ਆਵਾਰਾ ਪਸ਼ੂਆਂ ਦੇ ਮਸਲੇ ਨੂੰ ਲੈ ਕੇ ਭੁੱਖ ਹੜਤਾਲ ਲਗਾਤਾਰ 6ਵੇਂ ਦਿਨ ਵੀ ਜਾਰੀ

12/16/2019 5:27:24 PM

ਧੂਰੀ (ਸੰਜੀਵ ਜੈਨ) : ਸਾਂਝਾ ਸਮਾਜ ਕਲਿਆਣ ਮੋਰਚਾ ਧੂਰੀ ਵੱਲੋਂ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਦੀ ਮੰਗ ਨੂੰ ਲੈ ਕੇ 11 ਦਸੰਬਰ ਤੋਂ ਸਥਾਨਕ ਨਗਰ ਕੌਂਸਲ ਦੇ ਗੇਟ ਅੱਗੇ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਲੜੀਵਾਰ ਭੁੱਖ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਨਗਰ ਕੌਂਸਲ ਦਾ ਗੇਟ ਬੰਦ ਕਰਕੇ ਦਫਤਰੀ ਆਵਾਜਾਈ ਵੀ ਬੰਦ ਰੱਖੀ ਗਈ। ਅੱਜ ਦੀ ਇਸ ਭੁੱਖ ਹੜਤਾਲ 'ਤੇ ਬੈਠਣ ਵਾਲਿਆਂ ਵਿਚ ਜਰਨੈਲ ਸਿੰਘ ਜਹਾਂਗੀਰ, ਰਮੇਸ਼ ਕੁਮਾਰ ਸ਼ਰਮਾ, ਪ੍ਰੀਤ ਧੂਰੀ, ਨਰੇਸ਼ ਸਿੰਗਲਾ, ਸੁਖਵਿੰਦਰ ਸਿੰਘ, ਗੋਬਿੰਦ, ਅਤਬਾਰ ਸਿੰਘ ਬਾਦਸ਼ਾਹਪੁਰ, ਗੁਰਦੇਵ ਸਿੰਘ ਤੁੰਗਾਂ, ਸਤਵੰਤ ਸਿੰਘ ਢਢੋਗਲ, ਮਹਿੰਦਰ ਸਿੰਘ ਸਲੇਮਪੁਰ ਅਤੇ ਅਮਰੀਕ ਸਿੰਘ ਤੁੰਗਾਂ ਵੀ ਸ਼ਾਮਲ ਸਨ।

ਇਸ ਮੌਕੇ ਮੋਰਚੇ ਦੇ ਕਨਵੀਨਰ ਡਾ. ਅਨਵਰ ਭਸੌੜ, ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ, ਜਰਨੈਲ ਸਿੰਘ ਜਹਾਂਗੀਰ, ਅਤਬਾਰ ਸਿੰਘ ਬਾਦਸ਼ਾਹਪੁਰ ਅਤੇ ਰਮੇਸ਼ ਕੁਮਾਰ ਸ਼ਰਮਾ ਆਦਿ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਹੀ ਲੋਕਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਅਤੇ ਲੋਕ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਸੜਕਾਂ 'ਤੇ ਆਉਣ ਲਈ ਮਜਬੂਰ ਹੋ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਚੋਣਾਂ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਮੁੱਕਰ ਰਹੀ ਹੈ। ਇਕ ਪਾਸੇ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾ ਰਹੀ ਹੈ, ਪਰ ਦੂਜੇ ਪਾਸੇ ਸਲਾਹਕਾਰਾਂ ਦੀ ਫੌਜ ਖੜ੍ਹੀ ਕਰਕੇ ਖਜ਼ਾਨੇ 'ਤੇ ਵਾਧੂ ਵਿੱਤੀ ਬੋਝ ਪਾਇਆ ਜਾ ਰਿਹਾ ਹੈ।

ਇਸ ਮੌਕੇ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਸਤੀਸ਼ ਚੰਦ ਗਰਗ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਗਊਸ਼ਾਲਾ ਨਾਲ ਸੰਪਰਕ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋ ਗਊ ਸੈੱਸ ਦਾ ਕੋਈ ਪੈਸਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਦਾਇਤਾਂ ਮੁਤਾਬਕ ਨਗਰ ਕੌਂਸਲ ਨੂੰ ਗਊ ਸੈੱਸ ਵਸੂਲਣ ਦੇ ਮਿਲੇ ਅਧਿਕਾਰਾਂ ਤਹਿਤ ਸਬੰਧਤ ਲੋਕਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਅਤੇ ਵਸੂਲਿਆ ਜਾਣ ਵਾਲਾ ਗਊ ਸੈੱਸ ਸਹੀ ਅਰਥਾਂ ਵਿਚ ਪਸ਼ੂ ਭਲਾਈ ਲਈ ਖਰਚਿਆ ਜਾਵੇਗਾ।

ਬਾਅਦ 'ਚ ਨਗਰ ਕੌਸਲ ਦਫਤਰ ਵਿਖੇ ਪੁੱਜੇ ਐਸ.ਡੀ.ਐਮ ਧੂਰੀ ਸਤਵੰਤ ਸਿੰਘ, ਕੌਂਸਲ ਪ੍ਰਧਾਨ ਅਤੇ ਕਾਰਜਸਾਧਕ ਅਫਸਰ ਵਲੋਂ ਮੋਰਚੇ ਦੇ ਆਗੂਆਂ ਨਾਲ ਇਕ ਮੀਟਿੰਗ ਕੀਤੀ ਗਈ। ਬਾਅਦ 'ਚ ਮੋਰਚੇ ਦੇ ਕਨਵੀਨਰ ਡਾ. ਅਨਵਰ ਭਸੌੜ ਨੇ ਕਿਹਾ ਕਿ ਜਿੰਨੀ ਦੇਰ ਤੱਕ ਮਸਲੇ ਦੇ ਪੱਕੇ ਹੱਲ ਦਾ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਸੁਖਵੰਤ ਸਿੰਘ ਗੁੱਡੂ, ਬਿਮਲਦੀਪ ਸਿੰਘ ਰੂਬੀ ਰਾਜੋਮਾਜਰਾ, ਬਾਬੂ ਸਿੰਘ ਪੇਧਨੀ ਆਦਿ ਵੀ ਮੌਜੂਦ ਸਨ।


cherry

Edited By cherry