ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

Thursday, Jan 17, 2019 - 02:25 AM (IST)

ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

ਮੋਗਾ, (ਸੰਦੀਪ)- ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਨੂੰ ਰੋਕਣ ਲਈ ਅਤੇ ਕੋਟਪਾ ਐਕਟ ਦੀ ਪਾਲਣਾ ਕਰਵਾਉਣ ਲਈ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਦੀ ਅਗਵਾਈ ’ਚ ਅੱਜ ਪੰਜ ਮੈਂਬਰੀ ਟੀਮ ਵਲੋਂ ਮੋਗਾ ਸ਼ਹਿਰ ’ਚ ਕਈ ਥਾਵਾਂ ’ਤੇ ਚੈਕਿੰਗ ਕੀਤੀ ਗਈ ਅਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਤਿੰਨ ਦੁਕਾਨਦਾਰਾਂ ਸਮੇਤ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲੇ 11 ਲੋਕਾਂ ਦੇ ਚਲਾਨ ਕੱਟੇ ਗਏ। ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਾਲੀ ਟੀਮ ਵਲੋਂ ਪਿਛਲੇ ਤਿੰਨ ਹਫਤਿਆਂ ਦੌਰਾਨ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਮਿਲ ਕੇ ਐਕਟ ਦੀ ਪਾਲਣਾ ਕਰਨ ਅਤੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਨੂੰ ਪੂਰਨ ਰੂਪ ’ਚ ਬੰਦ ਕਰਨ ਲਈ ਸਿਹਤ ਵਿਭਾਗ ਮੋਗਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ ਤੇ ਅੱਜ ਤੋਂ ਚਲਾਨਿੰਗ ਸ਼ੁਰੂ ਕਰ ਦਿੱਤੀ ਗਈ ਹੈ।
 ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਕੋਟਪਾ ਐਕਟ ਅਧੀਨ ਧਾਰਾ 4 ਮੁਤਾਬਕ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ’ਤੇ ਪਾਬੰਦੀ ਹੈ, ਧਾਰਾ 5 ਅਧੀਨ ਤੰਬਾਕੂ ਵਾਲੇ ਪਦਾਰਥਾਂ ਦੀ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ, ਧਾਰਾ 6 ਅਧੀਨ ਸਕੂਲਾਂ, ਕਾਲਜ਼ਾਂ ਦੇ 50 ਮੀਟਰ ਦੇ ਦਾਇਰੇ ’ਚ ਅਤੇ ਨਾਬਾਲਗਾਂ ਨੂੰ ਤੰਬਾਕੂ ਉਤਪਾਦ ਵੇਚਣ ’ਤੇ ਪਾਬੰਦੀ ਹੈ, ਧਾਰਾ 7 ਅਧੀਨ ਤੰਬਾਕੂ ਉਤਪਾਦ ਦੇ 85 ਪ੍ਰਤੀਸ਼ਤ ਹਿੱਸੇ ’ਤੇ ਵਾਰਨਿੰਗ ਹੋਣਾ ਜਰੂਰੀ ਹੈ ਤੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਤਿੰਨ ਸਾਲ ਦੀ ਸਜ਼ਾ ਅਤੇ ਦੋ ਲੱਖ ਰੁਪਏ ਤੱਕ ਜ਼ੁਰਮਾਨਾ ਹੋ ਸਕਦਾ ਹੈ।  ਇਸ ਟੀਮ ’ਚ ਹੈਲਥ ਸੁਪਰਵਾਈਜ਼ਰ ਬਲਵਿੰਦਰ ਸ਼ਰਮਾ, ਵਪਿੰਦਰ ਸਿੰਘ,  ਮਲਟੀਪਰਪਜ਼ ਹੈਲਥ ਵਰਕਰ ਕਰਮਜੀਤ ਸਿੰਘ ਅਤੇ ਜਸਪਾਲ ਸਿੰਘ ਸ਼ਾਮਲ ਸਨ ।
 


Related News