਆਰਾਂ ਨਾਲ ਵਾਰ ਕਰਦਿਆਂ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ’ਤੇ ਸਿਟੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਲੰਬੀ ਹੁੰਦੀ ਜਾ ਰਹੀ ਹੈ ਅਤੇ ਪੁਲਸ ਕਿਸੇ ਨਤੀਜੇ ਤੇ ਸਾਹਮਣੇ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਕਤਲ ਦੀ ਗੁਥੀ ਨਾ ਸੁਲਝਣ ਤੱਕ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਸਹਿਕਾਰੀ ਸਭਾ ਦੇ ਪ੍ਰਧਾਨ ਦਰੋਗਾ ਸਿੰਘ, ਕਾਲਾ ਸਿੰਘ ਦਲਿਓ, ਪਰਮਿੰਦਰ ਸਿੰਘ ਢਿੱਲੋਂ, ਸੁਰਜੀਤ ਸਿੰਘ ਪੰਚ, ਅਜੈਬ ਸਿੰਘ ਚਹਿਲ, ਗੁਰਤੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ। ਦੂਸਰੇ ਪਾਸੇ ਇਸ ਮਾਮਲੇ ਸੰਬੰਧੀ ਡੀ.ਐੱਸ.ਪੀ. ਬੁਢਲਾਡਾ ਮਨਜੀਤ ਸਿੰਘ ਔਲਖ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਬਣਾਈ ਗਈ 3 ਮੈਂਬਰੀ ਜਾਂਚ ਕਮੇਟੀ ਅਤੇ ਪਿੰਡ ਵਾਸੀਆਂ ਨਾਲ ਲਗਾਤਾਰ ਤਾਲਮੇਲ ਕਰਕੇ ਮਾਮਲੇ ਨੂੰ ਜਲਦ ਸੁਲਝਾਉਣ ਦਾ ਯਤਨ ਕਰਨਗੇ।