‘ਆਪ’ ਨੇ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਕੀਤੀ ਸ਼ਰਾਬ ਨਿਗਮ ਬਣਾਉਣ ਦੀ ਮੰਗ

02/19/2020 9:59:52 PM

ਚੰਡੀਗਡ਼੍ਹ, (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬਜਟ ਇਜਲਾਸ ਦੇ ਮੱਦੇਨਜ਼ਰ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਜਿੱਥੇ ਬਜਟ ਇਜਲਾਸ ਦਾ ਸਮਾਂ ਘੱਟੋ-ਘੱਟ 25 ਦਿਨ ਤੱਕ ਕਰਨ ਦੀ ਮੰਗ ਰੱਖੀ, ਉਥੇ ਸੂਬੇ ’ਚ ਬੇਲਗ਼ਾਮ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਲਈ ‘ਦਿ ਪੰਜਾਬ ਸਟੇਟ ਲਿਕਰ ਕਾਰਪੋਰੇਸ਼ਨ ਬਿੱਲ-2019’ ਪੇਸ਼ ਕਰਨ ਦੀ ਇਜਾਜ਼ਤ ਮੰਗੀ। ਵਿਧਾਨ ਸਭਾ ਕੰਪਲੈਕਸ ’ਚ ਸਪੀਕਰ ਨਾਲ ਮੁਲਾਕਾਤ ਕਰਨ ਉਪਰੰਤ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋਡ਼ਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਬੁਲਾਰੇ ਨੀਲ ਗਰਗ ਅਤੇ ਸਤਵੀਰ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਸਪੀਕਰ ਕੋਲ ਤਿੰਨ ਮੁੱਖ ਮੁੱਦੇ ਉਠਾਏ, ਜਿਨ੍ਹਾਂ ’ਚ ਦਿੱਲੀ ਅਤੇ ਤਾਮਿਲਨਾਡੂ ਅਤੇ ਹੋਰ ਸੂਬਿਆਂ ਦੀ ਤਰਜ਼ ’ਤੇ ਪੰਜਾਬ ’ਚ ਵੀ ਸ਼ਰਾਬ ਕਾਰਪੋਰੇਸ਼ਨ ਸਥਾਪਿਤ ਲਈ ਬਜਟ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਅਮਨ ਅਰੋਡ਼ਾ ਵਲੋਂ ਤਿਆਰ ਪ੍ਰਾਈਵੇਟ ਬਿੱਲ ਨੂੰ ਸਦਨ ’ਚ ਪੇਸ਼ ਕਰਨ ਦੀ ਇਜਾਜ਼ਤ ਮੰਗਣਾ ਪ੍ਰਮੁੱਖ ਹੈ। ਅਮਨ ਅਰੋਡ਼ਾ ਨੇ ਕਿਹਾ ਕਿ ਅੱਜ ਇਕ ਪਾਸੇ ਪੰਜਾਬ ਸ਼ਰਾਬ ਦੀ ਖਪਤ ਲਈ ਦੇਸ਼ ਦੇ ਮੋਹਰੀ ਸੂਬਿਆਂ ’ਚ ਸ਼ਾਮਲ ਹੈ, ਜਦਕਿ ਸ਼ਰਾਬ ਤੋਂ ਮਾਲੀਆ ਕੇਵਲ ਸਾਢੇ 5 ਹਜ਼ਾਰ ਕਰੋਡ਼ ਹੀ ਇਕੱਠਾ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸ਼ਰਾਬ ਕਾਰਪੋਰੇਸ਼ਨ ਨੂੰ ਸਹੀ ਢੰਗ ਨਾਲ ਚਲਾਇਆ ਜਾਵੇ ਤਾਂ ਕਰੀਬ 12000 ਕਰੋਡ਼ ਮਾਲੀਆ ਇਕੱਠਾ ਹੋ ਸਕਦਾ ਹੈ ਅਤੇ ਰੋਜ਼ਗਾਰ ਵੀ ਪੈਦਾ ਹੋਵੇਗਾ। ਅਮਨ ਅਰੋਡ਼ਾ ਨੇ ਕਿਹਾ ਕਿ ਨਿੱਜੀ ਥਰਮਲ ਪਲਾਂਟਾਂ ਨਾਲ ਪਿਛਲੀ ਬਾਦਲ ਸਰਕਾਰ ਵਲੋਂ ਕੀਤੇ ਮਾਰੂ ਬਿਜਲੀ ਖ਼ਰੀਦ ਸਮਝੌਤੇ (ਪੀ. ਪੀ. ਏਜ਼) ਰੱਦ ਕਰਨ ਸਬੰਧੀ ਇਸ ਵਾਰ ਫਿਰ ਪ੍ਰਾਈਵੇਟ ਮੈਂਬਰ ਬਿੱਲ ‘ਆਪ’ ਵਲੋਂ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਰੂ ਸਮਝੌਤਿਆਂ ਕਾਰਣ ਜਿਥੇ ਪੰਜਾਬ ’ਚ ਬਿਜਲੀ ਬੇਹੱਦ ਮਹਿੰਗੀ ਹੈ, ਉਥੇ 25 ਸਾਲਾਂ ’ਚ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ’ਤੇ 70 ਹਜ਼ਾਰ ਕਰੋਡ਼ ਰੁਪਏ ਦਾ ਵਾਧੂ ਅਤੇ ਬੇਲੋਡ਼ਾ ਵਿੱਤੀ ਬੋਝ ਪੈ ਰਿਹਾ ਹੈ।


Bharat Thapa

Content Editor

Related News