ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਵੇਚਣ ਵਾਲੇ ਹੈਰੋਇਨ, ਸੋਨਾ, ਗੱਡੀਆਂ ਤੇ ਡਰੱਗ ਮਨੀ ਸਣੇ ਪੁਲਸ ਨੇ ਕੀਤੇ ਕਾਬੂ
Wednesday, Jan 10, 2024 - 04:06 AM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਟ੍ਰਾਈਸਿਟੀ ਵਿਚ ਸਪਲਾਈ ਕਰਦੇ ਸਨ। ਮੁਲਜ਼ਮਾਂ ਦੀ ਪਛਾਣ ਮੁਹੰਮਦ ਇਮਤਿਆਜ਼ ਵਾਸੀ ਬੁੜੈਲ, ਗਗਨ ਵਾਸੀ ਹੀਰਾ ਨਗਰ ਅੰਬਾਲਾ ਅਤੇ ਸੁਖਪ੍ਰੀਤ ਸਿੰਘ ਵਾਸੀ ਮਾਨਸਾ ਵਜੋਂ ਹੋਈ ਹੈ। ਮੁਹੰਮਦ ਇਮਤਿਆਜ਼ ਕੋਲੋਂ 54.13 ਗ੍ਰਾਮ ਐਂਫੇਟਾਮਾਈਨ, ਹਾਂਡਾ ਐਕਟਿਵਾ, ਗਗਨ ਕੋਲੋਂ 99.08 ਗ੍ਰਾਮ ਹੈਰੋਇਨ, 4.95 ਗ੍ਰਾਮ ਆਈਸ ਡਰੱਗ, ਡਰੱਗ ਮਨੀ ਨਾਲ ਖਰੀਦੀ ਗਈ ਐਸੈਂਟ ਕਾਰ, ਸੁਖਪ੍ਰੀਤ ਸਿੰਘ ਤੋਂ 22 ਗ੍ਰਾਮ ਹੈਰੋਇਨ, ਫਾਰਚੂਨਰ, ਸਵਿਫਟ, ਈਟੀਓਸ, 95 ਹਜ਼ਾਰ ਦੀ ਨਕਦੀ, 153 ਗ੍ਰਾਮ ਸੋਨਾ ਤੇ ਮੋਬਾਇਲ ਬਰਾਮਦ ਕੀਤਾ ਗਿਆ ਹੈ।
ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਸਰਗਣਾ ਰੇਸ਼ਮ ਪਾਕਿਸਤਾਨ ਤੋਂ ਹੈਰੋਇਨ ਅਤੇ ਆਈਸ ਮੰਗਵਾਉਂਦਾ ਸੀ ਅਤੇ ਫੜੇ ਗਏ ਗਿਰੋਹ ਦੇ ਮੈਂਬਰਾਂ ਨੂੰ ਸਪਲਾਈ ਕਰਦਾ ਸੀ। ਪੁਲਸ ਗ੍ਰਿਫਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਚ ਜੁਟੀ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ
ਕ੍ਰਾਈਮ ਬਰਾਂਚ ਦੇ ਡੀ.ਐੱਸ.ਪੀ. ਉਦੈਪਾਲ ਦੀ ਅਗਵਾਈ ਹੇਠ ਐਂਟੀ ਨਾਰਕੋਟਿਕਸ ੋਟਾਸਕ ਫੋਰਸ ਦੇ ਇੰਚਾਰਜ ਇੰਸਪੈਕਟਰ ਸਤਵਿੰਦਰ ਸਿੰਘ ਨੇ ਪੁਲਸ ਟੀਮ ਸਮੇਤ ਕੌਮਾਂਤਰੀ ਡਰੱਗ ਰੈਕੇਟ ਦੇ ਮੈਂਬਰ ਮੁਹੰਮਦ ਇਮਤਿਆਜ਼ ਵਾਸੀ ਬੁੜੈਲ ਨੂੰ 25 ਦਸੰਬਰ 2023 ਨੂੰ ਕਜਹੇੜੀ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਤਲਾਸ਼ੀ ਦੌਰਾਨ ਉਸ ਕੋਲੋਂ 54.13 ਗ੍ਰਾਮ ਐਂਫੇਟਾਮਾਈਨ ਅਤੇ ਹਾਂਡਾ ਐਕਟਿਵਾ ਬਰਾਮਦ ਹੋਈ। ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਤੋਂ ਬਾਅਦ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਸੈਕਟਰ-36 ਦੇ ਥਾਣੇ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਰਿਮਾਂਡ ਦੌਰਾਨ ਮੁਲਜ਼ਮ ਮੁਹੰਮਦ ਇਮਤਿਆਜ਼ ਨੇ ਦੱਸਿਆ ਸੀ ਕਿ ਉਹ ਨਸ਼ਾ ਸਮੱਗਲਰ ਗਗਨ ਵਾਸੀ ਅੰਬਾਲਾ ਤੋਂ ਨਸ਼ੀਲੇ ਪਦਾਰਥ ਲਿਆ ਕੇ ਟ੍ਰਾਈਸਿਟੀ ਵਿਚ ਇਕ ਸਾਲ ਤੋਂ ਵੇਚ ਰਿਹਾ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਟੀਮ ਨੇ ਅੰਬਾਲਾ ਦੇ ਰਹਿਣ ਵਾਲੇ ਸਮੱਗਲਰ ਗਗਨ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਸ ਕੋਲੋਂ 99.08 ਗ੍ਰਾਮ ਹੈਰੋਇਨ, 04.95 ਐਂਫੇਟਾਮਾਈਨ, ਡਰੱਗ ਮਨੀ ਲਈ ਵਰਤੀ ਜਾਂਦੀ ਐਸੈਂਟ ਕਾਰ, 153 ਗ੍ਰਾਮ ਸੋਨਾ ਅਤੇ ਮੋਬਾਇਲ ਫੋਨ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ- ਪਤੰਗਬਾਜ਼ੀ ਲਈ ਲੋਕ ਚਾਈਨਾ ਡੋਰ ਤੋਂ ਕਰਨ ਲੱਗੇ ਤੌਬਾ, ਹੱਥ ਨਾਲ ਸੂਤੀ ਮਾਂਝੇ ਦੀ ਡੋਰ ਵੱਲ ਵਧਿਆ ਰੁਝਾਨ
ਪੁੱਛਗਿੱਛ ਦੌਰਾਨ ਗਗਨ ਨੇ ਦੱਸਿਆ ਕਿ ਉਹ ਰੇਸ਼ਮ ਸਿੰਘ ਅਤੇ ਸੁਖਪ੍ਰੀਤ ਸਿੰਘ ਦੇ ਸੰਪਰਕ ’ਚ ਆਇਆ ਸੀ ਅਤੇ ਉਨ੍ਹਾਂ ਦੇ ਕਹਿਣ ’ਤੇ ਉਹ ਕਈ ਥਾਵਾਂ ਤੋਂ ਹੈਰੋਇਨ ਪਹੁੰਚਾਉਂਦਾ ਸੀ। ਰੇਸ਼ਮ ਪਾਕਿਸਤਾਨ ਤੋਂ ਹੈਰੋਇਨ ਲਿਆਉਂਦਾ ਸੀ। ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਗਗਨ ਦੇ ਇਸ਼ਾਰੇ ’ਤੇ ਮਾਨਸਾ ਨਿਵਾਸੀ ਸੁਖਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਉਹ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਣੇ ਰੇਸ਼ਮ ਦੇ ਸੰਪਰਕ ਵਿਚ ਆਇਆ ਸੀ ਤੇ ਉਸ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।
ਹਰ ਡਲਿਵਰੀ ’ਤੇ ਮਿਲਦੇ ਸਨ 3 ਲੱਖ
ਪੁਲਸ ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਰੇਸ਼ਮ ਦੇ ਪਾਕਿਸਤਾਨ ਤੋਂ ਆਏ ਨਸ਼ਾ ਸਮੱਗਲਰਾਂ ਨਾਲ ਸਬੰਧ ਸਨ। ਰੇਸ਼ਮ ਅਤੇ ਸੁਖਪ੍ਰੀਤ ਵੱਖ-ਵੱਖ ਥਾਵਾਂ ਤੋਂ ਨਸ਼ਾ ਲੈਣ ਲਈ ਗਗਨ ਨਾਲ ਸੰਪਰਕ ਕਰਦੇ ਸਨ। ਦੋਵਾਂ ਦੇ ਜ਼ੋਰ ਪਾਉਣ ’ਤੇ ਗਗਨ ਉਨ੍ਹਾਂ ਵੱਲੋਂ ਦੱਸੀ ਜਗ੍ਹਾ ਤੋਂ ਨਸ਼ੇ ਦੀ ਡਲਿਵਰੀ ਲਿਆਉਂਦਾ ਸੀ, ਜਿਸ ਲਈ ਉਸ ਨੂੰ ਦੋ ਤੋਂ ਤਿੰਨ ਲੱਖ ਰੁਪਏ ਮਿਲਦੇ ਸਨ। ਗਗਨ ਨੇ ਪੁਲਸ ਨੂੰ ਦੱਸਿਆ ਕਿ ਰੇਸ਼ਮ ਦੇ ਕਹਿਣ ’ਤੇ ਉਸ ਨੇ ਰੇਸ਼ਮ ਨੂੰ 10 ਤੋਂ ਵੱਧ ਵਾਰ ਨਸ਼ੇ ਦੀ ਖੇਪ ਪਹੁੰਚਾਈ ਸੀ। ਹਰ ਖੇਪ ਵਿਚ 4 ਤੋਂ 8 ਕਿਲੋਗ੍ਰਾਮ ਹੈਰੋਇਨ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8