ਆਰਥਿਕ ਤੰਗੀ ਕਾਰਨ ਨੌਜਵਾਨ ਨੇ ਲਿਆ ਫਾਹ
Monday, Oct 08, 2018 - 07:07 AM (IST)
ਬਠਿੰਡਾ, (ਜ.ਬ.)- ਆਰਥਿਕ ਤੰਗੀ ਤੋਂ ਪ੍ਰੇਸ਼ਾਨ ਰੇਲਵੇ ਕਾਲੋਨੀ ’ਚ ਇਕ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜਿੰਦਗੀ ਖਤਮ ਕਰ ਲਈ। ਨੌਜਵਾਨ ਕੋਲੋਂ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ ਜਿਸ ’ਚ ਉਸਨੇ ਆਪਣੀ ਮੌਤ ਲਈ ਖੁਦ ਨੂੰ ਜਿੰਮੇਵਾਰ ਠਹਿਰਾਇਆ ਹੈ। ਜਾਣਕਾਰੀ ਅਨੁਸਾਰ ਰੇਲਵੇ ਕਾਲੋਨੀ ਵਾਸੀ ਕਾਲਾ (32) ਪੁੱਤਰ ਬਲਦੇਵ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਕਤ ਨੌਜਵਾਨ ਆਪਣੀ ਪਤਨੀ ਅਤੇ ਕਰੀਬ ਡੇਢ ਸਾਲ ਦੇ ਬੱਚੇ ਨਾਲ ਸਾਂਝੇ ਪਰਿਵਾਰ ਵਿਚ ਆਪਣੇ ਭਰਾ ਦੇ ਨਾਲ ਰਹਿੰਦਾ ਸੀ। ਉਸਦੇ ਪਿਤਾ ਦੀ ਜਗ੍ਹਾ ’ਤੇ ਉਸਦੀ ਮਾਂ ਨੂੰ ਰੇਲਵੇ ’ਚ ਨੌਕਰੀ ਮਿਲ ਗਈ ਸੀ ਪਰ ਕਾਲਾ ਦੇ ਕੋਲ ਕੋਈ ਰੋਜ਼ਗਾਰ ਨਹੀਂ ਸੀ। ਪਰਿਵਾਰ ਨੇ ਦੱਸਿਆ ਕਿ ਇਸ ਕਾਰਨ ਉਹ ਮਾਨਸ਼ਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਕਾਰਨ ਉਸਨੇ ਰੇਲਵੇ ਕਾਲੋਨੀ ’ਚ ਗੁਰਦੁਆਰਾ ਸਾਹਿਬ ਦੇ ਨੇਡ਼ੇ ਇਕ ਦਰੱਖਤ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਥਾਣਾ ਕੈਨਾਲ ਕਾਲੋਨੀ ਦੇ ਏ. ਐੱਸ. ਆਈ. ਕੁਲਵਿੰਦਰ ਸਿੰਘ ਅਤੇ ਸਹਾਰਾ ਜਨਸੇਵਾ ਦੇ ਵਰਕਰ ਸੰਦੀਪ ਗੋਇਲ, ਮਣੀਕਰਨ ਸ਼ਰਮਾ ਆਦਿ ਮੌਕੇ ’ਤੇ ਪਹੁੰਚੇ। ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਦਰੱਖਤ ਤੋਂ ਉਤਾਰਿਆ। ਪੁਲਸ ਦੀ ਜ਼ਰੂਰੀ ਪਡ਼ਤਾਲ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
ਸੁਸਾਇਡ ਨੋਟ ’ਚ ਲਿਖਿਆ ‘ਮੇਰੇ ਬੱਚੇ ਨੂੰ ਚੰਗੀ ਸਿੱਖਿਆ ਦਿਵਾਉਣਾ’
ਮ੍ਰਿਤਕ ਕਾਲਾ ਨੇ ਆਪਣੇ ਸੁਸਾਇਡ ਨੋਟ ’ਚ ਪਰਿਵਾਰ ਵਾਲਿਆਂ ਤੋਂ ਮੁਆਫ਼ੀ ਮੰਗੀ ਹੈ। ਇਸਦੇ ਇਲਾਵਾ ਉਸਨੇ ਲਿਖਿਆ ਹੈ ਕਿ ਉਸਦੀ ਇੱਛਾ ਹੈ ਕਿ ਉਸਦੇ ਬੇਟੇ ਨੂੰ ਚੰਗੀ ਸਿੱਖਿਆ ਦਿਵਾਈ ਜਾਵੇ। ਉਸਨੇ ਲਿਖਿਆ ਕਿ ਜੇਕਰ ਉਸਦੇ ਬੱਚੇ ਦਾ ਮਨ ਪਡ਼੍ਹਾਈ ਵਿਚ ਨਾ ਲੱਗੇ ਫਿਰ ਵੀ ਉਸਨੂੰ ਸਿੱਖਿਆ ਦਿਵਾਈ ਜਾਵੇ ਤਾਂਕਿ ਉਹ ਪਡ਼ ਲਿਖ ਕੇ ਕੁਝ ਕਰ ਸਕੇ। ਜਾਂਚ ਅਧਿਕਾਰੀ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਲਾ ਕੋਈ ਕੰਮ ਨਹੀਂ ਕਰਦਾ ਸੀ ਅਤੇ ਹੋ ਸਕਦਾ ਹੈ ਕਿ ਇਸਦੇ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਹੋਵੇ। ਇਸ ਕਾਰਨ ਉਸਨੇ ਇਹ ਕਦਮ ਚੁੱਕਿਆ।
