ਡੇਰਾ ਮੁਖੀ ਵਿਰੁੱਧ ਫੈਸਲੇ ਕਰ ਕੇ ਪੁਲਸ ਨੇ ਕੀਤੀ ਚੌਕਸੀ

Saturday, Jan 12, 2019 - 02:29 AM (IST)

ਡੇਰਾ ਮੁਖੀ ਵਿਰੁੱਧ ਫੈਸਲੇ ਕਰ ਕੇ ਪੁਲਸ ਨੇ ਕੀਤੀ ਚੌਕਸੀ

 ਮਲੋਟ, (ਜੁਨੇਜਾ)- ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਵਿਚ ਡੇਰਾ ਮੁਖੀ  ਵਿਰੁੱਧ ਅਦਾਲਤੀ ਫੈਸਲਾ ਸੁਣਾਏ ਜਾਣ ਕਰ ਕੇ ਮਲੋਟ ਵਿਖੇ ਪੁਲਸ ਨੇ ਪੂਰੀ ਤਰ੍ਹਾਂ ਚੌਕਸੀ ਬਣਾਈ ਰੱਖੀ। ਮਲੋਟ ਦੇ ਡੀ. ਐੱਸ. ਪੀ. ਭੁਪਿੰਦਰ  ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲਾ ਪੁਲਸ ਕਪਤਾਨ ਮਨਜੀਤ ਸਿੰਘ ਢੇਸੀ ਦੀਆਂ ਹਦਾਇਤਾਂ ’ਤੇ ਉਪ ਮੰਡਲ ਅੰਦਰ ਪੁਲਸ ਨੇ ਵੱਖ-ਵੱਖ ਥਾਵਾਂ ’ਤੇ 14 ਨਾਕੇ ਲਾਏ ਹਨ। ਇਸ ਤੋਂ ਇਲਾਵਾ ਸੈਂਕਡ਼ੇ ਪੁਲਸ ਕਰਮਚਾਰੀ ਅਤੇ ਟੀਮਾਂ ਵੱਲੋਂ ਆਵਾਜਾਈ ਅਤੇ ਭੀਡ਼-ਭਾਡ਼ ਵਾਲੀਆਂ ਥਾਵਾਂ ’ਤੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਹਰ ਵਾਹਨ ’ਤੇ ਜ਼ਰੂਰਤ ਤੋਂ ਵੱਧ ਸਵਾਰੀਆਂ ਅਤੇ ਸੁਰੱਖਿਆ ਪੱਖੋਂ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਲੋਟ ਵਿਖੇ ਡੇਰਾ ਸੱਚਾ ਸੌਦਾ ਸਿਰਸਾ ਦੀ ਮੁੱਖ ਬ੍ਰਾਂਚ ਹੈ, ਜਿਸ ਉਪਰ ਪਹਿਲਾਂ ਤੋਂ ਲੱਗੀ ਗਾਰਦ ਤੋਂ ਇਲਾਵਾ ਦੋਹਾਂ  ਰਸਤਿਆਂ ’ਤੇ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਹੈ। ਰੰਧਾਵਾ ਨੇ ਕਿਹਾ ਕਿ ਪੁਲਸ ਅਮਨ-ਕਨੂੰਨ ਬਣਾਏ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਗਲਤ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਮੰਗਲਵਾਰ ਤੇ ਵੀਰਵਾਰ ਨਹੀਂ ਹੋਏ ਸਤਿਸੰਗ : ਕਰੀਬ 32 ਏਕਡ਼ ਜ਼ਮੀਨ ਦੀ ਮਾਲਕੀ ਵਾਲੀ ਥਾਂ ਵਿਚ ਪੰਜ ਕਿੱਲਿਆਂ ਵਿਚ ਡੇਰਾ ਬਣਿਆ ਹੋਇਆ ਹੈ, ਜਿਥੇ ਹਰ ਐਤਵਾਰ ਤੋਂ ਇਲਾਵਾ ਮੰਗਲਵਾਰ ਅਤੇ ਵੀਰਵਾਰ ਸਤਿਸੰਗ ਹੁੰਦੇ ਹਨ ਅਤੇ ਡੇਰਾ ਪ੍ਰੇਮੀ ਪੁੱਜਦੇ ਹਨ ਪਰ ਇਸ ਵਾਰ ਹਾਲਾਤ ਸੁਖਾਵੇਂ ਨਾ ਹੋਣ ਕਰ ਕੇ ਸਤਿਸੰਗ ਨਹੀਂ ਕੀਤਾ ਗਿਆ। 
ਵਾਹਨਾਂ ਦੀ ਕੀਤੀ ਚੈਕਿੰਗ
ਗਿੱਦਡ਼ਬਾਹਾ,  (ਚਾਵਲਾ)- ਇਧਰ, ਸ਼ੁੱਕਰਵਾਰ ਸਵੇਰ ਤੋਂ  ਹੀ ਡੀ. ਐੱਸ. ਪੀ. ਗੁਰਤੇਜ ਸਿੰਘ ਅਤੇ ਥਾਣਾ ਮੁਖੀ ਜਸਵੀਰ ਸਿੰਘ ਦੀ ਅਗਵਾਈ ਵਿਚ ਪੁਲਸ  ਦੀਆਂ ਵੱਖ-ਵੱਖ ਟੀਮਾਂ ਨੇ ਸ਼ਹਿਰ ਦੀਆਂ ਸਾਰੀਆਂ ਹੱਦਾਂ ਸੀਲ ਕਰ ਚੌਕਸੀ ਵਧਾ ਦਿੱਤੀ ਸੀ  ਅਤੇ ਹਰ ਆਉਣ-ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜੋ ਕਿ ਫੈਸਲੇ ਤੋਂ ਬਾਅਦ ਵੀ  ਦੇਰ ਸ਼ਾਮ ਤੱਕ ਜਾਰੀ ਸੀ।


author

KamalJeet Singh

Content Editor

Related News