‘ਸਤਲੁਜ’ ਫਿਲਮ ’ਤੇ ਵਿਵਾਦ ਮੰਦਭਾਗਾ : ਸਾਹਨੀ
Tuesday, Jul 14, 2026 - 12:48 AM (IST)
ਚੰਡੀਗੜ੍ਹ (ਅੰਕੁਰ) - ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੇ ਵਿਵਾਦ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਤਿਹਾਸਕ ਘਟਨਾਵਾਂ ’ਤੇ ਆਧਾਰਤ ਕਿਸੇ ਵੀ ਫਿਲਮ ਨੂੰ ਇਕ ਖਾਸ ਵਿਸ਼ੇ ਦੀ ਕਲਾਤਮਕ ਪੇਸ਼ਕਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਨਾ ਕਿ ਪੁਰਾਣੇ ਜ਼ਖ਼ਮਾਂ ਨੂੰ ਦੁਬਾਰਾ ਹਰਾ ਕਰਨ ਜਾਂ ਸਮਾਜ ’ਚ ਨਵੀਆਂ ਵੰਡਾਂ ਪੈਦਾ ਕਰਨ ਦੇ ਸਾਧਨ ਵਜੋਂ। ਉਨ੍ਹਾਂ ਕਿਹਾ ਕਿ ਇਹ ਫਿਲਮ ਪੰਜਾਬ ਦੇ ਇਤਿਹਾਸ ਦੇ ਉਸ ਸੰਵੇਦਨਸ਼ੀਲ ਦੌਰ ਨੂੰ ਦਰਸਾਉਂਦੀ ਹੈ, ਜੋ ਲਾਪਤਾ ਹੋਏ ਨੌਜਵਾਨਾਂ, ਫਰਜ਼ੀ ਮੁਕਾਬਲਿਆਂ, ਗੈਰ-ਨਿਆਂਇਕ ਹੱਤਿਆਵਾਂ ਤੇ ਬਿਨਾਂ ਪਰਿਵਾਰਾਂ ਨੂੰ ਜਾਣਕਾਰੀ ਦਿੱਤੇ ਕੀਤੇ ਗਏ ਸਸਕਾਰਾਂ ਨਾਲ ਸਬੰਧਤ ਹੈ। ਇਸ ਤਰ੍ਹਾਂ ਦੇ ਵਿਸ਼ਿਆਂ ਨੂੰ ਸੰਵੇਦਨਸ਼ੀਲਤਾ ਤੇ ਸੰਤੁਲਿਤ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਹ ਇਕ ਸਥਾਪਿਤ ਤੱਥ ਹੈ ਕਿ ਜਸਵੰਤ ਸਿੰਘ ਖਾਲੜਾ ਨੇ ਲਾਪਤਾ ਨੌਜਵਾਨਾਂ ਤੇ ਗ਼ੈਰ-ਕਾਨੂੰਨੀ ਸਸਕਾਰਾਂ ਦੇ ਮਾਮਲਿਆਂ ਨੂੰ ਸੰਵਿਧਾਨਕ ਤੇ ਕਾਨੂੰਨੀ ਤਰੀਕਿਆਂ ਰਾਹੀਂ ਉਠਾਇਆ ਸੀ। ਉਨ੍ਹਾਂ ਨੇ ਹੈਬੀਅਸ ਕਾਰਪਸ ਪਟੀਸ਼ਨਾਂ ਦਾਇਰ ਕੀਤੀਆਂ, ਜਿਨ੍ਹਾਂ ਦਾ ਨੋਟਿਸ ਭਾਰਤ ਦੀ ਸੁਪਰੀਮ ਕੋਰਟ ਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਲਿਆ। ਸੀ.ਬੀ.ਆਈ. ਨੇ ਇਸ ਸਬੰਧੀ ਕਈ ਮਾਮਲਿਆਂ ਦੀ ਜਾਂਚ ਕੀਤੀ ਤੇ ਜਸਵੰਤ ਸਿੰਘ ਖਾਲੜਾ ਦੇ ਅਗਵਾ ਤੇ ਕਤਲ ਮਾਮਲੇ ’ਚ ਪੰਜਾਬ ਪੁਲਸ ਦੇ ਕੁਝ ਅਧਿਕਾਰੀਆਂ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਪੰਜਾਬ ਦੇ ਇਤਿਹਾਸ ਦੇ ਖਾਸ ਅਧਿਆਇ ’ਤੇ ਕੇਂਦਰਿਤ ਹੈ। ਇਹ ਨਾ ਤਾਂ ਪੰਜਾਬ ’ਚ ਅੱਤਵਾਦ ਦੇ ਪੂਰੇ ਇਤਿਹਾਸ ਨੂੰ ਪੇਸ਼ ਕਰਨ ਦਾ ਦਾਅਵਾ ਕਰਦੀ ਹੈ ਤੇ ਨਾ ਹੀ ਅੱਤਵਾਦ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੀ ਹੈ। ਹੁਣ ਜਦੋਂ ਲੋਕਾਂ ਨੂੰ ਇਹ ਫਿਲਮ ਦੇਖਣ ਦਾ ਮੌਕਾ ਮਿਲ ਚੁੱਕਾ ਹੈ ਤਾਂ ਇਸ ਮੁੱਦੇ ’ਤੇ ਬੇਲੋੜੀ ਬਹਿਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।0
