ਨਸ਼ਾ ਵਿਅਕਤੀ ਦੇ ਸਰੀਰ ਨੂੰ ਘੁਣ ਵਾਂਗ ਖਾ ਜਾਂਦਾ ਹੈ
Sunday, Jul 15, 2018 - 03:13 PM (IST)

ਮਾਨਸਾ(ਮਨਜੀਤ)— ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਕਪਤਾਨ ਸਚਿਨ ਗੁਪਤਾ ਦੀ ਅਗਵਾਈ ਹੇਠ ਅੱਜ ਪਿੰਡ ਬੁਰਜ ਢਿੱਲਵਾਂ ਵਿਖੇ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਂਝ ਕੇਂਦਰ ਇੰਚਾਰਜ ਥਾਣਾ ਜੋਗਾ ਜਸਵੀਰ ਸਿੰਘ ਨੇ ਸਮੂਹ ਪਿੰਡ ਵਾਸੀਆਂ ਸਮਾਜਿਕ, ਧਾਰਮਿਕ ਅਤੇ ਪਿੰਡ ਦੇ ਕਲੱਬ ਦੇ ਮੈਂਬਰਾਂ ਨੂੰ ਨਸ਼ੇ ਦੀ ਬੀਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਇਕੱਠੇ ਹੋ ਕੇ ਨਸ਼ੇ ਖਿਲਾਫ ਜ਼ੋਰਦਾਰ ਹੰਭਲਾ ਮਾਰੀਏ ਤਾਂ ਨਸ਼ੇ ਦਾ ਖਾਤਮਾ ਹੋ ਸਕਦਾ ਹੈ। ਪਿੰਡਾਂ ਵਿਚ ਨਸ਼ੇ ਕਰਨ ਵਾਲਿਆਂ ਨਾਲ ਕੌਂਸਲਿੰਗ ਕਰ ਕੇ ਨਸ਼ੇ ਦੇ ਬੁਰੇ ਨਤੀਜਿਆਂ ਬਾਰੇ ਦੱਸ ਕੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਨਸ਼ਾ ਛੁਡਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਨਸ਼ਾ ਕਰਨ ਵਾਲਿਆਂ ਨੂੰ ਪਿਆਰ ਨਾਲ ਸਮਝਾ ਕੇ ਅਤੇ ਯੋਗ ਤਰੀਕੇ ਨਾਲ ਨਸ਼ਾ ਛੱਡਣ ਲਈ ਸਹਿਮਤ ਕਰਨਾ ਚਾਹੀਦਾ ਹੈ। ਨਸ਼ਾ ਵਿਅਕਤੀ ਦੇ ਸਰੀਰ ਨੂੰ ਘੁਣ ਵਾਂਗ ਖਾ ਜਾਂਦਾ ਹੈ ਜੋ ਆਰਥਿਕ, ਸਰੀਰਕ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਕਰ ਦਿੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਖਾਤਮੇ ਲਈ ਜ਼ਮੀਨੀ ਪੱਧਰ 'ਤੇ ਪੁਲਸ ਵਿਭਾਗ ਦਾ ਸਹਿਯੋਗ ਕਰਨ ਤਾਂ ਜੋ ਨਸ਼ਿਆਂ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ। ਇਸ ਮੌਕੇ ਅਮਰੀਕ ਸਿੰਘ, ਹੌਲਦਾਰ ਧਰਮਪਾਲ ਅਤੇ ਸਾਂਝ ਕਰਮਚਾਰੀ ਪ੍ਰਦੀਪ ਸਿੰਘ ਆਦਿ ਕਲੱਬ ਦੇ ਮੈਂਬਰ ਹਾਜ਼ਰ ਸਨ।