ਪੋਲਿੰਗ ਪਾਰਟੀਆਂ ਨੂੰ ਪੋਲਿੰਗ ਸਮੱਗਰੀ ਦੇਕੇ ਪੋਲਿੰਗ ਬੂਥਾਂ ‘ਤੇ ਕੀਤਾ ਰਵਾਨਾ

02/19/2022 4:35:28 PM

ਤਪਾ ਮੰਡੀ (ਸ਼ਾਮ,ਗਰਗ) : 20 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ ਜਿਸ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਪੋਲ ਪਾਰਟੀਆਂ ਨੂੰ ਚੋਣ ਸਮੱਗਰੀ ਦੇਕੇ ਪੋਲਿੰਗ ਬੂਥਾਂ ‘ਤੇ ਰਵਾਨਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਕਮ ਐੱਸ.ਡੀ.ਐੱਮ ਤਪਾ ਮੈਡਮ ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਹਲਕਾ ਭਦੋੜ(102) ‘ਚ ਕੁਲ 169 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਸਾਰੇ ਬੂਥਾਂ ‘ਤੇ ਸੀ.ਸੀ.ਟੀ.ਵੀ ਕੈਮਰਿਆਂ ਤੋਂ ਲਾਈਵ ਚਲਾਇਆ ਜਾ ਰਿਹਾ ਹੈ। ਕੋਈ ਵੀ ਸਮਾਜ ਵਿਰੋਧੀ ਅਨਸਰ ਬੂਥਾਂ ਵਿੱਚ ਗੜਬੜੀ ਨਹੀਂ ਕਰ ਸਕਦਾ ਅਤੇ ਇਹ ਲਾਈਵਨ ਚੋਣ ਕਮਿਸਨਰ,ਜ਼ਿਲ੍ਹਾ ਚੋਣ ਕਮਿਸ਼ਨਰ,ਆਰ.ਓਜ ਅਤੇ ਏ.ਆਰ.ਓਜ ਵੇਖ ਸਕਦੇ ਹਨ। ਜੇਕਰ ਕਿਸੇ ਵੀ ਬੂਥ ’ਤੇ ਕਿਸੇ ਪਾਰਟੀ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਸ਼ਾਸਨ ਰੀਪੋਲਿੰਗ ਕਰਨ ਵਿੱਚ ਕਿਸੇ ਤਰ੍ਹਾਂ ਦਾ ਗੁਰੇਜ ਨਹੀਂ ਕਰੇਗਾ। ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫ਼ਸਰ ਦੇ ਦਫਤਰ ‘ਚ 24 ਘੰਟੇ 01679-273201 ਫੋਨ ਨੰਬਰ ਸਥਾਪਿਤ ਕੀਤਾ ਗਿਆ ਹੈ। ਸ਼ਿਕਾਇਤ ਮਿਲਣ ‘ਤੇ ਸਰਵਿਲੈਂਸ ਟੀਮਾਂ ਮੌਕੇ ‘ਤੇ ਪਹੁੰਚ ਰਹੀਆਂ ਹਨ ਜਾਂ ਨਹੀਂ ਇਸ ਦੀ ਵੀ ਪਲ-ਪਲ ਦੀ ਜਾਣਕਾਰੀ ਪ੍ਰਸ਼ਾਸਨ ਵੇਖ ਰਿਹਾ ਹੈ।

ਇਹ ਵੀ ਪੜ੍ਹੋ : ਚੋਣਾਵੀਂ ਸੁਆਦ: ਮੁੱਖ ਮੰਤਰੀ ਚੰਨੀ ਨੇ ਭਵਾਨੀਗੜ੍ਹ 'ਚ ਰੇਹੜੀ 'ਤੇ ਖੜ ਕੇ ਖਾਧੇ ਗੋਲਗੱਪੇ

ਉਨ੍ਹਾਂ ਦੱਸਿਆ ਕਿ ਅੱਜ ਬੂਥਾਂ ‘ਤੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਪੋਲਿੰਗ ਪਾਰਟੀਆਂ ਨੂੰ ਖਾਣਾ-ਪੀਣਾ ਅਤੇ ਹੋਰ ਸਹੂਲਤਾਂ ਵੀ ਪ੍ਰਸ਼ਾਸਨ ਵੱਲੋਂ ਮੁਹੱਈਆਂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਲਿੰਗ ਪਾਰਟੀਆਂ ਦੇ ਨਾਲ-ਨਾਲ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਤੈਨਾਤ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਕੋਰੋਨਾ ਰਹਿਤ ਕਰਵਾਈਆਂ ਜਾ ਰਹੀਆਂ ਜਿਸ ਲਈ ਮਾਸਕ,ਸੈਨੀਟਾਈਜਰ, ਕੋਰੋਨਾਕਿੱਟ ਦਾ ਹਰੇਕ ਬੂਥ ’ਤੇ ਪ੍ਰਬੰਧ ਹੋਵੇਗਾ ਅਤੇ ਥਰਮਲ ਸਕੈਨਰ ਰਾਹੀ ਹਰੇਕ ਵੋਟਰ ਨੂੰ ਚੈਕ ਕਰਕੇ ਵੋਟ ਪਾਉਣ ਦਿੱਤੀ ਜਾਵੇਗੀ । ਜੇਕਰ ਕੋਈ ਵੋਟਰ ਕੋਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਅਖੀਰਲੇ ਘੰਟੇ ‘ਚ ਕੋਰੋਨਾ ਕਿੱਟ ਪਾਕੇ ਵੋਟ ਪੁਆਈ ਜਾਵੇਗੀ। ਇਹ ਵੋਟਾਂ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 6 ਵਜੇ ਤੱਕ ਪੈਣਗੀਆਂ ਜਿਸ ਲਈ ਸਖ਼ਤ ਸੁਰੱਖਿਆਂ ਪ੍ਰਬੰਧ ਕੀਤੇ ਗਏ ਹਨ।  ਕੋਈ ਵੋਟਰ ਜਾਅਲੀ ਜਾਂ ਹੁੱਲਵਾੜੀ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਤਹਿਸੀਲਦਾਰ ਬਾਦਲਦੀਨ,ਡੀ.ਐੱਸ.ਪੀ ਤਪਾ ਗੁਰਵਿੰਦਰ ਸਿੰਘ,ਨਾਇਬ ਤਹਿਸੀਲਦਾਰ ਅਵਤਾਰ ਸਿੰਘ ਅਤੇ ਥਾਣਾ ਮੁੱਖੀ ਨਰਦੇਵ ਸਿੰਘ ਸਮੇਤ ਵੱਡੀ ਗਿਣਤੀ ਪੁਲਸ ਅਤੇ ਪੈਰਾਮਿਲਟਰੀ ਫੋਰਸ ਦੇ ਜਵਾਨ ਹਾਜ਼ਰ ਸਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


Anuradha

Content Editor

Related News