ਕੋਰੋਨਾ ਜਾਂਚ ਦਾ ਭੰਬਲਭੂਸਾ : ਡਾਕਟਰ ਨੇ ਜਨਾਨੀ ਨੂੰ ਦੱਸਿਆ ਪਾਜ਼ੇਟਿਵ, ਸਿਹਤ ਮਹਿਕਮੇ ਦਾ ਸੁਨੇਹਾ ਆਇਆ ''ਨੈਗੇਟਿਵ''
Wednesday, Sep 16, 2020 - 06:09 PM (IST)
ਲੁਧਿਆਣਾ (ਰਾਜ): ਡਾਕਟਰ ਵਲੋਂ ਪਾਜ਼ੇਟਿਵ ਦੱਸੇ ਜਾਣ ਤੋਂ ਬਾਅਦ ਹੈਲਥ ਵਿਭਾਗ ਵਲੋਂ ਭੇਜੇ ਗਏ ਮੈਸੇਜ ਵਿਚ ਨੈਗੇਟਿਵ ਰਿਪੋਰਟ ਆਉਣ ਦਾ ਅਜੇ ਪਹਿਲਾ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਕਿ ਦੂਜਾ ਮਾਮਲਾ ਸਾਹਮਣੇ ਆ ਗਿਆ, ਜਿਸ ਵਿਚ ਐੱਮ. ਸੀ. ਐੱਚ. ਵਿਚ ਗਰਭਵਤੀ ਜਨਾਨੀ ਦਾ ਟੈਸਟ ਹੋਇਆ, ਜੋ ਕਿ ਡਾਕਟਰਾਂ ਨੇ ਪਾਜ਼ੇਟਿਵ ਦੱਸਿਆ ਅਤੇ ਇਸ ਤੋਂ ਬਾਅਦ ਜਨਾਨੀ ਦਾ ਆਪ੍ਰੇਸ਼ਨ ਕੀਤਾ।ਹਾਲਾਂਕਿ ਆਪ੍ਰੇਸ਼ਨ ਸਹੀ ਸਲਾਮਤ ਹੋਇਆ ਅਤੇ ਜਨਾਨੀ ਦੇ ਪੁੱਤਰ ਪੈਦਾ ਹੋਇਆ ਪਰ ਆਪ੍ਰੇਸ਼ਨ ਤੋਂ ਬਾਅਦ ਜਨਾਨੀ ਦੇ ਪਤੀ ਦੇ ਮੋਬਾਇਲ 'ਤੇ ਹੈਲਥ ਵਿਭਾਗ ਵੱਲੋਂ ਕੋਵਿਡ-19 ਦਾ ਨੈਗੇਟਿਵ ਮੈਸੇਜ ਆਇਆ।
ਇਹ ਵੀ ਪੜ੍ਹੋ: ਲਾਪਤਾ ਵਿਆਹੁਤਾ ਦੀ ਲਾਸ਼ ਰਜਬਾਹੇ 'ਚੋਂ ਮਿਲਣ ਕਾਰਨ ਫ਼ੈਲੀ ਸਨਸਨੀ; ਪਰਿਵਾਰ ਨੇ ਪਤੀ ਸਿਰ ਮੜਿਆ ਦੋਸ਼
ਪਤੀ ਦਾ ਦੋਸ਼ ਹੈ ਕਿ ਜਦੋਂ ਉਹ ਡਿਊਟੀ ਨਰਸ ਤੋਂ ਇਸ ਸਬੰਧੀ ਪੁੱਛਣ ਗਿਆ ਤਾਂ ਨਰਸ ਨੇ ਉਸ ਨਾਲ ਬੁਰਾ ਸਲੂਕ ਕੀਤਾ। ਜਨਾਨੀ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਮਦਰ ਐਂਡ ਚਾਈਲਡ ਵਿਚ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਨੂੰ ਪ੍ਰੇਸ਼ਾਨੀ ਹੈ ਕਿ ਕਿਤੇ ਜੱਚਾ-ਬੱਚਾ ਕੋਵਿਡ ਵਾਰਡ ਵਿਚ ਰਹਿ ਕੇ ਪਾਜ਼ੇਟਿਵ ਨਾ ਹੋ ਜਾਣ। ਧਾਂਦਰਾਂ ਰੋਡ ਸਥਿਤ ਪਿੰਡ ਖੇੜੀ ਦੇ ਰਹਿਣ ਵਾਲੇ ਸੋਮਨਾਥ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਮੀਨਾ ਗਰਭਵਤੀ ਸੀ। ਉਹ ਤੜਕੇ 7 ਵਜੇ ਆਪਣੇ ਪਤਨੀ ਨੂੰ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਵਿਭਾਗ ਵਿਚ ਲੈ ਆਇਆ ਸੀ। ਸਵੇਰੇ ਪਹਿਲਾਂ ਡਾਕਟਰ ਨੇ ਉਸ ਦੀ ਪਤਨੀ ਦਾ ਕੋਵਿਡ-19 ਦਾ ਟੈਸਟ ਕੀਤਾ, ਜੋ ਕਿ ਸੈਂਪਲ ਹੀ ਗੁੰਮ ਕਰ ਦਿੱਤਾ। ਇਸ ਤੋਂ ਬਾਅਦ ਦੂਜਾ ਟੈਸਟ ਕੀਤਾ। ਉਸ ਦੀ ਰਿਪੋਰਟ ਡਾਕਟਰ ਨੇ ਪਾਜ਼ੇਟਿਵ ਦੱਸੀ। ਫਿਰ ਕਿੱਟ ਪਹਿਨ ਕੇ ਡਾਕਟਰਾਂ ਨੇ ਉਸ ਦੀ ਪਤਨੀ ਦਾ ਆਪ੍ਰੇਸ਼ਨ ਕੀਤਾ। ਇਸ ਤੋਂ ਬਾਅਦ ਉਸ ਦੇ ਬੇਟਾ ਪੈਦਾ ਹੋਇਆ। ਡਾਕਟਰਾਂ ਨੇ ਜੱਚਾ-ਬੱਚਾ ਨੂੰ ਕੋਰੋਨਾ ਵਾਰਡ ਵਿਚ ਸ਼ਿਫਟ ਕਰ ਦਿੱਤਾ ਪਰ ਬਾਅਦ ਵਿਚ ਉਸ ਦੇ ਮੋਬਾਇਲ 'ਤੇ ਮੈਸੇਜ ਆਇਆ ਕਿ ਉਸ ਦੀ ਪਤਨੀ ਦਾ ਟੈਸਟ ਨੈਗੇਟਿਵ ਆਇਆ ਹੈ।
ਇਹ ਵੀ ਪੜ੍ਹੋ: ਖੇਤੀ ਆਰਡੀਨੈਂਸ ਖ਼ਿਲਾਫ਼ ਕਿਸਾਨਾਂ ਨਾਲ ਡਟ ਕੇ ਖੜੇਗਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ: ਪਰਮਿੰਦਰ ਢੀਂਡਸਾ
ਸੋਮਨਾਥ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਡਿਊਟੀ 'ਤੇ ਤਾਇਨਾਤ ਨਰਸ ਤੋਂ ਪੁੱਛਣ ਗਿਆ ਪਰ ਉਸ ਨੂੰ ਜਵਾਬ ਦੇਣ ਦੀ ਬਜਾਏ ਨਰਸ ਨੇ ਉਸ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਅਤੇ ਆਪਣੀਆਂ ਪਤਨੀ ਅਤੇ ਬੱਚੇ ਨੂੰ ਉਥੋਂ ਲਿਜਾਣ ਦੀ ਗੱਲ ਕਹਿ ਦਿੱਤੀ। ਸੋਮਨਾਥ ਦਾ ਦੋਸ਼ ਹੈ ਕਿ ਹੁਣ ਉਸ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਸ ਦੀ ਪਤਨੀ ਪਾਜ਼ੇਟਿਵ ਹੈ ਜਾਂ ਨੈਗੇਟਿਵ। ਜੇਕਰ ਮੈਸੇਜ ਮੁਤਾਬਕ ਚੱਲੀਏ ਤਾਂ ਉਸ ਦੀ ਪਤਨੀ ਨੈਗੇਟਿਵ ਹੈ ਪਰ ਅਜਿਹੇ ਵਿਚ ਕੋਵਿਡ ਵਾਰਡ ਵਿਚ ਹੋਣ ਕਾਰਨ ਉਸ ਦੀ ਪਤਨੀ ਪਾਜ਼ੇਟਿਵ ਜ਼ਰੂਰ ਹੋ ਜਾਵੇਗੀ ਅਤੇ ਉਸ ਦੇ ਬੱਚੇ ਨੂੰ ਵੀ ਪ੍ਰੇਸ਼ਾਨੀ ਆ ਸਕਦੀ ਹੈ। ਸੋਮਨਾਥ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਉਸ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ।
ਇਹ ਵੀ ਪੜ੍ਹੋ: ਸੜਕ ਹਾਦਸੇ ਕਾਰਨ ਘਰ 'ਚ ਵਿਛਿਆ ਸੱਥਰ,3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ