ਗਰਮੀ ਦੇ ਕਹਿਰ ਕਾਰਣ ਮਰ ਰਹੇ ਨੇ ਬੇਸਹਾਰਾ ਪਸ਼ੂ

06/11/2019 2:48:31 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਇਸ ਵੇਲੇ ਗਰਮੀ ਨੇ ਪੂਰਾ ਜ਼ੋਰ ਫਡ਼ਿਆ ਹੋਇਆ ਹੈ ਅਤੇ ਦਿਨੋ-ਦਿਨ ਗਰਮੀ ਦਾ ਕਹਿਰ ਹੋਰ ਵਧ ਰਿਹਾ ਹੈ। ਦਿਨ ਚਡ਼੍ਹਨ ਸਾਰ ਹੀ ਗਰਮੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਅਤੇ ਫਿਰ ਸਾਰਾ ਦਿਨ ਅੱਗ ਵ੍ਹਰਦੀ ਰਹਿੰਦੀ ਹੈ।

ਇਸ ਵੇਲੇ ਹੱਦੋਂ ਵੱਧ ਪੈ ਰਹੀ ਗਰਮੀ ਕਰ ਕੇ ਸੈਂਕਡ਼ਿਆਂ ਦੀ ਗਿਣਤੀ ’ਚ ਫਿਰ ਰਹੇ ਬੇਸਹਾਰਾ ਪਸ਼ੂਆਂ ਦਾ ਹਾਲ ਬਹੁਤ ਮਾਡ਼ਾ ਹੈ। ਇਨ੍ਹਾਂ ਲਈ ਨਾ ਤਾਂ ਕਿਤੇ ਛਾਂ ਦਾ ਪ੍ਰਬੰਧ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ। ਇਸ ਕਰ ਕੇ ਬੇਸਹਾਰਾ ਪਸ਼ੂਆਂ ਦੀ ਗਰਮੀ ਕਾਰਣ ਮੌਤ ਹੋ ਰਹੀ ਹੈ। ਕਈ ਥਾਵਾਂ ਤੋਂ ਪਸ਼ੂਆਂ ਦੇ ਮਰਨ ਦੀਆਂ ਸੂਚਨਾਵਾਂ ਆ ਰਹੀਆਂ ਹਨ ਅਤੇ ਭੁੱਖੇ-ਪਿਆਸੇ ਪੰਛੀ ਵੀ ਗਰਮੀ ਨਾਲ ਝੁਲਸ ਰਹੇ ਹਨ। ਹੁਣ ਘਰਾਂ ’ਚ ਤਾਂ ਪੰਛੀਆਂ ਦੇ ਕਿਤੇ ਵੀ ਟਿਕਾਣੇ ਨਹੀਂ ਰਹੇ। ਆਲ੍ਹਣੇ ਅਲੋਪ ਹੋ ਰਹੇ ਹਨ ਅਤੇ ਕਈ ਪੰਛੀਆਂ ਨੂੰ ਪੀਣ ਲਈ ਪਾਣੀ ਨਹੀਂ ਮਿਲਦਾ। ਲੋਕਾਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ।

ਖੇਤਾਂ ਅਤੇ ਘਰਾਂ ’ਚ ਬੀਜੀਆਂ ਸਬਜ਼ੀਆਂ ਸੁੱਕੀਆਂPunjabKesari

ਜਿਨ੍ਹਾਂ ਲੋਕਾਂ ਨੇ ਆਪਣੇ ਖੇਤਾਂ ਜਾਂ ਘਰਾਂ ’ਚ ਸਬਜ਼ੀਆਂ ਬੀਜੀਆਂ ਹੋਈਆਂ ਹਨ, ਉਨ੍ਹਾਂ ਦੀਆਂ ਸਬਜ਼ੀਆਂ ਗਰਮੀ ਦੇ ਕਹਿਰ ਕਾਰਣ ਸੁੱਕ ਰਹੀਆਂ ਹਨ। ਵਧ ਰਹੀ ਗਰਮੀ ਕਰ ਕੇ ਸਬਜ਼ੀਆਂ ਨੂੰ ਪਾਣੀ ਦੀ ਹੋਰ ਲੋਡ਼ ਹੈ ਕਿਉਂਕਿ ਦਿਨ ਵੇਲੇ ਤਾਂ ਵੇਲਾਂ ਬਿਲਕੁਲ ਹੀ ਮੁਰਝਾਅ ਜਾਂਦੀਆਂ ਹਨ। ਜਿਨ੍ਹਾਂ ਲੋਕਾਂ ਨੇ ਜ਼ਮੀਨਾਂ ਠੇਕੇ ’ਤੇ ਲੈ ਕੇ ਸਬਜ਼ੀਆਂ ਬੀਜੀਆਂ ਹਨ, ਉਨ੍ਹਾਂ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਜਿਹਡ਼ੇ ਲੋਕ ਇਸ ਖੇਤਰ ’ਚ ਸਡ਼ਕਾਂ ਕੰਢੇ ਹਦਵਾਣੇ ਅਤੇ ਖਰਬੂਜ਼ੇ ਵੇਚ ਰਹੇ ਹਨ, ਉਨ੍ਹਾਂ ਦੇ ਖਰਬੂਜ਼ੇ ਵੀ ਗਰਮੀ ਕਾਰਣ ਖਰਾਬ ਹੋ ਰਹੇ ਹਨ।

ਲੋਕ ਹੋ ਰਹੇ ਨੇ ਬੀਮਾਰ

ਦੂਜੇ ਪਾਸੇ ਗਰਮੀ ਕਾਰਣ ਅਨੇਕਾਂ ਲੋਕ ਬੀਮਾਰ ਵੀ ਹੋ ਰਹੇ ਹਨ। ਕਈਆਂ ਨੂੰ ਬੁਖਾਰ ਅਤੇ ਟਾਇਫਾਈਡ ਹੋਇਆ। ਕਈ ਲੋਕਾਂ ਦੇ ਸੈੱਲ ਘੱਟ ਰਹੇ ਹਨ। ਪੇਟ ਦੀਆਂ ਬੀਮਾਰੀਆਂ ਲੱਗ ਰਹੀਆਂ ਹਨ। ਡਾਕਟਰ ਤਾਂ ਭਾਵੇਂ ਇਹ ਸਲਾਹ ਦੇ ਰਹੇ ਹਨ ਕਿ ਧੁੱਪ ਵਿਚ ਬਾਹਰ ਨਾ ਨਿਕਲੋ ਪਰ ਰੋਜ਼ਾਨਾ ਦੇ ਜੀਵਨ ਦੌਰਾਨ ਕੰਮ-ਧੰਦੇ ਵਾਲੇ ਲੋਕਾਂ ਨੂੰ ਬਾਹਰ ਨਿਕਲਣਾ ਹੀ ਪੈਂਦਾ ਹੈ ਅਤੇ ਖਾਸ ਕਰ ਕੇ ਮਜ਼ਦੂਰ ਵਰਗ ਨੇ ਤਾਂ ਦਿਹਾਡ਼ੀ ਕਰ ਕੇ ਹੀ ਆਪਣੇ ਪਰਿਵਾਰ ਦਾ ਪੇਟ ਪਾਲਣਾ ਹੈ। ਹੁਣ ਝੋਨਾ ਲਾਉਣ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਮਜ਼ਦੂਰ ਮਰਦ, ਔਰਤਾਂ ਅਤੇ ਬੱਚੇ ਪਾਣੀ ਵਿਚ ਝੋਨਾ ਲਾ ਰਹੇ ਹਨ। ਦਿਨ ਵੇਲੇ ਗਰਮੀ ਦੀ ਤਪਸ਼ ਵਧਣ ਕਾਰਣ ਖੇਤਾਂ ਵਿਚ ਭਰਿਆ ਪਾਣੀ ਬਹੁਤ ਗਰਮ ਹੋ ਜਾਂਦਾ ਹੈ।

ਸਡ਼ਕਾਂ ’ਤੇ ਬਣਿਆ ਕਰਫਿਊ ਵਰਗਾ ਮਾਹੌਲPunjabKesari

ਗਿੱਦਡ਼ਬਾਹਾ/ਸਾਦਿਕ, (ਸੰਧਿਆ, ਦੀਪਕ)-ਪਿਛਲੇ ਕੁਝ ਦਿਨਾਂ ਤੋਂ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਸ਼ਹਿਰ ਦੀਆਂ ਸਡ਼ਕਾਂ ’ਤੇ ਕਰਫਿਊ ਵਰਗਾ ਮਾਹੌਲ ਬਣ ਗਿਆ ਹੈ। ਬੱਚਿਆਂ ਨੂੰ 1 ਜੂਨ ਤੋਂ ਗਰਮੀਆਂ ਦੀਆਂ ਛੁੱਟੀਆਂ ਤਾਂ ਹੋ ਗਈਆਂ ਹਨ ਪਰ ਗਰਮੀ ਦੇ ਕਹਿਰ ਕਾਰਣ ਉਹ ਖੇਡਣ ਦੀ ਬਜਾਏ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ। ਇਸ ਗਰਮੀ ਦੇ ਅੱਗੇ ਪੱਖੇ, ਕੂਲਰ ਅਤੇ ਏ. ਸੀ. ਵੀ ਮਾਤ ਖਾ ਗਏ ਹਨ, ਜਿਸ ਕਰਾਣ ਲੋਕ ਪ੍ਰੇਸ਼ਾਨ ਹਨ। ਬਾਜ਼ਾਰਾਂ ’ਚ ਤਾਂ ਜਿਵੇਂ ਸੰਨਾਟਾ ਹੀ ਛਾ ਗਿਆ ਹੈ, ਜਿਸ ਕਰ ਕੇ ਦੁਕਾਨਦਾਰਾਂ ਦਾ ਕੰਮ ਕਾਫੀ ਪ੍ਰਭਾਵਿਤ ਹੋ ਰਿਹਾ ਹੈ।

ਪੰਜਾਬ ’ਚ ਪਿਛਲੇ ਦਿਨਾਂ ਤੋਂ ਤਾਪਮਾਨ 42 ਤੋਂ 45 ਡਿਗਰੀ ਤੱਕ ਪਹੁੰਚਣ ਕਰ ਕੇ ਜਿੱਥੇ ਪਿਛਲੇ ਸਾਲਾਂ ਨਾਲੋਂ ਤਾਪਮਾਨ ’ਚ ਆਮ ਨਾਲੋਂ 3 ਤੋਂ 4 ਡਿਗਰੀ ਤੱਕ ਵਾਧਾ ਹੋ ਗਿਆ ਹੈ ਉੱਥੇ ਹੀ ਦਿਨ ਚਡ਼੍ਹਦੇ ਹੀ ਸੂਰਜ ਦੀਆਂ ਕਿਰਨਾਂ ਆਪਣਾ ਕਹਿਰ ਦਿਖਾਣਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਸਾਰਾ ਦਿਨ ਗਰਮ ਹਵਾਵਾਂ ਤੇ ਲੂ ਕਾਰਣ ਲੋਕਾਂ ਦਾ ਘਰੋਂ ਨਿਕਲਣਾ ਹੀ ਮੁਸ਼ਕਲ ਹੋ ਜਾਂਦਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਉੱਤਰੀ ਭਾਰਤ ’ਚ ਵਧ ਰਹੇ ਗਰਮੀ ਦੇ ਕਹਿਰ ਤੋਂ ਲਗਭਗ ਇਕ ਹਫ਼ਤਾ ਅਜੇ ਹੋਰ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਸਕੇਗੀ।

ਕੀ ਕਰੀਏ ਗਰਮੀ ਤੋਂ ਬਚਣ ਲਈ

ਤਲੀਆਂ ਚੀਜ਼ਾਂ ਦਾ ਸੇਵਨ ਘੱਟ ਕਰੋ।

ਹਫਤੇ ’ਚ 2 ਦਿਨ ਦਲੀਆਂ ਜਾਂ ਖਿੱਚਡ਼ੀ ਖਾਓ।

ਸੂਤੀ ਅਤੇ ਹਲਕੇ ਰੰਗ ਦੇ ਕੱਪਡ਼ੇ ਪਾਓ।

ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖੋ।

ਧੁੱਪ ਦੇ ਸਿੱਧਾ ਸੰਪਰਕ ’ਚ ਆਉਣ ਤੋਂ ਬਚਾਅ ਕੀਤਾ ਜਾਵੇ।


Bharat Thapa

Content Editor

Related News