ਪੈਸੇ ਦੁੱਗਣੇ ਕਰਨ ਦੇ ਨਾਂ ''ਤੇ 120 ਕਰੋੜ ਦੀ ਠੱਗੀ
Monday, Dec 03, 2018 - 10:43 PM (IST)
ਬਠਿੰਡਾ,(ਵਰਮਾ)— ਵੱਧ ਮੁਨਾਫੇ ਦਾ ਲਾਲਚ ਦੇ ਕੇ ਕਈ ਕੰਪਨੀਆਂ ਨੇ ਲੋਕਾਂ ਨਾਲ ਠੱਗੀ ਕੀਤੀ ਹੈ ਅਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਦੇ ਅਧਿਕਾਰੀ ਜਾਂ ਤਾਂ ਫਰਾਰ ਹੋ ਜਾਂਦੇ ਨੇ ਜਾਂ ਫਿਰ ਜੇਲ 'ਚ ਹਨ। ਫਰਜ਼ੀਵਾੜਾ ਕਰਨ ਵਾਲੀਆਂ ਕੰਪਨੀਆਂ ਜਿਨ੍ਹਾਂ 'ਚ ਸਹਾਰਾ, ਕ੍ਰਾਊਨ, ਫਿਊਚਲ ਮੇਕਰ, ਪਰਲ ਇੰਡੀਆ, ਮੈਕਸ ਫੋਰੈਕਸ ਆਦਿ ਸ਼ਾਮਲ ਹਨ, ਇਨ੍ਹਾਂ 'ਚ ਟ੍ਰੇਡਮਾਰਟ ਕੰਪਨੀ ਦਾ ਨਾਮ ਵੀ ਸ਼ਾਮਲ ਹੋ ਗਿਆ, ਜਿਸ ਨੇ 10-15 ਹਜ਼ਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ 120 ਕਰੋੜ ਰੁਪਏ ਤੱਕ ਦੀ ਠੱਗੀ ਮਾਰੀ ਹੈ। ਇਸ ਮਾਮਲੇ 'ਚ ਸੈਂਟ੍ਰਲ ਬੈਂਕ ਦੇ ਅਸਿਸਟੈਂਟ ਮੈਨੇਜਰ ਵੀ ਸ਼ਾਮਲ ਹੈ, ਜਿਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਹਿਸਾਰ ਪੁਲਸ ਨੇ ਬੈਂਕ 'ਚ ਰੇਡ ਮਾਰ ਕੇ ਮੈਨੇਜਰ ਕੋਲੋਂ ਪੁੱਛਗਿੱਛ ਕੀਤੀ।
ਜਾਣਕਾਰੀ ਅਨੁਸਾਰ ਬੈਂਕ ਦੇ ਸਹਾਇਕ ਪ੍ਰਬੰਧਕ ਗੌਰਵ ਨੇ ਆਪਣੀ ਬੈਂਕ ਆਈ. ਡੀ. ਦੀ ਦੁਰਵਰਤੋਂ ਕਰਕੇ ਫਰਜ਼ੀ ਖਾਤਾ ਖੋਲ੍ਹਿਆ ਸੀ। ਇਹੀ ਨਹੀਂ ਬੈਂਕ ਦੇ ਫਾਰਮ 'ਤੇ ਕੰਪਨੀ ਦੇ ਐੱਮ. ਡੀ. ਸ਼ਮਸ਼ੇਰ ਸਿੰਘ ਮੋਰ ਦੀ ਫੋਟੋ ਲਗਾ ਕੇ ਉਸ 'ਤੇ ਦਸਤਖਤ ਵੀ ਕੀਤੇ ਗਏ। ਬੈਂਕ ਨਿਯਮਾਂ ਨੂੰ ਦਰਕਿਨਾਰ ਕਰਕੇ ਇਸ ਅਧਿਕਾਰੀ ਨੇ ਲਗਭਗ ਸਾਰੇ ਫਰਜ਼ੀ ਦਸਤਾਵੇਜ ਇਕੱਠੇ ਕੀਤੇ ਅਤੇ ਲੋਕਾਂ ਤੋਂ ਪੈਸੇ ਠੱਗਣ ਦਾ ਧੰਦਾ ਸ਼ੁਰੂ ਕਰ ਦਿੱਤਾ। ਪੁਲਸ ਦੀ ਪੁੱਛਗਿੱਛ ਦੌਰਾਨ ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਸਹਾਇਕ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ, ਜਿਸ ਦੀ ਵਿਭਾਗੀ ਜਾਂਚ ਕੀਤੀ ਜਾਵੇਗੀ ਜਦਕਿ ਹਿਸਾਰ ਪੁਲਸ ਸਾਰੇ ਸਬੂਤ ਜੁਟਾ ਕੇ ਵਾਪਸ ਚਲੀ ਗਈ। ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਵੀ ਚੌਕਸ ਹੋ ਗਈ ਕਿਉਂਕਿ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਰਥਿਕ ਲਾਭ ਲੈਣਾ ਵੀ ਭ੍ਰਿਸ਼ਟਾਚਾਰ ਮਾਮਲੇ 'ਚ ਸ਼ਾਮਲ ਹੈ। ਇਸਦੇ ਬਾਅਦ ਇਸ ਟੀਮ ਨੇ ਪਿੰਡ ਬਾਦਲ 'ਚ ਇਸ ਬੈਂਕ ਦੇ ਸਹਾਇਕ ਮੈਨੇਜਰ ਅਮਿਤ ਕੋਲੋਂ ਪੁੱਛਗਿੱਛ ਕੀਤੀ। ਅਮਿਤ ਤੇ ਗੌਰਵ ਟ੍ਰੇਡਮਾਰਟ ਕੰਪਨੀ 'ਚ ਉੱਚ ਅਹੁਦਿਆਂ ਤੇ ਤਾਇਨਾਤ ਸਨ ਅਤੇ ਇਥੋਂ ਤੱਕ ਕਿ ਇਨ੍ਹਾਂ ਜਰੀਏ ਹੀ ਬੈਂਕ 'ਚ ਲੈਣ ਦੇਣ ਹੋਇਆ।
ਇਹ ਬੈਂਕ ਮੈਨੇਜਰ ਨਕਦੀ ਲੈ ਕੇ ਬਦਲੇ 'ਚ ਕੁਝ ਪੁਆਇੰਟ ਦੇ ਕੇ ਕਹਿੰਦੇ ਸੀ ਕਿ ਇਨ੍ਹਾਂ ਨੂੰ ਅੱਗੇ ਵੇਚ ਕੇ ਰੁਪਏ ਕਮਾ ਸਕਦੇ ਹਾਂ। ਜਿਵੇਂ ਹੀ ਬਿਟਕਾਨ ਕਰੰਸੀ 'ਚ ਹੋਇਆ। ਨਿਵੇਸ਼ਕ ਇਸ 'ਚ ਫਸਦੇ ਚਲੇ ਗਏ ਅਤੇ ਇਨ੍ਹਾਂ ਦੇ ਜਾਲ 'ਚ ਕਰੀਬ 10-15 ਹਜ਼ਾਰ ਲੋਕ ਫਸ ਗਏ। ਮੰਨਿਆ ਜਾਂਦਾ ਹੈ ਕਿ ਇਹ 120 ਕਰੋੜ ਰੁਪਏ ਦਾ ਵੱਡਾ ਫਰਾਡ ਸੀ। ਇਨ੍ਹਾਂ ਦੇ ਜਾਲ 'ਚ ਹਿਸਾਰ ਦਾ ਵਕੀਲ ਪ੍ਰਦੀਪ ਸਿਵਾਚ ਵੀ ਫਸ ਗਿਆ ਅਤੇ ਉਸਨੇ ਵੀ ਇਸ 'ਚ ਨਿਵੇਸ਼ ਕੀਤਾ ਪਰ ਪੈਸੇ ਡੁੱਬਦੇ ਦੇਖ ਸਤੰਬਰ 'ਚ ਉਸਨੇ ਹਿਸਾਰ ਪੁਲਸ ਨੂੰ ਇਸਦੀ ਸ਼ਿਕਾਇਤ ਦਰਜ ਕਰਵਾਈ, ਫਿਰ ਪੁਲਸ ਨੇ ਜਾਂਚ ਤੋਂ ਬਾਅਦ ਬੈਂਕ ਕਰਮੀਆਂ ਕੋਲੋਂ ਪੁੱਛਗਿੱਛ ਕੀਤੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਕੰਪਨੀ ਬਣਾਉਣ 'ਚ ਮੁਲਜ਼ਮ ਨਵੀਨ ਬੈਂਕ ਮੈਨੇਜਰ ਅਮਿਤ, ਰੋਹਤਾਸ਼ ਚੌਹਾਨ ਸ਼ਾਮਲ ਹੋਏ ਪਰ ਬਾਅਦ 'ਚ ਇਨ੍ਹਾਂ ਨੇ ਬੈਂਕ ਮੈਨੇਜਰ ਗੌਰਵ, ਨਰੇਸ਼ ਮਲਿਕ ਤੇ ਸ਼ਮਸ਼ੇਰ ਮੋਰ ਨੂੰ ਵੀ ਸ਼ਾਮਲ ਕਰ ਲਿਆ। ਇਨ੍ਹਾਂ ਨੇ ਹੇਠਲੇ ਪੱਧਰ 'ਤੇ ਕੰਪਨੀ ਸ਼ੁਰੂ ਕੀਤੀ ਅਤੇ ਦੇਖਦੇ ਹੀ ਦੇਖਦੇ ਇਸਨੂੰ ਉਚਾਈਆਂ ਤੱਕ ਲੈ ਜਾਣ ਲਈ ਸਾਫਟਵੇਅਰ ਤੱਕ ਤਿਆਰ ਕਰਵਾਏ ਅਤੇ ਕੰਪਨੀ ਨੂੰ ਰਜਿਸਟਰਡ ਵੀ ਕਰਵਾਇਆ। ਆਰ. ਬੀ. ਆਈ. ਨੇ ਜਦੋਂ ਇਨ੍ਹਾਂ ਫਾਇਨਾਸ ਕੰਪਨੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਤਾਂ ਟ੍ਰੇਡਮਾਰਟ ਕੰਪਨੀ ਵੀ ਆਪਣਾ ਕੰਮ ਬੰਦ ਹੋਣ ਕਰਕੇ ਅੰਡਰਗ੍ਰਾਊਂਡ ਹੋ ਗਈ। ਉਦੋਂ ਤੋਂ ਹੀ ਲੋਕਾਂ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਕਰਨੀ ਸ਼ੁਰੂ ਕਰ ਦਿੱਤੀ ਸੀ।
