ਚੌਂਕੀ ਇੰਚਾਰਜ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ
Monday, Dec 17, 2018 - 11:54 PM (IST)

ਦੇਵੀਗੜ੍ਹ,(ਭੁਪਿੰਦਰ)—ਥਾਣਾ ਜੁਲਕਾਂ ਅਧੀਨ ਪੁਲਸ ਚੌਕੀ ਰੋਹੜ ਜਗੀਰ ਵਿਖੇ ਫਲਾਇੰਗ ਸਕੁਐਡ ਵਿਜੀਲੈਂਸ ਮੋਹਾਲੀ ਦੀ ਟੀਮ ਨੇ ਅਚਾਨਕ ਛਾਪੇਮਾਰੀ ਦੌਰਾਨ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ ਪਿੰਡ ਬੁੱਧਮੋਰ ਦੇ ਇਕ ਵਿਅਕਤੀ ਤੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਕਾਬੂ ਕਰ ਲਿਆ।
ਜਾਣਕਾਰੀ ਮੁਤਾਬਕ ਪਿੰਡ ਬੁੱਧਮੋਰ ਦੇ ਲਖਮੀ ਚੰਦ ਪੁੱਤਰ ਜਾਗਰ ਰਾਮ ਪਰਾਲੀ ਇਕੱਠੀ ਕਰ ਕੇ ਗੱਡੀਆਂ ਰਾਹੀਂ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਮੋਹਾਲੀ ਦੀ ਵਿਜੀਲੈਂਸ ਟੀਮ ਕੋਲ ਸ਼ਿਕਾਇਤ ਕੀਤੀ ਕਿ ਪੁਲਸ ਚੌਕੀ ਰੋਹੜ ਜਗੀਰ ਦਾ ਇੰਚਾਰਜ ਦਰਸ਼ਨ ਸਿੰਘ ਉਸ ਤੋਂ ਪਰਾਲੀ ਇਕੱਠੀ ਕਰਨ ਲਈ ਲਾਇਸੈਂਸ ਦਿਖਾਉਣ ਦੇ ਨਾਂ 'ਤੇ ਪਹਿਲਾਂ 20 ਹਜ਼ਾਰ ਅਤੇ ਬਾਅਦ 'ਚ 10 ਹਜ਼ਾਰ ਦੀ ਮੰਗ ਕਰਦਾ ਰਿਹਾ। ਅਖੀਰ 5 ਹਜ਼ਾਰ ਰੁਪਏ ਦੇਣ ਲਈ ਦਬਾਅ ਪਾਉਂਦਾ ਰਿਹਾ। ਉਸ ਨੇ ਮਜ਼ਬੂਰਨ ਉਕਤ ਰਕਮ ਦੇਣ ਦਾ ਸੌਦਾ ਤੈਅ ਕਰ ਲਿਆ।
ਅੱਜ ਜਦੋਂ ਲਖਮੀ ਚੰਦ ਇੰਚਾਰਜ ਦਰਸ਼ਨ ਸਿੰਘ ਨੂੰ ਪੈਸੇ ਦੇਣ ਲੱਗਾ ਤਾਂ ਵਿਜੀਲੈਂਸ ਦੇ ਇੰਸਪੈਕਟਰ ਸਤਵੰਤ ਸਿੰਘ ਮੋਹਾਲੀ ਦੀ ਟੀਮ ਨੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਘਟਨਾ ਦੀ ਖਬਰ ਜਦੋਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਲੱਗੀ ਤਾਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਜਦੋਂ ਵਿਜੀਲੈਂਸ ਦੀ ਟੀਮ ਉਸ ਨੂੰ ਮੂੰਹ ਢੱਕ ਕੇ ਬਾਹਰ ਲਿਜਾਣ ਲੱਗੀ ਤਾਂ ਦੁਖੀ ਹੋਏ ਲੋਕਾਂ ਨੇ ਉਸ ਖਿਲਾਫ ਨਾਅਰੇਬਾਜ਼ੀ ਕੀਤੀ।