ਪਾਬੰਦੀ ਦੇ ਬਾਵਜੂਦ ਧਡ਼ੱਲੇ ਨਾਲ ਵਿਕ ਰਹੀ ਹੈ ਚਾਈਨਾ ਡੋਰ
Monday, Jan 07, 2019 - 02:56 AM (IST)
ਭਵਾਨੀਗਡ਼੍ਹ,(ਸੰਜੀਵ)- ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ ,ਜਿਨ੍ਹਾਂ ’ਚੋਂ ਇਕ ਲੋਹਡ਼ੀ ਦਾ ਤਿਉਹਾਰ ਵੀ ਆਉਂਦਾ ਹੈ, ਜੋ ਪੂਰੇ ਉੱਤਰੀ ਭਾਰਤ ਖਾਸ ਕਰਕੇ ਪੰਜਾਬ ’ਚ ਉਚੇਚੇ ਤੌਰ ’ਤੇ ਬਡ਼ੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਹਡ਼ੀ ਦਾ ਤਿਉਹਾਰ ਆਉਂਦਿਆਂ ਹੀ ਲੋਕ ਪਤੰਗਬਾਜ਼ੀ ਨੂੰ ਅਹਿਮ ਮੰਨਦਿਆਂ ਇਸ ਨੂੰ ਬਡ਼ੇ ਚਾਵਾਂ ਨਾਲ ਮਨਾਉਂਦੇ ਹਨ। ਜੇਕਰ ਇਕ ਝਾਤ 8-10 ਸਾਲ ਪਿੱਛੇ ਮਾਰੀਏ ਤਾਂ ਲੋਕ ਲੋਹਡ਼ੀ ਤੋਂ ਇਕ ਮਹੀਨਾ ਪਹਿਲਾਂ ਹੀ ਕੱਚੇ ਧਾਗੇ ਵਾਲੀ ਡੋਰ ਨੂੰ ਰੰਗ ਲਵਾ ਕੇ ਤਿਆਰੀਆਂ ਕਰਦੇ ਸਨ ਅਤੇ ਪਤੰਗ ਉਡਾਉਂਦੇ ਸਨ ਪਰ ਹੁਣ ਥੋਡ਼੍ਹੇ ਸਮੇਂ ਤੋਂ ਚਾਈਨਾ ਡੋਰ ਨੇ ਮਾਰਕੀਟ ’ਚ ਆ ਕੇ ਇਸ ਤਿਉਹਾਰ ਨੂੰ ਫਿੱਕਾ ਕਰ ਕੇ ਰੱਖ ਦਿੱਤਾ ਹੈ ,ਉੱਥੇ ਹੀ ਧਾਗੇ ਵਾਲੀ ਡੋਰ ਤੋਂ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਵਾਲੇ ਕਾਰੀਗਰਾਂ ਨੂੰ ਵੀ ਵਿਹਲੇ ਕਰ ਦਿੱਤਾ ਹੈ ਪਰ ਕਈ ਸਾਲਾਂ ਤੋਂ ਚਾਈਨਾ ਡੋਰ ਦੀ ਵਰਤੋਂ ’ਤੇ ਸਰਕਾਰ ਵੱਲੋਂ ਪਾਬੰਦੀ ਲਾਏ ਜਾਣ ਦੇ ਬਾਵਜੂਦ ਇਹ ਡੋਰ ਸ਼ਹਿਰ ਵਿਚ ਅਤੇ ਹੋਰ ਵੱਖ-ਵੱਖ ਥਾਵਾਂ ’ਤੇ ਬਿਨਾਂ ਪ੍ਰਸ਼ਾਸਨ ਦੇ ਡਰੋਂ ਧਡ਼ੱਲੇ ਨਾਲ ਵਿਕ ਰਹੀ ਹੈ। ਚਾਈਨਾ ਡੋਰ ਨਾਲ ਜਦ ਕਿਸੇ ਵਿਅਕਤੀ ਦਾ ਗਲਾ ਜਾਂ ਹੋਰ ਅੰਗ ਕੱਟੇ ਜਾਣ ਕਾਰਨ ਮੌਤ ਵੀ ਹੋ ਜਾਂਦੀ ਹੈ ਤਾਂ ਕੁੱਝ ਦਿਨਾਂ ਲਈ ਇਸ ਡੋਰ ਦੇ ਵਿਰੋਧ ’ਚ ਰੌਲਾ ਪੈਂਦਾ ਹੈ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਸਰਗਰਮੀਆਂ ਵਿਖਾਈਆਂ ਜਾਂਦੀਆਂ ਹਨ ਪਰ ਫਿਰ ਕੁਝ ਦਿਨਾਂ ਬਾਅਦ ਆਮ ਦੀ ਤਰ੍ਹਾਂ ਚਾਈਨਾ ਡੋਰ ਦਾ ਧੰਦਾ ਚੱਲ ਪੈਂਦਾ ਹੈ। ਇਸ ਡੋਰ ’ਚ ਧਾਗਾ ਅਜਿਹਾ ਹੁੰਦਾ ਹੈ ਜੋ ਧਾਤੂ ਦਾ ਬਣਿਆ ਹੁੰਦਾ ਹੈ, ਜਿਸ ’ਚ ਬਿਜਲੀ ਦੀ ਤਾਰ ਨੂੰ ਛੂਹਣ ਨਾਲ ਕਰੰਟ ਆ ਜਾਂਦਾ ਹੈ, ਜੋ ਮੌਤ ਦਾ ਕਾਰਨ ਬਣਦਾ ਹੈ। ਇਹ ਡੋਰ ਛੇਤੀ ਨਾ ਟੁੱਟਣ ਕਾਰਨ ਪਤੰਗ ਉਡਾ ਰਹੇ ਬੱਚਿਆਂ ਤੇ ਨੌਜਵਾਨਾਂ ਦੇ ਹੱਥਾਂ ਨੂੰ ਵੀ ਜ਼ਖਮੀ ਕਰ ਦਿੰਦੀ ਹੈ ਅਤੇ ਵਿਅਕਤੀਆਂ ਦੇ ਨਾਲ-ਨਾਲ ਪੰਛੀਆਂ ਨੂੰ ਵੀ ਮੌਤ ਦੇ ਘਾਟ ਉਤਾਰਦੀ ਹੈ। ਸੂਤਰ ਦੱਸਦੇ ਹਨ ਕਿ ਇਸ ਡੋਰ ਦੀ ਵਿਕਰੀ ਕਰਨ ਵਾਲੇ ਆਪਣੀ ਦੁਕਾਨ ’ਤੇ ਸੌਦਾ ਕਰਦੇ ਹਨ ਪਰ ਡਲਿਵਰੀ ਕਿਸੇ ਦੂਜੀ ਥਾਂ ਤੋਂ ਦਿੰਦੇ ਹਨ। ਇਸ ਚਾਈਨਾ ਡੋਰ ਦੀ ਵਿਕਰੀ ਅਜਕੱਲ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ।
ਖੁਸ਼ੀ ਨੂੰ ਗਮੀ ’ਚ ਬਦਲ ਸਕਦੀ ਹੈ ਚਾਈਨਾ ਡੋਰ
ਪੰਜਾਬ ’ਚ ਲੋਹਡ਼ੀ ਦਾ ਤਿਉਹਾਰ ਤਿੱਲ, ਗੁਡ਼ ਦੀ ਮਿਠਾਸ ਦੇ ਨਾਲ-ਨਾਲ ਪਤੰਗਬਾਜ਼ੀ ਦੇ ਉਤਸ਼ਾਹ ਦਾ ਵੀ ਤਿਉਹਾਰ ਹੈ ਪਰ ਪਤੰਗਬਾਜ਼ੀ ਦੇ ਪੇਚ ਲਡ਼ਾ ਕੇ ਹਰ ਪਲ ਰੋਮਾਂਚ ਨਾਲ ਖੁਸ਼ੀਆਂ ਭਰ ਦੇਣ ਵਾਲਾ ਇਹੀ ਤਿਉਹਾਰ ਇਕ ਪਲ ਵਿਚ ਹੀ ਸਾਰੀਆਂ ਖੁਸ਼ੀਆਂ ਖੋਹ ਕੇ ਗਮੀਆਂ ’ਚ ਬਦਲ ਸਕਦਾ ਹੈ। ਪਤੰਗਬਾਜ਼ੀ ਲਈ ਜਿਸ ਚਾਈਨਾ ਡੋਰ ਦਾ ਤੁਸੀਂ ਇਸਤੇਮਾਲ ਕਰਦੇ ਹੋ ਉਹ ਬੇਹੱਦ ਖਤਰਨਾਕ ਹੈ। ਇਹ ਡੋਰ ਤੁਹਾਨੂੰ ਜ਼ਖਮੀ ਹੀ ਨਹੀਂ ਕਰਦੀ ਬਲਕਿ ਤੁਹਡੀ ਜ਼ਿੰਦਗੀ ਵੀ ਖੋਹ ਸਕਦੀ ਹੈ। ਪਤੰਗ ਕੱਟਣ ਤੋਂ ਬਾਅਦ ਜੇਕਰ ਇਹ ਡੋਰ ਬਿਜਲੀ ਦੀਆਂ ਤਾਰਾਂ ਨਾਲ ਲੱਗਦੀ ਹੈ ਤਾਂ ਇਸ ’ਚ ਕਰੰਟ ਆ ਜਾਂਦਾ ਹੈ ਤੇ ਡੋਰ ਛੂਹਣ ਵਾਲੇ ਕਿਸੇ ਵੀ ਵਿਅਕਤੀ ਦੀ ਜਾਨ ਜਾ ਸਕਦੀ ਹੈ।
ਸ਼ਰੇਆਮ ਹੁੰਦੀ ਹੈ ਕਾਲਾਬਾਜ਼ਾਰੀ
ਭਾਵੇਂ ਹਰ ਸਾਲ ਇਸ ਡੋਰ ਦੀ ਵਰਤੋ, ਵਿਕਰੀ ਤੇ ਸਟੋਰ ਕਰਨ ’ਤੇ ਪ੍ਰਸ਼ਾਸਨ ਵੱਲੋਂ ਪਾਬੰਦੀ ਦੇ ਹੁਕਮ ਲਾਗੂ ਕੀਤੇ ਜਾਂਦੇ ਹਨ ਪਰ ਇਨ੍ਹਾਂ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਸ਼ਰੇਆਮ ਇਸ ਦੀ ਵਰਤੋ ਤੇ ਕਾਲਾਬਾਜ਼ਾਰੀ ਹੋ ਰਹੀ ਹੈ। ਇਸ ਵਾਰ ਤਾਂ ਚਾਈਨਾ ਡੋਰ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨੇ ਨਵਾਂ ਤਰੀਕਾ ਲੱਭ ਲਿਆ ਹੈ। ਕਾਲਾਬਾਜ਼ਾਰੀਆਂ ਵੱਲੋਂ ਇਸ ਡੋਰ ਦੇ ਗੱਟੂਆਂ ਤੇ ਪਤੰਗ ਉਡਾਉਣ ਲਈ ਨਹੀਂ ਲਿਖਿਆ ਜਾ ਰਿਹਾ ਜੋ ਪ੍ਰਸ਼ਾਸਨ ਦੇ ਅੱਖਾਂ ’ਚ ਘੱਟਾ ਪਾਉਣ ਤੋਂ ਵੱਧ ਕੁੱਝ ਵੀ ਨਹੀਂ ਹੈ ।
ਜਦੋਂ ਇਸ ਸਬੰਧੀ ਏ. ਡੀ. ਸੀ. ਰਾਜਦੀਪ ਸਿੰਘ ਬਰਾਡ਼ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚਾਈਨਾ ਡੋਰ ’ਤੇ ਪਾਬੰਦੀ ਲਾਈ ਹੋਈ ਹੈ ਜੇਕਰ ਫੇਰ ਵੀ ਕੋਈ ਇਸ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਕਰਦਾ ਫਡ਼ਿਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਦੂਜੇ ਪਾਸੇ ਜਦੋਂ ਇਸ ਸਬੰਧੀ ਜ਼ਿਲਾ ਪੁਲਸ ਮੁਖੀ ਡਾ. ਸੰਦੀਪ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਕੋਈ ਵੀ ਇਸ ਡੋਰ ਦਾ ਧੰਦਾ ਕਰਦਾ ਫਡ਼ਿਆ ਗਿਆ, ਉਸ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਵੇਚਣ ਵਾਲੇ ’ਤੇ ਪਰਚਾ ਦਰਜ ਕੀਤਾ ਜਾਵੇਗਾ।
ਪ੍ਰਸ਼ਾਸਨ ਚਾਈਨਾ ਡੋਰ ਦੀ ਕਾਲਾਬਾਜ਼ਾਰੀ ’ਤੇ ਰੋਕ ਲਾਉਣ ’ਚ ਅਸਫਲ
ਦੇਸ਼ ਦੇ ਲਗਭਗ ਸਾਰੇ ਸੂਬਿਆਂ ’ਚ ਇਸ ਡੋਰ ਦੇ ਇਸਤਮਾਲ, ਸਟੋਰ ਕਰਨ, ਖਰੀਦਣ ਜਾਂ ਵੇਚਣ ’ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ। ਜਦੋਂ ਵੀ ਚਾਈਨਾ ਡੋਰ ਨਾਲ ਕੋਈ ਦੁਖਦਾਈ ਘਟਨਾ ਵਾਪਰਦੀ ਹੈ ਤਾਂ ਪ੍ਰਸ਼ਾਸਨ ਪੱਬਾਂ ਭਾਰ ਹੋ ਜਾਂਦਾ ਹੈ ਅਤੇ ਸਰਗਰਮ ਦਿਖਾਈ ਦਿੰਦਾ ਹੈ ਤੇ ਦੁਕਾਨਾਂ ’ਤੇ ਛਾਪੇਮਾਰੀ ਕਰ ਕੇ ਚਾਈਨਾ ਡੋਰ ਦੇ ਗੱਟੂ ਬਰਾਮਦ ਕਰਕੇ ਆਪਣੀ ਵਾਹ-ਵਾਹ ਲੁੱਟਦਾ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜੋ ਦੁਕਾਨਦਾਰ ਇਹ ਧੰਦਾ ਕਰਦੇ ਹਨ ਉਹ ਰਿਸ਼ਵਤ ਦੇ ਕੇ ਜਾ ਕਿਸੇ ਰਾਜਨੀਤਕ ਦੀ ਸ਼ਹਿ ’ਤੇ ਆਪਣੀ ਦੁਕਾਨਦਾਰੀ ਚਲਾਉਂਦੇ ਹਨ। ਸੂਤਰਾਂ ਅਨੁਸਾਰ ਇਸ ਡੋਰ ਵਿਚ ਬਹੁਤ ਲਾਭ ਹੈ। ਪ੍ਰਸ਼ਾਸਨ ਇਸ ਡੋਰ ਦੀ ਖਰੀਦੋ-ਫਰੋਖਤ ’ਤੇ ਪਾਬੰਦੀ ਲਾਉਣ ’ਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ, ਜਿਸ ਕਰਕੇ ਦੁਕਾਨਾਂ ’ਤੇ ਆਸਾਨੀ ਨਾਲ ਇਹ ਡੋਰ ਮਿਲ ਜਾਂਦੀ ਹੈ।
