ਪਿੰਡ ਚੱਕ ਬਜੀਦਾ ''ਚ ਫ਼ੌਜੀ ਦੇ ਘਰ ''ਤੇ ਜਾਨਲੇਵਾ ਹਮਲਾ, ਮਾਂ ਗੰਭੀਰ ਜ਼ਖ਼ਮੀ

Thursday, Jun 18, 2026 - 09:58 PM (IST)

ਪਿੰਡ ਚੱਕ ਬਜੀਦਾ ''ਚ ਫ਼ੌਜੀ ਦੇ ਘਰ ''ਤੇ ਜਾਨਲੇਵਾ ਹਮਲਾ, ਮਾਂ ਗੰਭੀਰ ਜ਼ਖ਼ਮੀ

ਜਲਾਲਾਬਾਦ (ਆਦਰਸ਼, ਜਤਿੰਦਰ) - ਪੁਲਸ ਚੌਂਕੀ ਘੁਬਾਇਆ ਅਧੀਨ ਪੈਂਦੇ ਪਿੰਡ ਚੱਕ ਬਜੀਦਾ (ਟਾਹਲੀ ਵਾਲਾ) ਵਿੱਚ ਇੱਕ ਫ਼ੌਜੀ ਦੇ ਪਰਿਵਾਰ 'ਤੇ ਕਥਿਤ ਤੌਰ 'ਤੇ ਗੁੰਡਾ ਅਨਸਰਾਂ ਵੱਲੋਂ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਫ਼ੌਜੀ ਦੀ ਮਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। 

ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪਿੰਡ ਵਿਚ ਨਸ਼ੇ ਦੇ ਕਥਿਤ ਧੰਦੇ ਦਾ ਵਿਰੋਧ ਕਰਨ ਕਾਰਨ ਉਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ। ਹਸਪਤਾਲ ਵਿੱਚ ਇਲਾਜ ਅਧੀਨ ਬਿਮਲਾ ਰਾਣੀ ਪਤਨੀ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਰਾਜ ਸਿੰਘ ਨਾਮਕ ਨੌਜਵਾਨ ਕਰਿਆਨੇ ਦੀ ਦੁਕਾਨ ਕਰਦਾ ਹੈ। ਉਸ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀ ਅਤੇ ਉਸ ਦੇ ਕੁਝ ਸਾਥੀ ਦੁਕਾਨ ਦੀ ਆੜ ਵਿੱਚ ਨਸ਼ੇ ਦਾ ਧੰਦਾ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਕਈ ਵਾਰ ਇਸ ਦਾ ਵਿਰੋਧ ਕੀਤਾ ਗਿਆ ਜਿਸ ਕਾਰਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨਾਲ ਰੰਜਿਸ਼ ਰੱਖਦੇ ਆ ਰਹੇ ਹਨ। 

ਪੀੜਤ ਔਰਤ ਨੇ ਦੱਸਿਆ ਕਿ ਬੀਤੀ 14 ਜੂਨ ਨੂੰ ਕੁਝ ਲੋਕ ਦੁਕਾਨ 'ਤੇ ਆਏ ਸਨ ਅਤੇ ਉਨ੍ਹਾਂ ਵੱਲੋਂ ਮੋਟਰਸਾਈਕਲ ਉਨ੍ਹਾਂ ਦੇ ਘਰ ਦੇ ਮੁੱਖ ਗੇਟ ਅੱਗੇ ਖੜੇ ਕਰ ਦਿੱਤੇ ਗਏ ਜਦੋਂ ਉਨ੍ਹਾਂ ਨੇ ਮੋਟਰਸਾਈਕਲ ਹਟਾਉਣ ਲਈ ਕਿਹਾ ਤਾਂ ਪੁਰਾਣੀ ਰੰਜਿਸ਼ ਦੇ ਚਲਦਿਆਂ ਕਥਿਤ ਤੌਰ 'ਤੇ ਕੁੱਝ ਗੁੰਡਾ ਅਨਸਰਾਂ ਦੀ ਮਦਦ ਨਾਲ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਘਰ ਦੇ ਬੂਹੇ, ਬਾਰੀਆਂ ਅਤੇ ਸ਼ੀਸ਼ਿਆਂ ਦੀ ਭੰਨ-ਤੋੜ ਕੀਤੀ ਜਿਸ ਕਾਰਨ ਘਰ ਦਾ ਕਾਫ਼ੀ ਨੁਕਸਾਨ ਹੋਇਆ। ਹਮਲੇ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਜਲਾਲਾਬਾਦ ਵਿਖੇ ਦਾਖਲ ਕਰਵਾਇਆ ਗਿਆ। 

ਬਿਮਲਾ ਰਾਣੀ ਨੇ ਇਹ ਵੀ ਦੋਸ਼ ਲਗਾਇਆ ਕਿ ਉਕਤ ਲੋਕ ਪਹਿਲਾਂ ਵੀ ਉਨ੍ਹਾਂ ਨਾਲ ਰੰਜਿਸ਼ ਰੱਖਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਪੁੱਤਰ ਫ਼ੌਜ ਵਿੱਚ ਹੋਣ ਕਾਰਨ ਪਰਿਵਾਰ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪੀੜਤ ਪਰਿਵਾਰ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਪਿੰਡ ਵਿੱਚ ਨਸ਼ੇ ਦਾ ਕਥਿਤ ਧੰਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। 

ਇਸ ਮਾਮਲੇ ਸਬੰਧੀ ਜਦੋਂ ਪੁਲਸ ਚੌਂਕੀ ਘੁਬਾਇਆ ਦੇ ਇੰਚਾਰਜ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜ਼ਖ਼ਮੀ ਔਰਤ ਬਿਮਲਾ ਰਾਣੀ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤ ਵੱਲੋਂ ਰਾਜ ਸਿੰਘ ਆਦਿ 'ਤੇ ਨਸ਼ਾ ਵੇਚਣ ਦੇ ਲਗਾਏ ਗਏ ਦੋਸ਼ਾਂ ਸਬੰਧੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
 


author

Inder Prajapati

Content Editor

Related News