ਪਟਿਆਲਾ ਇੰਡਸਟਰੀ ਐਸੋਸੀਏਸ਼ਨ ਨੇ ਫੜ੍ਹੀ ਸਰਕਾਰ ਦੀ ਬਾਂਹ, ਮੁਹੱਈਆ ਕਰਵਾਏ ਮਾਸਕ

Wednesday, Apr 08, 2020 - 02:15 PM (IST)

ਪਟਿਆਲਾ ਇੰਡਸਟਰੀ ਐਸੋਸੀਏਸ਼ਨ ਨੇ ਫੜ੍ਹੀ ਸਰਕਾਰ ਦੀ ਬਾਂਹ, ਮੁਹੱਈਆ ਕਰਵਾਏ ਮਾਸਕ

ਪਟਿਆਲਾ (ਰਾਜੇਸ਼)-'ਕੋਰੋਨਾ ਵਾਇਰਸ' ਤੋਂ ਬਚਾਅ ਅਤੇ ਇਸ ਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜਿੱਥੇ ਬਹੁਤ ਸਾਰੀਆਂ ਸਮਾਜਕ ਅਤੇ ਧਾਰਮਕ ਸੰਸਥਾਵਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਵਿਚ ਆਪਣਾ ਸਹਿਯੋਗ ਦੇ ਰਹੀਆਂ ਹਨ, ਉਥੇ ਹੀ ਪਟਿਆਲਾ ਇੰਡਸਟਰੀ ਐਸੋਸੀਏਸ਼ਨ ਨੇ ਇਕ ਨਿਵੇਕਲਾ ਉਪਰਾਲਾ ਕਰਦਿਆਂ 4 ਲੱਖ ਰੁਪਏ ਦੀ ਲਾਗਤ ਨਾਲ ਕੱਪੜੇ ਦੇ ਮੁੜ ਵਰਤੋਂ ਯੋਗ ਦੋ-ਪਰਤੀ 60 ਹਜ਼ਾਰ ਮਾਸਕ ਤੁਰੰਤ ਮੁਹੱਈਆ ਕਰਵਾ ਕੇ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ ਹੈ।

ਪਟਿਆਲਾ ਇੰਡਸਟਰੀ ਐਸੋਸੀਏਸ਼ਨ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ 'ਕੋਰੋਨਾ ਵਾਇਰਸ' ਨਾਲ ਵਿੱਢੀ ਜੰਗ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤਿਆ ਜਾ ਸਕਦਾ ਹੈ। ਪਟਿਆਲਾ ਇੰਡਸਟਰੀ ਐਸੋਸੀਏਸ਼ਨ ਵੱਲੋਂ 'ਕੋਰੋਨਾ' ਨੂੰ ਫੈਲਣ ਤੋਂ ਰੋਕਣ ਲਈ ਦਿੱਤਾ ਸਹਿਯੋਗ ਸ਼ਲਾਘਾਯੋਗ ਹੈ।
ਕੁਮਾਰ ਅਮਿਤ ਨੇ ਦੱਸਿਆ ਕਿ ਐਸੋਸੀਏਸ਼ਨ ਨੇ ਇਹ ਮਾਸਕ ਆਪਣੇ ਪਰਿਵਾਰਕ ਮੈਂਬਰਾਂ ਤੋਂ ਬਣਵਾਉਣ ਸਮੇਤ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਸਵੈ-ਸਹਾਇਤਾ ਗਰੁੱਪਾਂ ਤੋਂ ਤਿਆਰ ਕਰਵਾਏ ਹਨ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਨਤਕ ਹਿਤਾਂ ਨੂੰ ਦੇਖਦਿਆਂ ਮਾਸਕ (2 ਪਲਾਈ ਅਤੇ 3 ਪਲਾਈ ਸਰਜੀਕਲ ਮਾਸਕ, ਐੱਨ 95 ਮਾਸਕ) ਤੇ ਹੈਂਡ ਸੈਨੀਟਾਈਜ਼ਰ ਨੂੰ ਪਹਿਲਾਂ ਹੀ ਜ਼ਰੂਰੀ ਵਸਤਾਂ ਕਰਾਰ ਦਿੱਤਾ ਹੋਇਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਕਿ 3 ਪਲਾਈ ਸਰਜੀਕਲ ਮਾਸਕ ਅਤੇ ਐੱਨ 95 ਮਾਸਕ ਸਿਹਤ ਸੇਵਾਵਾਂ, ਖਾਸ ਕਰ ਕੇ 'ਕੋਰੋਨਾ' ਪੀੜਤ ਮਰੀਜ਼ਾਂ ਦੀ ਦੇਖ-ਭਾਲ ਕਰਨ ਵਾਲਿਆਂ ਲਈ ਲੋੜੀਂਦੇ ਹਨ ਪਰ ਹੋਰ ਜ਼ਰੂਰੀ ਸੇਵਾਵਾਂ ਵਿਚ ਲੱਗੇ ਵਿਅਕਤੀਆਂ ਅਤੇ ਆਮ ਲੋਕਾਂ ਨੂੰ ਮਾਸਕਾਂ ਦੀ ਜ਼ਰੂਰਤ ਨੂੰ ਦੇਖਦਿਆਂ ਪਟਿਆਲਾ ਇੰਡਸਟਰੀ ਐਸੋਸੀਏਸ਼ਨ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਨਾਲ ਆਪਣਾ ਮੋਢਾ ਜੋੜਦਿਆਂ 60 ਹਜ਼ਾਰ ਮਾਸਕ ਉਪਲਬਧ ਕਰਵਾਉਣ ਲਈ ਸ਼ਲਾਘਾਯੋਗ ਸਹਿਯੋਗ ਦਿੱਤਾ ਹੈ। ਉਨ੍ਹਾਂ ਹੋਰਨਾਂ ਸੰਸਥਾਵਾਂ ਨੂੰ ਵੀ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ।

ਇਸੇ ਦੌਰਾਨ ਪਟਿਆਲਾ ਇੰਡਸਟਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਐੱਚ. ਪੀ. ਐੱਸ. ਲਾਂਬਾ ਨੇ ਦੱਸਿਆ ਕਿ ਪਟਿਆਲਾ ਇੰਡਸਟਰੀ ਐਸੋਸੀਏਸ਼ਨ ਦੇ ਨਰੇਸ਼ ਗੁਪਤਾ, ਸੰਜੇ ਸਿੰਗਲਾ, ਰਾਜਨ ਗੁਪਤਾ, ਰਾਜੀਵ ਗੋਇਲ, ਐੱਚ. ਐੱਸ. ਵਾਲੀਆ, ਸੰਜੇ ਸਿੰਗਲਾ, ਅਸ਼ਵਨੀ ਗਰਗ, ਸਤਪਾਲ ਗੋਇਲ, ਜੈ ਨਰਾਇਣ, ਰਾਜਿੰਦਰ ਗੁਪਤਾ, ਸੁਨੀਲ ਸੂਦ, ਗੁਰਦੇਵ ਸਿੰਘ, ਕੇ. ਐੱਲ. ਵਰਮਾ, ਪਰਵੇਸ਼ ਮੰਗਲਾ, ਅਨਿਲ ਗੋਇਲ, ਪਵਨ ਗੁਪਤਾ, ਸੁਭਾਸ਼ ਗੁਪਤਾ, ਰਾਕੇਸ਼ ਗੋਇਲ, ਵਿਕਰਮ ਗੋਇਲ, ਸੰਦੀਪ ਗੁਪਤਾ ਅਤੇ ਰਾਜੇਸ਼ ਸਿੰਗਲਾ ਨੇ ਸਹਿਯੋਗ ਦਿੱਤਾ ਹੈ।ਲਾਂਬਾ ਨੇ ਦੱਸਿਆ ਕਿ ਨਰੇਸ਼ ਗੁਪਤਾ ਵੱਲੋਂ ਇਕ ਲੱਖ ਰੁਪਏ ਪ੍ਰਧਾਨ ਮੰਤਰੀ ਕੇਅਰ ਫੰਡ ਅਤੇ 1 ਲੱਖ ਰੁਪਏ ਮੁੱਖ ਮੰਤਰੀ ਪੰਜਾਬ ਰਿਲੀਫ਼ ਫੰਡ ਲਈ ਯੋਗਦਾਨ ਪਾਇਆ ਗਿਆ ਹੈ। ਇਸ ਤੋਂ ਬਿਨਾਂ ਆਪਣੇ ਸਾਰੇ ਸਟਾਫ਼ ਅਤੇ ਮਜ਼ਦੂਰਾਂ ਨੂੰ ਮਾਸਕ, ਸੈਨੀਟਾਈਜ਼ਰ ਤੇ ਲਿਕੁਇਡ ਸੋਪ ਮੁਹੱਈਆ ਕਰਵਾਇਆ ਹੈ।


author

Shyna

Content Editor

Related News