ਡੇਂਗੂ ਦੀ ਲਪੇਟ ''ਚ ਆਉਣ ਨਾਲ 2 ਨੌਜਵਾਨਾਂ ਦੀ ਮੌਤ

Wednesday, Nov 20, 2019 - 08:29 PM (IST)

ਡੇਂਗੂ ਦੀ ਲਪੇਟ ''ਚ ਆਉਣ ਨਾਲ 2 ਨੌਜਵਾਨਾਂ ਦੀ ਮੌਤ

ਬਠਿੰਡਾ, (ਵਰਮਾ)- ਬਠਿੰਡਾ ’ਚ ਡੇਂਗੂ ਕਾਰਣ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਰਾਜ ਕੁਮਾਰ ਯਾਦਵ ਵਾਸੀ ਥਰਮਲ ਕਾਲੋਨੀ ਬੀਮਾਰ ਹੋਣ ਕਾਰਣ ਪਰਿਵਾਰ ਵਾਲਿਆਂ ਨੇ ਉਸ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਸੀ। ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਬਲਰਾਜ ਨੂੰ ਡੇਂਗੂ ਹੈ। ਇਸ ਤੋਂ ਬਾਅਦ ਉਸ ਦਾ ਲਗਾਤਾਰ ਇਲਾਜ ਚਲ ਰਿਹਾ ਸੀ ਪਰ 16 ਨਵੰਬਰ ਨੂੰ ਬਲਰਾਜ ਦੇ ਸੈੱਲ ਇਕ ਦਮ ਘੱਟ ਹੋ ਗਏ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰ ਬਿਹਾਰੀ ਲਾਲ ਨੇ ਦੱਸਿਆ ਕਿ ਉਸ ਦੇ ਜੀਜਾ ਦੀ ਮੌਤ ਡੇਂਗੂ ਨਾਲ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਇਕ ਲਡ਼ਕੀ ਅਤੇ ਪਤਨੀ ਛੱਡ ਗਿਆ ਹੈ। ਸ਼ਹਿਰ ਦੇ ਅਨੂਪ ਨਗਰ ਵਾਸੀ ਸੋਨੂੰ ਨੂੰ ਡੇਂਗੂ ਦੀ ਸ਼ਿਕਾਇਤ ਦੋ ਦਿਨ ਪਹਿਲਾਂ ਹੋਈ ਸੀ, ਜਿਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਸੀ। ਜਿਥੇ ਉਸ ਦੀ ਮੰਗਲਵਾਰ ਦੇਰ ਰਾਤ ਮੌਤ ਹੋ ਗਈ। ਸੋਨੂੰ ਆਪਣੇ ਪਿੱਛੇ ਪਤਨੀ ਅਤੇ ਇਕ ਬੇਟਾ ਅਤੇ ਬੇਟੀ ਛੱਡ ਗਿਆ ਹੈ। ਸੋਨੂੰ ਦੇ ਨਜ਼ਦੀਕੀ ਸੰਜੀਵ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਜਦੋਂ ਸੋਨੂੰ ਨੂੰ ਬੁਖਾਰ ਹੋਇਆ ਸੀ ਤਾਂ ਉਸ ਨੂੰ ਤੁਰੰਤ ਪਰਿਵਾਰ ਵਾਲੇ ਲੁਧਿਆਣਾ ਲੈ ਗਏ ਸੀ, ਜਿਥੇ ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਉਹ ਡੇਂਗੂ ਤੋਂ ਪੀਡ਼ਤ ਹੈ। ਇਸ ਸਬੰਧੀ ਜ਼ਿਲਾ ਪ੍ਰੋਗਰਾਮ ਅਫਸਰ ਡਾ. ਉਮੇਸ਼ ਗੁਪਤਾ ਨੇ ਸੋਨੂੰ ਅਤੇ ਬਲਰਾਜ ਦੀ ਮੌਤ ਦੇ ਮਾਮਲੇ ’ਚ ਕਿਹਾ ਕਿ ਉਕਤ ਦੋਵੇਂ ਮ੍ਰਿਤਕਾਂ ਬਾਰੇ ਅਜੇ ਤੱਕ ਉਨ੍ਹਾਂ ਕੋਲ ਅਧਿਕਾਰਤ ਤੌਰ ’ਤੇ ਕਿਸੀ ਵੀ ਹਸਪਤਾਲ ਤੋਂ ਕੋਈ ਰਿਪੋਰਟ ਨਹੀਂ ਹੈ ਪਰ ਫਿਰ ਵੀ ਉਹ ਉਕਤ ਪ੍ਰਾਈਵੇਟ ਹਸਪਤਾਲਾਂ ਤੋਂ ਇਸ ਬਾਰੇ ਜਾਣਕਾਰੀ ਲੈਣਗੇ।


author

Bharat Thapa

Content Editor

Related News