ਦਿੱਲੀ ਤੋਂ ਥੋਕ ਦੇ ਭਾਅ ਲਿਆ ਕੇ ਡਰੱਗ ਵੇਚਣ ਵਾਲੇ 3 ਸਮੱਗਲਰ ਗ੍ਰਿਫ਼ਤਾਰ, ਵੱਡੀ ਮਾਤਰਾ ''ਚ ਹੈਰੋਇਨ ਤੇ ਆਈਸ ਬਰਾਮਦ
Monday, Feb 12, 2024 - 04:15 AM (IST)
ਲੁਧਿਆਣਾ (ਅਨਿਲ)- ਪੰਜਾਬ ਸਰਕਾਰ ਵੱਲੋਂ ਨਸ਼ੇ ਦਾ ਖ਼ਾਤਮਾ ਕਰਨ ਲਈ ਬਣਾਈ ਗਈ ਐੱਸ.ਟੀ.ਐੱਫ. ਲੁਧਿਆਣਾ ਯੂਨਿਟ ਦੀ ਟੀਮ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਾਢੇ 5 ਕਰੋੜ ਦੀ ਹੈਰੋਇਨ ਅਤੇ 3 ਕਰੋੜ ਦੀ ਆਈਸ ਸਮੇਤ 3 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸ.ਟੀ.ਐੱਫ. ਦੇ ਏ.ਆਈ.ਜੀ. ਸਨੇਹਦੀਪ ਸ਼ਰਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਆਂ ਦੱਸਿਆ ਕਿ ਐੱਸ.ਟੀ.ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਦੀ ਟੀਮ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਦਿੱਲੀ ਵੱਲੋਂ ਕੁਝ ਲੋਕ ਕਾਰ ’ਚ ਸਵਾਰ ਹੋ ਕੇ ਲੁਧਿਆਣਾ ’ਚ ਹੈਰੋਇਨ ਅਤੇ ਆਈਸ ਦੀ ਵੱਡੀ ਖੇਪ ਲੈ ਕੇ ਆ ਰਹੇ ਹਨ।
ਐੱਸ.ਟੀ.ਐੱਫ. ਨੇ ਤੁਰੰਤ ਕਾਰਵਾਈ ਕਰਦੇ ਹੋਏ ਜੀ.ਐੱਨ.ਈ. ਕਾਲਜ ਗਿੱਲ ਰੋਡ ’ਤੇ ਸਪੈਸ਼ਲ ਨਾਕਾਬੰਦੀ ਕਰ ਲਈ ਅਤੇ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਸਵਿਫਟ ਕਾਰ ਨੂੰ ਤਲਾਸ਼ੀ ਲਈ ਰੋਕਿਆ ਗਿਆ। ਜਦ ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੀ ਡਰਾਈਵਰ ਸੀਟ ਦੇ ਹੇਠਾਂ ਇਕ ਕਾਲੇ ਰੰਗ ਦਾ ਬੈਗ ਬਰਾਮਦ ਹੋਇਆ, ਜਿਸ ਵਿਚ 1 ਕਿਲੋ 30 ਗ੍ਰਾਮ ਹੈਰੋਇਨ ਅਤੇ 310 ਗ੍ਰਾਮ ਆਈਸ ਬਰਾਮਦ ਕੀਤੀ ਗਈ। ਪੁਲਸ ਨੇ ਤੁਰੰਤ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਅਨੋਖਾ ਵਿਆਹ: ਮਾਪਿਆਂ ਦੀ ਇੱਛਾ ਤੇ 17 ਸਾਲਾਂ ਦੇ ਪਿਆਰ ਲਈ ਹੈਲੀਕਾਪਟਰ 'ਚ ਲਾੜੀ ਵਿਆਹੁਣ ਗਿਆ ਲਾੜਾ
ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ (34) ਪੁੱਤਰ ਜਗਦੀਸ਼ ਸਿੰਘ ਨਿਵਾਸੀ ਗੁਰੂ ਨਾਨਕ ਕਾਲੋਨੀ ਗਿੱਲ ਰੋਡ, ਜਸਪ੍ਰੀਤ ਸਿੰਘ ਜੱਸੀ (36) ਪੁੱਤਰ ਜਗਦੀਸ਼ ਸਿੰਘ ਨਿਵਾਸੀ ਸ਼ਹੀਦ ਕਰਨੈਲ ਸਿੰਘ ਨਗਰ ਅਤੇ ਹਰਿੰਦਰ ਸਿੰਘ ਹੈਰੀ (33) ਪੁੱਤਰ ਬਲਦੇਵ ਸਿੰਘ ਨਿਵਾਸੀ ਸ਼ਹੀਦ ਕਰਨੈਲ ਸਿੰਘ ਨਗਰ ਲੁਧਿਆਣਾ ਦੇ ਰੂਪ ’ਚ ਕੀਤੀ ਗਈ ਹੈ। ਪੁਲਸ ਨੇ ਤਿੰਨੇ ਮੁਲਜ਼ਮਾਂ ਖਿਲਾਫ ਮੋਹਾਲੀ ਐੱਸ.ਟੀ.ਐੱਫ. ’ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਦਿੱਲੀ ਤੋਂ ਨਾਈਜੀਰੀਅਨ ਤੋਂ ਥੋਕ ਦੇ ਭਾਵ ’ਚ ਖਰੀਦ ਕੇ ਲਿਆਏ ਖੇਪ
ਐੱਸ.ਟੀ.ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਸਮੱਗਲਰਾਂ ਨੇ ਜਾਂਚ ਦੌਰਾਨ ਦੱਸਿਆ ਕਿ ਉਹ ਤਿੰਨੇ ਆਪਸ ’ਚ ਮਿਲ ਕੇ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਤਿੰਨੇ ਮੁਲਜ਼ਮ ਇਹ ਨਸ਼ੇ ਦੀ ਖੇਪ ਦਿੱਲੀ ਤੋਂ ਇਕ ਪੀਟਰ ਨਾਮਕ ਨਾਈਜੀਰੀਅਨ ਤੋਂ ਸਸਤੇ ਰੇਟ ’ਚ ਥੋਕ ਦੇ ਭਾਅ ’ਚ ਖਰੀਦ ਕੇ ਲਿਆਏ ਸਨ, ਜਿਸ ਨੂੰ ਉਨ੍ਹਾਂ ਨੇ ਲੁਧਿਆਣਾ ’ਚ ਆਪਣੇ ਗਾਹਕਾਂ ਨੂੰ ਪਰਚੂਨ ਵਿਚ ਮਹਿੰਗੇ ਮੁੱਲ ’ਚ ਵੇਚ ਕੇ ਮੋਟੀ ਕਮਾਈ ਕਰਨੀ ਸੀ। ਗ੍ਰਿਫਤਾਰ ਕੀਤੇ ਗਏ ਤਿੰਨੇ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ।
2 ਦਿਨ ਪਹਿਲਾਂ ਹੀ 12 ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ’ਚੋਂ ਬਾਹਰ ਆਇਆ ਸੀ ਮੁਲਜ਼ਮ
ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਜੱਸੀ ’ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦਾ ਮਾਮਲਾ ਦਰਜ ਸੀ, ਜਿਸ ਵਿਚ ਉਸ ਕੋਲੋਂ 2 ਕਿਲੋ ਹੈਰੋਇਨ ਬਰਾਮਦ ਹੋਈ ਸੀ। ਇਸ ਮਾਮਲੇ 'ਚ ਮੁਲਜ਼ਮ ਨੂੰ ਜਲੰਧਰ ਵਿਚ 12 ਸਾਲ ਦੀ ਕੈਦ ਅਤੇ 1 ਲੱਖ 20 ਹਜ਼ਾਰ ਦਾ ਜੁਰਮਾਨਾ ਹੋਇਆ ਸੀ, ਜੋ 2 ਦਿਨ ਪਹਿਲਾਂ ਹੀ ਜੇਲ੍ਹ ਤੋਂ ਆਪਣੀ ਸਜ਼ਾ ਪੂਰੀ ਕਰ ਕੇ ਬਾਹਰ ਆਇਆ ਸੀ। ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ’ਤੇ ਪਹਿਲਾਂ 2 ਮਾਮਲੇ ਦਰਜ ਸਨ, ਜਿਸ ਵਿਚ ਉਹ ਸਤੰਬਰ ਵਿਚ ਹੀ ਜੇਲ੍ਹ ਤੋਂ ਜ਼ਮਾਨਤ ਕਰਵਾ ਕੇ ਬਾਹਰ ਆਇਆ ਹੈ। ਬਾਹਰ ਆਉਂਦੇ ਹੀ ਫਿਰ ਤੋਂ ਮੁਲਜ਼ਮ ਨੇ ਨਸ਼ੇ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਤਿੰਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਹਜ਼ਾਰਾਂ ਟਰੈਕਟਰ-ਟਰਾਲੀਆਂ ਲੈ ਕੇ ਕਿਸਾਨ ਭਲਕੇ ਕਰਨਗੇ ਦਿੱਲੀ ਵੱਲ ਕੂਚ, ਹਰਿਆਣਾ 'ਚ ਹੋ ਰਹੀ ਰੋਕਣ ਦੀ ਤਿਆਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e