ਛੱਤ ਤੋਂ ਡਿੱਗੀ 7 ਸਾਲਾ ਬੱਚੀ ਦੀ 4 ਦਿਨਾਂ ਬਾਅਦ ਮੌਤ

11/13/2018 5:17:14 AM

ਲੁਧਿਆਣਾ, (ਰਿਸ਼ੀ)- ਦੀਵਾਲੀ ਵਾਲੀ ਰਾਤ 7 ਸਾਲਾ ਬੱਚੀ ਛੱਤ ਤੋਂ ਹੇਠਾਂ ਡਿੱਗ ਗਈ, ਜਿਸ ਨੂੰ ਰਿਸ਼ਤੇਦਾਰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲੈ ਗਏ। ਹਾਲਤ ਗੰਭੀਰ ਦੇਖ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ, ਜਿੱਥੇ 4 ਦਿਨਾਂ ਤੱਕ ਚੱਲੇ ਇਲਾਜ ਤੋਂ ਬਾਅਦ ਉਸ ਨੇ ਦਮ ਤੋਡ਼ ਦਿੱਤਾ। 
ਸੋਮਵਾਰ ਨੂੰ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਮਾਂ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਚੌਕੀ ਮਿਲਰਗੰਜ ਦੇ ਇੰਚਾਰਜ ਬਲਬੀਰ ਸਿੰਘ ਅਨੁਸਾਰ ਮ੍ਰਿਤਕ ਬੱਚੀ ਦੀ ਪਛਾਣ ਕਾਜਲ ਦੇ ਰੂਪ ’ਚ ਹੋਈ ਹੈ। 
ਪੁਲਸ ਨੂੰ ਦਿੱਤੇ ਬਿਆਨ ’ਚ ਮਾਂ ਨੇ ਦੱਸਿਆ ਕਿ ਲਗਭਗ 8 ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ, ਜਿਸ ਦੇ ਬਾਅਦ ਉਹ ਆਪਣੇ 15 ਸਾਲਾ ਬੇਟੇ ਸੂਰਜ ਅਤੇ ਕਾਜਲ ਨਾਲ ਰਹਿੰਦੀ  ਸੀ। ਦੀਵਾਲੀ ਵਾਲੀ ਰਾਤ ਲਗਭਗ 8 ਵਜੇ ਉਹ ਛੱਤ ’ਤੇ ਦੀਵੇ ਚਲਾ ਰਹੀ ਸੀ,  ਜਿਸ ਦੌਰਾਨ ਬੇਟੀ  ਖੇਡਦੇ-ਖੇਡਦੇ ਹੇਠਾਂ ਜਾ ਡਿੱਗੀ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਮਾਂ ਨੇ ਦੱਸਿਆ ਕਿ 15 ਅਗਸਤ ਨੂੰ ਉਸ ਦਾ ਬੇਟਾ ਵੀ ਪਤੰਗ ਉਡਾਉਂਦੇ ਸਮੇਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਝੁਲਸ ਗਿਆ ਸੀ, ਜਿਸ ਦਾ ਹੁਣ ਤੱਕ ਇਲਾਜ ਚੱਲ ਰਿਹਾ ਹੈ। 


Related News