ਕਾਂਗਰਸ ਦੀ ਧੜੇਬੰਦੀ ਕਾਰਨ ਆਜ਼ਾਦ ਕੌਂਸਲਰ ਸੁਖਪਾਲ ਸਿੰਘ ਬਣਿਆ ਬੁਢਲਾਡਾ ਨਗਰ ਕੌਂਸਲ ਦਾ ਪ੍ਰਧਾਨ

04/23/2021 6:50:11 PM

ਬੁਢਲਾਡਾ (ਬਾਂਸਲ) : ਸਥਾਨਕ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ’ਚ ਕਾਂਗਰਸ ਦੀ ਸਥਾਨਕ ਪੱਧਰ ਦੀ ਧੜੇਬੰਦੀ ਕਾਰਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਤੇ ਸਮਾਜਸੇਵੀ ਗੁਰਪਾਲ ਸਿੰਘ ਗਰੁੱਪ ਵੱਲੋਂ ਆਜ਼ਾਦ ਕੌਂਸਲਰ ਸੁਖਪਾਲ ਸਿੰਘ ਵਾਰਡ ਨੰਬਰ 17 ਨੂੰ ਹਮਾਇਤ ਦੇਣ ਕਾਰਨ ਉਹ 11 ਵੋਟਾਂ ਦੇ ਫਰਕ ਨਾਲ ਪ੍ਰਧਾਨ ਬਣ ਗਏ। ਇਸ ਤੋਂ ਇਲਾਵਾ ਕਾਂਗਰਸ ਦੇ ਪ੍ਰਧਾਨਗੀ ਦੇ ਦਾਅਵੇਦਾਰ ਹਰਵਿੰਦਰਦੀਪ ਸਿੰਘ ਸਵੀਟੀ ਸੀਨੀਅਰ ਮੀਤ ਪ੍ਰਧਾਨ ਤੇ ਆਜ਼ਾਦ ਕੌਂਸਲਰ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਚੁਣੇ ਗਏ। ਉਪਰੋਕਤ ਚੋਣ ਪ੍ਰਕਿਰਿਆ ਐੱਸ. ਡੀ. ਐੱਮ. ਬੁਢਲਾਡਾ ਸਾਗਰ ਸੇਤੀਆ ਵੱਲੋਂ ਕੀਤੀ ਗਈ। 

ਇਸ ਮੌਕੇ ਭਾਰੀ ਪੁਲਸ ਫੋਰਸ ਸਮੇਤ ਸੁਪਰਡੈਂਟ ਪੁਲਸ ਸਤਨਾਮ ਸਿੰਘ ਹਾਜ਼ਰ ਸਨ, ਜਿਥੇ ਅਮਨ ਸ਼ਾਂਤੀ ਨਾਲ ਉਪਰੋਕਤ ਚੋਣ ਨੂੰ ਨੇਪਰੇ ਚਾੜ੍ਹਿਆ ਗਿਆ। ਅੱਜ ਦੀ ਚੋਣ ਨੂੰ ਲੈ ਕੇ ਸਿਆਸੀ ਹਲਕਿਆਂ ’ਚ ਇਕਦਮ ਭੂਚਾਲ ਆਇਆ, ਜਦੋਂ ਕਾਂਗਰਸ ਦੇ ਦਾਅਵੇਦਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਠੇਕੇਦਾਰ ਗੁਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸ਼ਹਿਰ ਦੇ ਵਿਕਾਸ ਤੇ ਤਰੱਕੀ ਲਈ ਇਕ ਸਾਂਝਾ ਪਲੇਟਫਾਰਮ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਬਿਨਾਂ ਸ਼ਰਤ ਹਮਾਇਤ ਪਹਿਲਾਂ ਹੀ ਦੇ ਦਿੱਤੀ ਗਈ ਸੀ। ਸ਼ਹਿਰ ਦਾ ਬਣਨ ਵਾਲਾ ਪ੍ਰਧਾਨ ਸੁਖਪਾਲ ਸਿੰਘ ਸ਼ਹਿਰ ਦਾ ਇਕ ਚੰਗਾ ਸਮਾਜਸੇਵੀ ਹੈ। ਦੂਜੇ ਪਾਸੇ ਕਾਂਗਰਸੀ ਹਲਕਿਆਂ ’ਚ ਅੱਜ ਦੀ ਉਪਰੋਕਤ ਚੋਣ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। 

ਵਰਣਨਯੋਗ ਹੈ ਕਿ ਨਗਰ ਕੌਂਸਲ ਚੋਣਾਂ ’ਚ ਸ਼ਹਿਰ ਅੰਦਰ 19 ਵਾਰਡਾਂ ’ਚੋਂ ਕਾਂਗਰਸ ਸਿਰਫ 6 ਵਾਰਡਾਂ ’ਤੇ ਹੀ ਜਿੱਤ ਦਰਜ ਕਰਵਾ ਸਕੀ ਸੀ। 10 ਆਜ਼ਾਦ ਕੌਂਸਲਰ, 2 ਅਕਾਲੀ ਦਲ (ਬ) ਅਤੇ ਇੱਕ ਆਮ ਆਦਮੀ ਪਾਰਟੀ ਦਾ ਕੌਂਸਲਰ ਜੇਤੂ ਰਿਹਾ। ਕਾਂਗਰਸ ਪਾਰਟੀ ਵੱਲੋਂ ਕੌਂਸਲ ਪ੍ਰਧਾਨ ਨੂੰ ਬਣਾਉਣ ਲਈ ਲੰਮੇ ਸਮੇਂ ਤੋਂ ਜੋੜ-ਤੋੜ ਦੀ ਰਾਜਨੀਤੀ ਕੀਤੀ ਜਾ ਰਹੀ ਸੀ, ਜਿਸ ’ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਗਾਤਾਰ ਸੰਪਰਕ ਬਣਾਇਆ ਹੋਇਆ ਸੀ ਪਰ ਸਮੇਂ ਸਿਰ ਸਹੀ ਰਿਪੋਰਟ ਖਜ਼ਾਨਾ ਮੰਤਰੀ ਤੱਕ ਨਾ ਦੇਣ ਕਾਰਨ ਪ੍ਰਧਾਨਗੀ ਆਜ਼ਾਦ ਦੇ ਖਾਤੇ ਚਲੀ ਗਈ। ਹਲਕਾ ਵਿਧਾਇਕ ਪ੍ਰਿਸੀਪਲ ਬੁੱਧਰਾਮ ਨੇ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਦੇ ਚੁਣੇ ਜਾਣ ’ਤੇ ਜਿੱਥੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਕਿਹਾ ਕਿ ਆਜ਼ਾਦ ਕੌਂਸਲਰਾਂ ਵੱਲੋਂ ਸਮੇਂ ਸਿਰ ਲਿਆ ਗਿਆ ਫੈਸਲਾ ਸ਼ਹਿਰ ਦੇ ਹਿੱਤ ’ਚ ਲਾਭਦਾਇਕ ਸਿੱਧ ਹੋਵੇਗਾ। 


Manoj

Content Editor

Related News