DC ਜੋਰਵਾਲ ਨੇ ਮਾਨਸਿਕ ਰੋਗੀ ਨੌਜਵਾਨ ਨੂੰ ਸਿਵਲ ਹਸਪਤਾਲ ’ਚ ਕਰਵਾਇਆ ਦਾਖ਼ਲ
Tuesday, Apr 05, 2022 - 07:42 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਕਮਜ਼ੋਰ ਵਿੱਤੀ ਹਾਲਤ ਕਾਰਨ ਆਪਣੇ ਨੌਜਵਾਨ ਬੇਟੇ ਦਾ ਇਲਾਜ ਕਰਵਾਉਣ ਤੋਂ ਵਾਂਝੇ ਪਰਿਵਾਰ ਦੀ ਮਦਦ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਆਪਣਾ ਹੱਥ ਅੱਗੇ ਵਧਾਇਆ ਹੈ। ਇਸ ਸਬੰਧੀ ਅੱਜ ਸਵੇਰੇ ਜਾਣਕਾਰੀ ਮਿਲਣ ’ਤੇ ਡਿਪਟੀ ਕਮਿਸ਼ਨਰ ਨੇ ਸੁਨਾਮ ਊਧਮ ਸਿੰਘ ਵਾਲਾ ਦੀ ਇੰਦਰਾ ਬਸਤੀ ਨਾਲ ਸਬੰਧਤ ਇਸ ਪਰਿਵਾਰ ਦੇ ਮਾਨਸਿਕ ਤੌਰ ’ਤੇ ਬੀਮਾਰ ਨੌਜਵਾਨ ਅਮਨ ਦਾ ਢੁੱਕਵਾਂ ਇਲਾਜ ਕਰਵਾਉਣ ਲਈ ਆਦੇਸ਼ ਦਿੱਤੇ ਅਤੇ ਹੁਣ ਇਹ ਨੌਜਵਾਨ ਸਿਵਲ ਹਸਪਤਾਲ ਸੰਗਰੂਰ ਦੇ ਮਨੋਰੋਗ ਵਾਰਡ ਵਿਖੇ ਜ਼ੇੇਰੇ ਇਲਾਜ ਹੈ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੌਜਵਾਨ ਦੇ ਇਲਾਜ ਲਈ ਇਸ ਦੇ ਪਰਿਵਾਰ ਵੱਲੋਂ ਕੀਤੀ ਗਈ ਅਪੀਲ ਬਾਰੇ ਜਾਣਕਾਰੀ ਸਾਹਮਣੇ ਆਉਣ ’ਤੇ ਉਨ੍ਹਾਂ ਨੇ ਐੱਸ. ਡੀ. ਐੱਮ. ਸੁਨਾਮ ਜਸਪ੍ਰੀਤ ਸਿੰਘ ਨੂੰ ਤੁਰੰਤ ਪੀੜਤ ਪਰਿਵਾਰ ਨਾਲ ਰਾਬਤਾ ਕਰਨ ਦੀ ਹਦਾਇਤ ਕੀਤੀ, ਜਿਸ ਤਹਿਤ ਕਾਰਵਾਈ ਕਰਦਿਆਂ ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ, ਐੱਸ. ਐੱਚ. ਓ. ਅਤੇ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਪੀੜਤ ਪਰਿਵਾਰ ਤੱਕ ਪਹੁੰਚ ਕਰਦਿਆਂ ਮਰੀਜ਼ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
ਇਹ ਵੀ ਪੜ੍ਹੋ : ਪੰਚਾਇਤੀ ਫੰਡਾਂ ’ਚ ਘਪਲੇਬਾਜ਼ੀ ਦਾ ਦੋਸ਼, ਪੰਚਾਇਤ ਸੈਕਟਰੀ ਤੇ ਸਾਬਕਾ ਸਰਪੰਚ ਵਿਜੀਲੈਂਸ ਵੱਲੋਂ ਕਾਬੂ
ਉਨ੍ਹਾਂ ਦੱਸਿਆ ਕਿ ਪੀੜਤ ਨੌਜਵਾਨ ਦੇ ਪਰਿਵਾਰ ਮੁਤਾਬਕ ਇਸ ਨੌਜਵਾਨ ਦਾ ਦਿਮਾਗੀ ਸੰਤੁਲਨ ਵਿਗੜਨ ਕਾਰਨ ਇਹ ਗੁੱਸੇ ’ਚ ਆ ਕੇ ਭੰਨ-ਤੋੜ ਕਰ ਰਿਹਾ ਸੀ, ਜਿਸ ਕਾਰਨ ਇਸ ਦੇ ਪਰਿਵਾਰ ਨੇ ਇਸ ਨੂੰ ਸੰਗਲਾਂ ਨਾਲ ਬੰਨ੍ਹਿਆ ਹੋਇਆ ਸੀ। ਪਰਿਵਾਰ ਮੁਤਾਬਕ ਇਹ ਨੌਜਵਾਨ ਪਹਿਲਾਂ ਵੀ ਦਿਮਾਗੀ ਸੰਤੁਲਨ ਵਿਗੜਨ ਕਾਰਨ 20 ਦਿਨ ਦਾਖਲ ਰਿਹਾ ਸੀ ਅਤੇ ਹੁਣ ਆਰਥਿਕ ਮਜਬੂਰੀ ਕਾਰਨ ਪਰਿਵਾਰ ਇਸ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਪੀੜਤ ਪਰਿਵਾਰ ਕੋਲ ਪੁੱਜੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੇ ਨੌਜਵਾਨ ਦੀ ਕੌਂਸਲਿੰਗ ਕੀਤੀ ਤਾਂ ਉਹ ਇਲਾਜ ਕਰਵਾਉਣ ਲਈ ਤਿਆਰ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਕਿ ਮਨੋਰੋਗ ਮਾਹਿਰ ਉਸ ਦਾ ਇਲਾਜ ਕਰ ਰਹੇ ਹਨ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ