ਕਾਂਗਰਸ ਇਸ ਜਿੱਤ ਨੂੰ ਸਰਕਾਰ ਦੀਆਂ ਨੀਤੀਆਂ ਦੀ ਜਿੱਤ ਦੱਸ ਕੇ ਮਨਾ ਰਹੀ ਹੈ ਜਸ਼ਨ

Sunday, Sep 23, 2018 - 03:39 PM (IST)

ਕਾਂਗਰਸ ਇਸ ਜਿੱਤ ਨੂੰ ਸਰਕਾਰ ਦੀਆਂ ਨੀਤੀਆਂ ਦੀ ਜਿੱਤ ਦੱਸ ਕੇ ਮਨਾ ਰਹੀ ਹੈ ਜਸ਼ਨ

ਚੰਡੀਗੜ੍ਹ - ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਕਰਾਰੀ ਹਾਰ ਮਿਲਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਸਫਾਏ ਕਾਰਨ ਅਕਾਲੀ ਦਲ ਵਿਰੋਧੀ ਦਲ ਦੇ ਪੱਖੋਂ ਉਭਰ ਰਿਹਾ ਹੈ। ਕਾਂਗਰਸ ਇਸ ਜਿੱਤ ਨੂੰ ਸਰਕਾਰ ਦੀਆਂ ਨੀਤੀਆਂ ਦੀ ਜਿੱਤ ਦੱਸ ਕੇ ਜਸ਼ਨ ਮਨਾ ਰਹੀ ਹੈ ਅਤੇ ਮਾਯੂਸ ਅਕਾਲੀ ਇਸ ਨੂੰ ਇਕ ਸਬਕ ਦੇ ਤੌਰ 'ਤੇ ਲੈਣ ਲਈ ਮਜਬੂਰ ਹੋ ਰਹੇ ਹਨ। ਅਕਾਲੀਆਂ ਦੇ ਪੰਥਕ ਵੋਟ 'ਚ ਕਾਂਗਰਸ ਵਲੋਂ ਜ਼ਬਰਦਸਤ ਸੇਧਮਾਰੀ ਕੀਤੀ ਗਈ ਹੈ। ਉਧਰ 'ਆਪ' ਇਸ ਨੂੰ ਡੰਡੇ ਦੇ ਜ਼ੋਰ 'ਤੇ ਹਾਸਲ ਕੀਤੀ ਗਈ ਜਿੱਤ ਦੱਸਕੇ ਆਪਣਾ ਮੂੰਹ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਚੋਣਾਂ ਤੋਂ ਪਹਿਲਾਂ ਬੇਅਦਬੀ ਕਾਂਡ ਜਾਂਚ ਦੀ ਰਿਪੋਰਟ ਨੂੰ ਜਨਤਕ ਕਰਕੇ ਲੰਬੇ ਸਮੇਂ ਬਾਅਦ ਪੰਥਕ ਏਜੰਡੇ ਨੂੰ ਲੈ ਕੇ ਜਨਤਾ ਦੇ ਦਰਬਾਰ 'ਚ ਕਾਂਗਰਸ ਹਾਜ਼ਰ ਹੋਈ ਸੀ। ਕਾਂਗਰਸ ਨੇ ਜਿੱਤ ਜਰੂਰ ਹਾਸਲ ਕਰ ਲਈ ਹੈ ਪਰ ਉਹ ਜਿੱਤ ਹਾਸਲ ਕਰਨ ਦੇ ਨਾਲ-ਨਾਲ ਆਪਣੇ ਰਸਤੇ 'ਚ ਆਪਣੇ ਲਈ ਕੰਡੇ ਵੀ ਵਿਛਾ ਰਹੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਬਦਲੇ ਪੰਥਕ ਅਤੇ ਸਿਆਸੀ ਮਾਹੌਲ ਨੇ ਅਕਾਲੀ ਦਲ ਦੀ ਸਥਿਤੀ ਤਰਸਯੋਗ ਬਣਾ ਦਿੱਤੀ ਹੈ। 'ਆਪ' ਇਸ ਮੌਕੇ ਦਾ ਲਾਭ ਲੈ ਸਕਦੀ ਸੀ ਪਰ ਕੇਜਰੀਵਾਲ ਦੀਆਂ ਗਲਤ ਨੀਤੀਆਂ ਨੇ ਪਾਰਟੀ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ। ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਦੇ ਹਲਕਿਆਂ 'ਚ ਹੋਈ ਅਕਾਲੀ ਦਲ ਦੀ ਹਾਰ ਨੇ ਪਾਰਟੀ ਦੀ ਨੀਂਹ ਨੂੰ ਹਿਲਾ ਕੇ ਰੱਖ ਦਿੱਤਾ ਹੈ।


Related News