ਕਾਂਗਰਸ ਸਰਕਾਰ ਦੇ ਲਾਰਿਆ ਤੋਂ ਤੰਗ ਆ ਕੇ ਠੇਕਾ ਮੁਲਾਜ਼ਮਾਂ ਨੇ ਮਨਾਇਆ ''ਲੋਲੀਪੋਪ'' ਦਿਵਸ

03/16/2018 5:35:35 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - 'ਸ਼ਰਮ ਕਰਨ ਨੀ ਪੰਜਾਬ ਸਰਕਾਰੇ ਸਾਰਾ ਸਾਲ ਨਾ ਮੁੱਕੇ ਤੇਰੇ ਲਾਰੇ ' ਇਹ ਨਾਅਰਾ ਕਾਂਗਰਸ ਸਰਕਾਰ ਦੇ ਇਕ ਸਾਲ ਪੂਰਾ ਹੋਣ 'ਤੇ ਆਮ ਲੋਕਾਂ ਵਿਚ ਗੂੰਜਿਆ। ਇਹ ਨਾਅਰਾ ਲਗਾਉਣ ਵਾਲੇ ਕੱਚੇ ਮੁਲਾਜ਼ਮ ਜਿੰਨਾਂ ਨੂੰ ਕਾਂਗਰਸ ਸਰਕਾਰ ਨੇ ਸਰਕਾਰ ਬਨ੍ਹਣ ਤੋਂ ਪਹਿਲਾਂ ਅਤੇ ਬਾਅਦ ਵਿਚ ਲਾਰੇ ਹੀ ਦਿੱਤੇ ਹਨ। ਇਹ ਆਪਣੇ ਆਪ ਵਿਚ ਨਿਵੇਕਲੀ ਗੱਲ ਹੈ ਕਿ ਪੁਰੇ ਪੰਜਾਬ ਵਿਚ ਇਸ ਗੱਲ ਤੋਂ ਪ੍ਰਦਰਸ਼ਨ ਹੋ ਰਹੇ ਹਨ ਕਿ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਇਕ ਵੀ ਮੀਟਿੰਗ ਨਹੀਂ ਕੀਤੀ। ਇਥੇ ਹੈਰਾਨੀਜਨਕ ਗੱਲ ਇਹ ਹੈ ਕਿ ਮੀਟਿੰਗ ਕਰਵਾਉਣ ਦਾ ਐਲਾਨ ਮਾਨਯੋਗ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਪੰਜਾਬ ਦੇ ਅੰਗ ਸੰਗ ਰਹਿਣ ਵਾਲੇ ਓ. ਐੱਸ. ਡੀ ਵੱਲੋਂ ਕਈ ਵਾਰ ਕਰਨ ਦੇ ਬਾਵਜੂਦ ਵੀ ਨਹੀਂ ਹੋਈ।
ਇਸੇ ਦੌਰਾਨ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂਆ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਇਕ ਸਾਲ ਦੇ ਦੌਰਾਨ ਸੂਬੇ ਦੀ ਜਨਤਾ ਨੂੰ ਲਾਰੇ ਲਗਾਏ ਹਨ। ਉਨ੍ਹਾਂ ਨੇ ਸਭ ਤੋਂ ਵੱਧ ਲਾਰੇ ਨੌਜ਼ਵਾਨ ਮੁਲਾਜ਼ਮ ਵਰਗ ਨੂੰ ਲਗਾਏ ਗਏ ਹਨ। ਇਸ ਦੇ ਰੋਸ ਵਜੋਂ ਅੱਜ ਸਰਕਾਰ ਦੇ ਇਕ ਸਾਲ ਪੁਰਾ ਹੋਣ 'ਤੇ ਠੇਕਾ ਮੁਲਾਜ਼ਮਾਂ ਵੱਲੋਂ ਆਮ ਜਨਤਾ ਵਿਚ ਲੋਲੀਪੋਪ ਵੰਡ ਕੇ ਅੱਜ ਦੇ ਦਿਨ ਨੂੰ ਲੋਲੀਪੋਪ ਦਿਵਸ ਵਜੋਂ ਮਨਾਇਆ ਗਿਆ। ਆਗੂਆ ਨੇ ਕਿਹਾ ਕਿ ਇਕ ਸਾਲ ਪਹਿਲਾ 14 ਮਾਰਚ 2017 ਨੂੰ ਮੁੱਖ ਮੰਤਰੀ ਦੇ ਓ.ਐਸ.ਡੀ ਗੁਰਿੰਦਰ ਸਿੰਘ ਸੋਢੀ ਤੇ ਕੈਪਟਨ ਸੰਦੀਪ ਸੰਧੂ ਵੱਲੋਂ ਮੁਲਾਜ਼ਮਾਂ ਦੀ ਚੱਲ ਰਹੀ ਭੁੱਖ ਹੜਤਾਲ ਖਤਮ ਕਰਵਾਕੇ ਵਾਅਦਾ ਕੀਤਾ ਸੀ ਕਿ ਜਲਦ ਹੀ ਮੁੱਖ ਮੰਤਰੀ ਮੁਲਾਜ਼ਮਾਂ ਨਾਲ ਮੀਟਿੰਗ ਕਰਨਗੇ ਪਰ ਇਕ ਸਾਲ ਦੌਰਾਨ ਇਕ ਵੀ ਮੀਟਿੰਗ ਨਹੀਂ ਹੋਈ, ਜਿਸ ਦੇ ਰੋਸ ਵਜੋਂ ਮੁਲਾਜ਼ਮਾਂ ਵੱਲੋਂ ਫਿਰ ਤੋਂ ਸੈਕਟਰ 17 ਚੰਡੀਗੜ੍ਹ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਮੌਕੇ ਗੁਰਮੀਤ ਸਿੰਘ, ਸੁਨੀਲ ਕੁਮਾਰ, ਤਜਿੰਦਰ ਕੁਮਾਰ, ਰਾਕੇਸ਼ ਕੁਮਾਰ ਆਦਿ ਮੈਬਰ ਹਾਜ਼ਰ ਸਨ।


Related News