ਛੱਪੜ ''ਚ ਤੈਰਦੀ ਮਿਲੀ ਨੌਜਵਾਨ ਦੀ ਲਾਸ਼
Tuesday, May 05, 2020 - 09:01 PM (IST)

ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, (ਬਾਂਸਲ, ਬੇਦੀ)— ਪਿੰਡ ਜਖੇਪਲ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਛੱਪੜ 'ਚ ਇਕ ਨੌਜਵਾਨ ਦੀ ਤੈਰਦੀ ਲਾਸ਼ ਦਿਖਾਈ ਦਿੱਤੀ। ਜਾਣਕਾਰੀ ਅਨੁਸਾਰ ਮੰਗਲਵਾਰ ਜਦੋਂ ਰਾਹਗੀਰਾਂ ਨੇ ਛੱਪੜ ਦੇ ਪਾਣੀ 'ਚ ਇਕ ਨੌਜਵਾਨ ਦੀ ਲਾਸ਼ ਤੈਰਦੀ ਦੇਖੀ ਤਾਂ ਉਨ੍ਹਾਂ ਤੁਰੰਤ ਥਾਣਾ ਚੀਮਾ ਨੂੰ ਸੂਚਿਤ ਕੀਤਾ ਗਿਆ।
ਇਸ ਮੌਕੇ ਥਾਣਾ ਚੀਮਾ ਦੇ ਐੱਸ. ਐੱਚ. ਓ. ਸਮੇਤ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਛੱਪੜ 'ਚੋਂ ਬਾਹਰ ਕਢਵਾਇਆ। ਪਤਾ ਲੱਗਿਆ ਹੈ ਕਿ ਇਹ ਮ੍ਰਿਤਕ ਨੌਜਵਾਨ ਸੋਨੀ ਸਿੰਘ ਪਿੰਡ ਰਤਨਗੜ੍ਹ ਪਾਟਿਆਂਵਾਲੀ ਦਾ ਰਹਿਣ ਵਾਲਾ ਸੀ। ਇਸ ਸਬੰਧੀ ਸਰਪੰਚ ਮੱਖਣ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਕੰਬਾਈਨ ਚਲਾਉਣ ਦਾ ਕੰਮ ਕਰਦਾ ਸੀ, ਜੋ ਕੁਝ ਦਿਨ ਪਹਿਲਾਂ ਹੀ ਸੀਜ਼ਨ ਲਾ ਕੇ ਆਇਆ ਸੀ।
ਥਾਣਾ ਚੀਮਾ ਦੇ ਐੱਸ. ਐੱਚ. ਓ ਜਸਵੀਰ ਸਿੰਘ ਤੂਰ ਨੇ ਕਿਹਾ ਕਿ ਮਾਮਲਾ ਕਤਲ ਦਾ ਹੈ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਨਾਮਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਚੀਮਾ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।