ਕਿਸਾਨਾਂ ਤੇ ਦੋਹਰੀ ਮਾਰ,ਹੁਣ ਝੋਨਾ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਖਰੀਦਣ ਲਈ ਮਜ਼ਬੂਰ

06/12/2020 3:07:16 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਪਹਿਲਾਂ ਹੀ ਵੱਡੀ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਹੇ ਤੇ ਸਮੇਂ ਦੀਆਂ ਸਰਕਾਰਾਂ ਅਤੇ ਕੁਦਰਤੀ ਕਰੋਪੀਆ ਦਾ ਸ਼ਿਕਾਰ ਹੋ ਰਹੇ ਕਿਸਾਨ ਵਰਗ 'ਤੇ ਹਮੇਸ਼ਾ ਹੀ ਕੋਈ ਨਾ ਕੋਈ ਸਮੱਸਿਆ ਅਤੇ ਮੁਸ਼ਕਲ ਖੜ੍ਹੀ ਹੀ ਰਹਿੰਦੀ ਹੈ। ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਾਲਾ ਸ਼ਾਇਦ ਕੋਈ ਵੀ ਨਹੀਂ ਹੈ। ਨਾ ਹੀ ਕਿਸਾਨਾਂ ਦੇ ਅੰਦਰਲੇ ਦਰਦ ਨੂੰ ਸਮੇਂ ਦੇ ਹਾਕਮ ਸਮਝ ਨਹੀਂ ਰਹੇ। ਇਸ ਵੇਲੇ ਕਿਸਾਨਾਂ ਲਈ ਜੋ ਵੱਡੀ ਸਮੱਸਿਆ ਸਾਹਮਣੇ ਆਈ ਪਈ ਹੈ , ਉਹ ਹੈ ਖੇਤਾਂ ਵਿਚ ਨਹਿਰੀ ਪਾਣੀ ਦੀ ਘਾਟ ਦੀ। ਸਰਕਾਰੀ ਹਦਾਇਤਾਂ ਮਤਾਬਕ ਕਿਸਾਨਾਂ ਨੇ 10 ਜੂਨ ਤੋਂ ਖੇਤਾਂ ਵਿਚ ਝੋਨਾ ਲਗਾਉਣਾ ਸ਼ੁਰੂ ਕੀਤਾ ਹੋਇਆ ਹੈ। ਪ੍ਰਵਾਸੀ ਮਜ਼ਦੂਰ ਇਸ ਵਾਰ ਨਾ ਆਉਣ ਕਰਕੇ ਪੰਜਾਬੀ ਮਜਦੂਰਾਂ ਨੇ ਹੀ ਝੋਨਾ ਲਗਾਉਣ ਲਈ ਬੀੜਾ ਚੁੱਕਿਆ ਹੋਇਆ ਹੈ। ਪਰ ਝੋਨਾ ਲਗਾਉਣ ਲਈ ਖੇਤਾਂ ਵਿਚ ਪਾਣੀ ਭਰਨਾ ਜ਼ਰੂਰੀ ਹੈ। ਇਕ ਤਾਂ ਪਾਵਰਕਾਮ ਮਹਿਕਮੇਂ ਵੱਲੋਂ ਕਿਸਾਨਾਂ ਨੂੰ ਖੇਤਾਂ ਵਿਚ ਲੱਗੇ ਟਿਊਬਵੈਲਾ ਵਾਲੀ ਬਿਜਲੀ ਪੂਰੀ ਨਹੀ ਦਿੱਤੀ ਜਾ ਰਹੀ। ਜਿਸ ਕਰਕੇ ਟਿਊਬਵੈਲ ਚੱਲ ਨਹੀ ਰਹੇ ਅਤੇ ਘੱਟ ਬਿਜਲੀ ਨਾਲ ਕਿਸਾਨਾਂ ਦਾ ਕੰਮ ਨਹੀ ਚੱਲ ਰਿਹਾ।

PunjabKesari

ਦੂਜਾ ਮਾਮਲਾ ਨਹਿਰੀ ਪਾਣੀ ਦਾ ਹੈ

ਹਰ ਸਾਲ ਹੀ ਕਿਸਾਨਾਂ 'ਤੇ ਇਹ ਸੰਕਟ ਆਉਂਦਾ ਹੈ। ਆਰਥਿਕ ਪੱਖ ਤੋਂ ਪੂਰੀ ਤਰ੍ਹਾਂ ਝੰਬਿਆ ਪਿਆ ਕਿਸਾਨ ਵਰਗ ਪਰੇਸ਼ਾਨੀ ਦੇ ਆਲਮ ਵਿਚ ਹੈ। ਕਿਉਂਕਿ ਝੋਨਾ ਲਗਾਉਣ ਲਈ ਪਾਣੀ ਦੀ ਲੋੜ ਹੈ ਤੇ ਪਾਣੀ ਦੀ ਪੂਰਤੀ ਕਰਨ ਲਈ ਕਿਸਾਨਾਂ ਵੱਲੋਂ ਪੈਟਰੋਲ ਪੰਪਾਂ ਤੋਂ 70 ਰੁਪਏ ਪ੍ਰਤੀ ਲੀਟਰ ਡੀਜਲ ਖਰੀਦ ਕੇ ਇੰਜਨਾਂ, ਟਰੈਕਟਰਾਂ ਅਤੇ ਜਨਰੇਟਰਾਂ ਨਾਲ ਟਿਊਬਵੈਲ ਚਲਾ ਕੇ ਜਮੀਨਾਂ ਨੂੰ ਪਾਣੀ ਲਾਉਣਾ ਪੈ ਰਿਹਾ ਹੈ ਤੇ ਫਿਰ ਹੀ ਪਾਣੀ ਪੂਰਾ ਆਉਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਤੋਂ ਬਿਨਾਂ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਤੇ ਸ਼ਬਜੀਆ ਆਦਿ ਦਾ ਵੀ
ਨੁਕਸਾਨ ਹੋ ਰਿਹਾ ਹੈ।

ਚੰਦ ਭਾਨ ਡਰੇਨ ਵਿਚ ਪਾਣੀ ਵਗ ਰਿਹਾ ਹੈ ਘੱਟ

ਇਸ ਵੇਲੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਨੇਕਾ ਪਿੰਡਾਂ ਵਿਚੋਂ ਲੰਘਣ ਵਾਲੀ ਇਲਾਕੇ ਦੀ ਸਭ ਤੋਂ ਵੱਡੀ ਚੰਦ ਭਾਨ ਡਰੇਨ ਜੋ ਬਹੁਤੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਤੇ ਇਸ ਵਿਚੋਂ ਪੱਖਿਆਂ ਨਾਲ ਪਾਣੀ ਚੁੱਕ ਕੇ ਕਿਸਾਨ ਦੂਰ-ਦੂਰ ਤੱਕ ਆਪਣੇ ਖੇਤਾਂ  ਨੂੰ
ਲਾਉਂਦੇ ਹਨ। ਇਸ ਦੇ ਵਿਚ ਵੀ ਪਾਣੀ ਥੋੜ੍ਹਾ-ਥੋੜ੍ਹਾ ਹੀ ਵਗ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਕਿ ਇਸ ਡਰੇਨ ਵਿਚ ਪਾਣੀ ਛੱਡਿਆ ਜਾਵੇ। ਜਿਕਰਯੋਗ ਹੈ ਕਿ ਉਕਤ ਡਰੇਨ ਦੀ ਪੱਟੜੀ ਦੇ ਦੋਵੇਂ ਪਾਸੀ ਕਿਸਾਨਾਂ ਨੇ ਸੈਕੜੇ ਪੱਖੇ ਪਾਣੀ ਚੁੱਕਣ ਲਈ ਰੱਖੇ ਹੋਏ ਹਨ। ਨਹਿਰੀ ਪਾਣੀ ਦੀ
ਘਾਟ ਇਸ ਖੇਤਰ ਵਿਚ ਪਹਿਲਾਂ ਤੋਂ ਹੀ ਰੜਕ ਰਹੀ ਹੈ। ਟੇਲਾਂ ਤੇ ਪੈਂਦੇ ਪਿੰਡਾਂ ਦੇ ਕਿਸਾਨ ਤਾਂ ਹੋਰ ਵੀ ਪ੍ਰੇਸ਼ਾਨ ਹਨ।

PunjabKesari

ਕਿਸਾਨ ਟਿਊਬਵੈਲਾਂ ਦੀਆਂ ਮੋਟਰਾਂ ਧਰਤੀ ਵਿਚ ਟੋਏ ਪੁੱਟ ਕੇ ਰੱਖਣ ਲੱਗੇ

ਇਸ ਖੇਤਰ ਵਿਚ ਧਰਤੀ ਹੇਠਲਾਂ ਪਾਣੀ ਪਹਿਲਾਂ ਨਾਲੋ ਕਾਫ਼ੀ  ਡੂੰਘਾ ਹੋ ਗਿਆ ਹੈ । ਜਿਸ ਕਰਕੇ ਟਿਊਬਵੈਲਾਂ ਦਾ ਪਾਣੀ ਵੀ ਹੇਠਾਂ ਚਲਾ ਗਿਆ ਹੈ। ਮਜਬੂਰੀ ਵੱਸ ਕੁਝ ਕਿਸਾਨ ਟਿਊਬਵੈਲਾ ਦੀਆਂ ਮੋਟਰਾਂ ਨੂੰ ਧਰਤੀ ਵਿਚ 7-8 ਫੁੱਟ ਡੂੰਘੇ ਟੋਏ ਪੁੱਟ ਕੇ ਰੱਖ ਰਹੇ ਹਨ, ਕਿਉਂਕਿ ਪਾਣੀ ਡੂੰਘਾ ਹੋਣ ਕਰਕੇ ਮੋਟਰਾਂ ਪਾਣੀ ਨਹੀਂ ਚੁੱਕ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਥਾਵਾਂ ਤੇ ਧਰਤੀ ਹੇਠਲਾਂ ਪਾਣੀ ਖਰਾਬ ਹੋ ਰਿਹਾ ਹੈ। ਮਾੜੇ ਥਾਵਾਂ ਤੇ ਟਿਊਬਵੈਲਾਂ ਦਾ ਪਾਣੀ ਧਰਤੀ ਨੂੰ ਬੰਜਰ ਬਨਾਉਦਾ ਹੈ ਤੇ ਜਮੀਨਾਂ ਵਿਚ ਸ਼ੋਰਾ ਅਤੇ ਤੇਜਾਬ ਦੇ ਤੱਤ ਪੈਦਾ ਕਰਦਾ ਹੈ। ਕਈ ਕਿਸਾਨ ਪਹਿਲਾਂ ਚੱਲ ਰਹੇ ਟਿਊਬਵੈਲਾਂ ਦੇ ਨਾਲ ਇਕ-ਇਕ ਬੋਰ ਹੋਰ ਕਰ ਰਹੇ ਹਨ ਤਾਂ ਕਿ ਪਾਣੀ ਦੀ ਮਾਤਰਾ ਨੂੰ ਵਧਾਇਆ ਜਾ ਸਕੇ। 

ਕਿਸਾਨੀ ਸਮੱਸਿਆ ਵੱਲ ਧਿਆਨ ਦੇਵੇ ਸਰਕਾਰ

ਕਿਸਾਨ ਕੇਵਲ ਸਿੰਘ, ਪਰਮਿੰਦਰ ਸਿੰਘ ਕੌੜਿਆਂਵਾਲੀ, ਸਿਮਰਜੀਤ ਸਿੰਘ ਲੱਖੇਵਾਲੀ, ਸ਼ੇਰਬਾਜ ਸਿੰਘ ਬਰਾੜ, ਬਿਕਰਮਜੀਤ ਸਿੰਘ ਸੰਮੇਵਾਲੀ, ਜਰਨੈਲ ਸਿੰਘ ਬੱਲਮਗੜਤੇ ਜਗਸੀਰ ਸਿੰਘ ਰਾਮਗੜ ਚੂੰਘਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬੇ ਦੀ ਕਾਂਗਰਸ
ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝੇ ਅਤੇ ਖੇਤੀ ਲਈ ਨਹਿਰੀ ਪਾਣੀ ਅਤੇ ਟਿਊਬਵੈਲਾਂ ਵਾਲੀ ਬਿਜਲੀ ਵੱਲ ਵਿਸੇਸ਼ ਧਿਆਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਨਹਿਰ ਮਹਿਕਮਾ ਉਸ ਸਮੇਂ ਪਾਣੀ ਦੀ ਬੰਦੀ ਨਾ ਕਰੇ , ਜਦ
ਕਿਸਾਨਾਂ ਨੂੰ ਬੀਜ ਬਜਾਈ ਲਈ ਪਾਣੀ ਦੀ ਵੱਧ ਲੋੜ ਹੁੰਦੀ ਹੈ।

ਕੀ ਕਹਿਣਾ ਹੈ ਕਿਸਾਨ ਜਥੇਬੰਦੀ ਦਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਗੁਰਾਂਦਿੱਤਾ ਸਿੰਘ ਭਾਗਸਰ, ਰਾਜਾ ਸਿੰਘ ਮਹਾਂਬੱਧਰ, ਕਾਮਰੇਡ ਜਗਦੇਵ ਸਿੰਘ ਅਤੇ ਸੁਖਰਾਜ ਸਿੰਘ ਰਹੂੜਿਆਂਵਾਲੀ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਡੀਜਲ ਘੱਟ ਤੋਂ ਘੱਟ ਰੇਟ 'ਤੇ ਮੁਹੱਈਆ ਕਰਵਾਇਆ ਜਾਵੇ, ਖੇਤਾਂ ਵਾਲੀ ਬਿਜਲੀ ਘੱਟੋ-ਘੱਟ 16 ਘੰਟੇ ਹਰ ਰੋਜ਼ ਦਿੱਤੀ ਜਾਵੇ ਅਤੇ ਨਹਿਰੀ ਪਾਣੀ ਦੀ ਘਾਟ ਦੂਰ ਕੀਤੀ ਜਾਵੇ। ਫਸਲਾਂ ਦੀ ਬੀਜ-ਬਿਜਾਈ ਸਮੇਂ ਨਹਿਰ ਮਹਿਕਮੇ ਵੱਲੋਂ ਨਹਿਰਾਂ ਅਤੇ ਰਜਬਾਹਿਆਂ ਆਦਿ ਵਿਚ ਨਹਿਰੀ ਪਾਣੀ ਦੇ ਕੱਟ ਨਾ ਲਗਾਏ ਜਾਣ।


Harinder Kaur

Content Editor

Related News