ਚੂਰਾ-ਪੋਸਤ ਸਮੇਤ 1 ਗ੍ਰਿਫਤਾਰ
Wednesday, Jan 23, 2019 - 12:55 AM (IST)

ਮੋਗਾ, (ਆਜ਼ਾਦ)- ਐਂਟੀ ਨਾਰਕੋਟਿਕਸ ਡਰੱਗ ਸੈੱਲ ਮੋਗਾ ਨੇ ਇਕ ਟਰੱਕ ’ਚੋਂ 4 ਬੋਰੀਆਂ ਚੂਰਾ ਪੋਸਤ ਦੀਆਂ ਬਰਾਮਦ ਕੀਤੀਆਂ ਹਨ ਤੇ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਂਟੀ ਨਾਰਕੋਟਿਕਸ ਡਰੱਗ ਸੈੱਲ ਦੇ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਚੂਰਾ-ਪੋਸਤ ਅਤੇ ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪਾਲ ਸਿੰਘ ਨਿਵਾਸੀ ਪਿੰਡ ਬੱਡੂਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਉਸ ਦਾ ਬੇਟਾ ਮਨਜਿੰਦਰ ਸਿੰਘ ਉਰਫ ਮਨੀ, ਟਰੱਕ ਚਾਲਕ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਜਦ ਉਹ ਪੁਲਸ ਪਾਰਟੀ ਸਮੇਤ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਬੱਡੂਵਾਲ ਕੋਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਪਾਲ ਸਿੰਘ, ਉਸ ਦਾ ਬੇਟਾ ਮਨਜਿੰਦਰ ਸਿੰਘ ਉਰਫ ਮਨੀ ਦੋਨੋਂ ਨਿਵਾਸੀ ਪਿੰਡ ਬੱਡੂਵਾਲ ਬਾਹਰੀ ਰਾਜਾਂ ਤੋਂ ਆਪਣੇ ਟਰੱਕ ’ਚ ਵੱਡੀ ਮਾਤਰਾ ਵਿਚ ਚੂਰਾ-ਪੋਸਤ ਲਿਆ ਕੇ ਸਪਲਾਈ ਕਰਦੇ ਹਨ। ਅੱਜ ਵੀ ਉਹ ਬੱਡੂਵਾਲ ਕੋਲ ਵੱਡੀ ਮਾਤਰਾ ਵਿਚ ਚੂਰਾ-ਪੋਸਤ ਲੈ ਕੇ ਬੈਠੇ ਹੋਏ ਹਨ ਅਤੇ ਗਾਹਕਾਂ ਦੀ ਉਡੀਕ ਕਰ ਰਹੇ ਹਨ, ਜਿਸ ’ਤੇ ਅਸੀਂ ਤੁਰੰਤ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕੀਤੀ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਪਾਲ ਸਿੰਘ ਨੇ ਭੱਜਣ ਦਾ ਯਤਨ ਕੀਤਾ ਪਰ ਪੁਲਸ ਨੇ ਉਸ ਨੂੰ ਦਬੋਚ ਲਿਆ ਅਤੇ ਉਥੋਂ ਪੰਜ ਬੋਰੀਆਂ ਚੂਰਾ-ਪੋਸਤ ਦੀਆਂ ਬਰਾਮਦ ਕੀਤੀਆਂ, ਜਿਸ ਦੀ ਕੀਮਤ ਛੇ ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਪਾਲ ਸਿੰਘ ਦੇ ਬੇਟੇ ਮਨਜਿੰਦਰ ਸਿੰਘ ਉਰਫ ਮਨੀ ਤੇ ਟਰੱਕ ਚਾਲਕ ਨਿੱਕਾ ਸਿੰਘ ਨੂੰ ਵੀ ਉਕਤ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ। ਤਿੰਨੋਂ ਕਥਿਤ ਸਮੱਗਲਰਾਂ ਪਾਲ ਸਿੰਘ, ਉਸ ਦੇ ਬੇਟੇ ਮਨਜਿੰਦਰ ਸਿੰਘ ਉਰਫ ਮਨੀ ਅਤੇ ਟਰੱਕ ਚਾਲਕ ਨਿੱਕਾ ਸਿੰਘ ਖਿਲਾਫ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇੰਚਾਰਜ ਲਖਵਿੰਦਰ ਸਿੰਘ ਨੇ ਕਿਹਾ ਕਿ ਮਨਜਿੰਦਰ ਸਿੰਘ ਮਨੀ ਅਤੇ ਉਨ੍ਹਾਂ ਦੇ ਚਾਲਕ ਨਿੱਕਾ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।