ਆਵਾਰਾ ਪਸ਼ੂਆਂ ਦੇ ਮਸਲੇ ਨੂੰ ਲੈ ਕੇ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ
Friday, Dec 13, 2019 - 02:24 PM (IST)

ਧੂਰੀ (ਦਵਿੰਦਰ ਖਿੱਪਲ) : ਸ਼ਹਿਰ 'ਚ ਆਵਾਰਾ ਪਸ਼ੂਆਂ ਕਾਰਨ ਹੋ ਰਹੇ ਜਾਨੀ-ਮਾਲੀ ਨੁਕਸਾਨ ਅਤੇ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਾ ਦੇਣ ਦੇ ਰੋਸ ਵਜੋਂ ਸਾਂਝਾ ਸਮਾਜ ਕਲਿਆਣ ਮੋਰਚੇ ਵੱਲੋਂ ਲੰਘੇ ਦਿਨੀਂ ਨਗਰ ਕੌਂਸਲ ਦਫਤਰ ਅੱਗੇ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅਤੇ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ।
ਧਰਨਾਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਅੰਦਰ ਘੁੰਮ ਰਹੇ ਆਵਾਰਾ ਪਸ਼ੂਆਂ ਕਾਰਣ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ। ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਖਾਤਰ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਉਨ੍ਹਾਂ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ ਕਿ ਇਸ ਧਰਨੇ ਅਤੇ ਭੁੱਖ ਹੜਤਾਲ ਦੌਰਾਨ ਨਾ ਤਾਂ ਨਗਰ ਕੌਂਸਲ ਦਾ ਪ੍ਰਧਾਨ ਅਤੇ ਨਾ ਹੀ ਕਾਰਜਸਾਧਕ ਅਫਸਰ ਸਮੇਤ ਕੋਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਹੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪੁੱਜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਵੱਲੋਂ ਛੇਤੀ ਇਸ ਮਸਲੇ ਦਾ ਕੋਈ ਠੋਸ ਹੱਲ ਨਾ ਕੱਢਿਆ ਗਿਆ ਤਾਂ ਉਹ ਕੌਂਸਲ ਪ੍ਰਧਾਨ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ ਅਤੇ ਘਰਾਂ ਅੱਗੇ ਇਨ੍ਹਾਂ ਪਸ਼ੂਆਂ ਨੂੰ ਛੱਡਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।