ਪਾਰਟੀ ਛੱਡਣ ਦੀਆਂ ਕਿਆਸਅਰਾਈਆਂ 'ਤੇ ਕੀ ਬੋਲੇ ਚਰਨਜੀਤ ਚੰਨੀ (ਵੀਡੀਓ)

Saturday, Jul 04, 2026 - 04:22 PM (IST)

ਪਾਰਟੀ ਛੱਡਣ ਦੀਆਂ ਕਿਆਸਅਰਾਈਆਂ 'ਤੇ ਕੀ ਬੋਲੇ ਚਰਨਜੀਤ ਚੰਨੀ (ਵੀਡੀਓ)

ਮੋਰਿੰਡਾ/ਚੰਡੀਗੜ੍ਹ (ਵੈੱਬ ਡੈਸਕ)- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ 'ਤੇ ਉਨ੍ਹਾਂ ਦੇ ਸਮਰਥਕਾਂ ਦੀ ਬੀਤੇ ਦਿਨ ਹੋਈ ਵੱਡੀ ਬੈਠਕ ਨੇ ਸੂਬੇ ਦੀ ਸਿਆਸਤ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਬੈਠਕ ਨੂੰ ਕਾਂਗਰਸ ਹਾਈਕਮਾਂਡ ਦੇ ਫ਼ੈਸਲਿਆਂ ਖ਼ਿਲਾਫ਼ ਸ਼ਕਤੀ ਪ੍ਰਦਰਸ਼ਨ ਵਜੋਂ ਵੀ ਵੇਖਿਆ ਜਾ ਰਿਹਾ ਹੈ। ਚੰਨੀ ਦੀ ਰਿਹਾਇਸ਼ 'ਤੇ ਹੋਈ ਨਾਰਾਜ਼ ਕਾਂਗਰਸੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਵੱਡਾ ਬਿਆਨ ਦਿੱਤਾ ਹੈ। 

ਇਹ ਵੀ ਪੜ੍ਹੋ: 13 ਜੁਲਾਈ ਨੂੰ ਪੰਜਾਬ ਆ ਸਕਦੇ ਨੇ PM ਨਰਿੰਦਰ ਮੋਦੀ, ਜਲੰਧਰ 'ਚ ਵੱਡੀ ਰੈਲੀ ਕਰਕੇ ਵਜਾਉਣਗੇ ਚੋਣ ਬਿਗੁਲ

ਉਨ੍ਹਾਂ ਕਿਹਾ ਕਿ ਮੈਂ ਕੋਈ ਵੀ ਵੱਖਰੀ ਪਾਰਟੀ ਨਹੀਂ ਬਣਾ ਰਿਹਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੈਠਕ ਤੋਂ ਬਾਅਦ ਕਿਹਾ ਕਿ ਪੰਜਾਬ ਦੇ 100 ਵਿਧਾਨ ਸਭਾ ਖੇਤਰਾਂ ਵਿਚੋਂ 74 ਖੇਤਰਾਂ ਦੇ ਨੁਮਾਇੰਦੇ ਇਸ ਮੀਟਿੰਗ ਵਿਚ ਮੌਜੂਦ ਰਹੇ ਹਨ। ਬੈਠਕ ਵਿਚ ਆਗੂਆਂ ਨੇ ਮੈਨੂੰ ਕਿਹਾ ਕਿ ਮੈਂ ਹਾਈਕਮਾਨ ਦੇ ਸਾਹਮਣੇ ਪੰਜਾਬ ਦੇ ਆਗੂਆਂ ਅਤੇ ਜਨਤਾ ਦੀਆਂ ਭਾਵਨਾਵਾਂ ਰੱਖਾਂ। ਉਨ੍ਹਾਂ ਕਿਹਾ ਕਿ ਮੈਂ ਨਾ ਤਾਂ ਕੋਈ ਵੱਖਰੀ ਪਾਰਟੀ ਬਣਾਵਾਂਗਾ ਅਤੇ ਨਾ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਵੇਗਾ। ਕਾਂਗਰਸ ਵਿਚ ਰਹਿ ਕੇ ਹੀ ਮੈਂ ਆਪਣੀ ਲੜਾਈ ਲੜਾਂਗਾ।

PunjabKesari

ਇਥੇ ਦੱਸ ਦੇਈਏ ਕਿ ਬੀਤੇ ਦਿਨ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ 'ਤੇ ਲਗਭਗ ਚਾਰ ਘੰਟੇ ਚੱਲੀ ਮੀਟਿੰਗ 'ਚ ਮੌਜੂਦਾ ਵਿਧਾਇਕਾਂ, ਸਾਬਕਾ ਮੰਤਰੀਆਂ, ਸਾਬਕਾ ਸੰਸਦ ਮੈਂਬਰਾਂ ਅਤੇ ਸੀਨੀਅਰ ਆਗੂਆਂ ਦੀ ਵੱਡੀ ਗਿਣਤੀ ’ਚ ਹਾਜ਼ਰੀ ਨੇ ਇਸ ਨੂੰ ਆਮ ਮੁਲਾਕਾਤ ਦੀ ਬਜਾਏ ਇਕ ਮਹੱਤਵਪੂਰਨ ਸਿਆਸੀ ਮੰਥਨ ਬਣਾ ਦਿੱਤਾ ਹੈ। ਚੰਨੀ ਦੇ ਘਰ ਨਾਰਾਜ਼ ਧੜੇ ਦੇ ਆਗੂਆਂ ਦੀ ਬੈਠਕ ਨੇ ਇਹ ਸੰਦੇਸ਼ ਦਿੱਤਾ ਕਿ ਪਾਰਟੀ ਅੰਦਰ ਇਕ ਵੱਡਾ ਵਰਗ ਹਾਈਕਮਾਨ ਦੇ ਫ਼ੈਸਲੇ ਨਾਲ ਸੰਤੁਸ਼ਟ ਨਹੀਂ ਹੈ। ਹਾਲਾਂਕਿ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਪਰ ਉਨ੍ਹਾਂ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਲੋਕਪ੍ਰਿਯਤਾ ਅਤੇ ਜਨ ਆਧਾਰ ਨੂੰ ਵੇਖਦਿਆਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਜਾਣੀ ਚਾਹੀਦੀ ਸੀ।'

ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਇਨ੍ਹਾਂ ਚਾਰ ਇਲਾਕਿਆਂ 'ਚ ਹੋਣਗੀਆਂ ਸਥਾਨਕ ਚੋਣਾਂ, ਸ਼ਾਮ ਨੂੰ ਆਉਣਗੇ ਨਤੀਜੇ

ਮੀਟਿੰਗ ਵਿਚ ਕਰੀਬ 23 ਸੀਨੀਅਰ ਆਗੂ ਸ਼ਾਮਲ ਹੋਏ। ਇਨ੍ਹਾਂ 'ਚ ਰਾਣਾ ਗੁਰਜੀਤ ਸਿੰਘ, ਬਾਵਾ ਹੈਨਰੀ, ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਸਿੰਘ ਕੋਟਲੀ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਇੰਦਰਬੀਰ ਸਿੰਘ ਬੁਲਾਰੀਆ, ਦਵਿੰਦਰ ਸਿੰਘ ਘੁਬਾਇਆ ਅਤੇ ਹੋਰ ਕਈ ਆਗੂ ਸ਼ਾਮਲ ਸਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਹਾਜ਼ਰੀ ਨੇ ਵੀ ਇਸ ਮੀਟਿੰਗ ਨੂੰ ਹੋਰ ਸਿਆਸੀ ਮਹੱਤਵ ਦੇ ਦਿੱਤਾ ਹੈ। ਇੰਨੀ ਵੱਡੀ ਗਿਣਤੀ 'ਚ ਆਗੂਆਂ ਦਾ ਇਕ ਥਾਂ ਇਕੱਠੇ ਹੋਣਾ ਇਹ ਦਰਸਾਉਂਦਾ ਹੈ ਕਿ ਮਾਮਲਾ ਸਿਰਫ਼ ਇਕ ਅਹੁਦੇ ਦਾ ਨਹੀਂ ਸਗੋਂ ਪਾਰਟੀ ਦੀ ਭਵਿੱਖੀ ਰਣਨੀਤੀ ਨਾਲ ਜੁੜਿਆ ਹੋਇਆ ਹੈ।

ਪੰਜ ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ 
ਮੀਟਿੰਗ ਮਗਰੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ’ਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ, ਓ. ਪੀ. ਸੋਨੀ, ਤੇ ਸੁਖਵਿੰਦਰ ਸਿੰਘ ਸਰਕਾਰੀਆ ਸ਼ਾਮਲ ਹਨ। ਇਹ ਵਫ਼ਦ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖੇਗਾ। ਸੂਤਰਾਂ ਮੁਤਾਬਕ ਚੰਨੀ ਨੂੰ ਹਾਈਕਮਾਂਡ ਨਾਲ ਮੁਲਾਕਾਤ ਲਈ ਸਮਾਂ ਮਿਲ ਗਿਆ ਹੈ ਅਤੇ ਉਹ ਦਿੱਲੀ ਜਾ ਕੇ ਹਾਈਕਮਾਂਡ ਨਾਲ ਗੱਲਬਾਤ ਕਰਨਗੇ।

ਇਹ ਵੀ ਪੜ੍ਹੋ: ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ ਦਿਸੀਆਂ ਬਗਾਵਤੀ ਸੁਰਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News