ਜਥੇਦਾਰ ਦਾਦੂਵਾਲ ਦੀ ਕੈਪਟਨ ਨੂੰ ਆਤਮ ਚਿੰਤਨ ਕਰਨ ਦੀ ਸਲਾਹ, ਕਿਹਾ-ਬੇਅਦਬੀ ਦੇ ਦੋਸ਼ੀਆਂ ਨੂੰ ਦਿਓ ਸਜ਼ਾਵਾਂ

Thursday, Jul 22, 2021 - 04:49 PM (IST)

ਜਥੇਦਾਰ ਦਾਦੂਵਾਲ ਦੀ ਕੈਪਟਨ ਨੂੰ ਆਤਮ ਚਿੰਤਨ ਕਰਨ ਦੀ ਸਲਾਹ, ਕਿਹਾ-ਬੇਅਦਬੀ ਦੇ ਦੋਸ਼ੀਆਂ ਨੂੰ ਦਿਓ ਸਜ਼ਾਵਾਂ

ਤਲਵੰਡੀ ਸਾਬੋ (ਮਨੀਸ਼): ਪੰਜਾਬ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਅਤੇ ਪਾਰਟੀ ਦੇ ਬਦਲਦੇ ਹਾਲਾਤ ’ਤੇ ਆਤਮ ਚਿੰਤਨ ਕਰਨ ਦੀ ਸਖ਼ਤ ਲੋੜ ਹੈ। 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਕਸਮ ਖਾ ਕੇ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਡਰੱਗ ਨੂੰ ਖ਼ਤਮ ਕਰਨ ਦਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਵਲੋਂ ਗੁਟਕਾ ਸਾਹਿਬ ਦੀ ਖਾਧੀ ਕਸਮ ’ਤੇ ਅੰਨਾ ਵਿਸ਼ਵਾਸ ਕਰਕੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੇ ਕੈਪਟਨ ਦਾ ਪੂਰਾ ਸਾਥ ਦਿੱਤਾ ਅਤੇ ਪੂਰਨ ਬਹੁਮਤ ਨਾਲ ਪੰਜਾਬ ਦੀ ਸਰਕਾਰ ਬਣਵਾਈ। ਪਰ ਮੁੱਖ ਮੰਤਰੀ ਕੈਪਟਨ ਨੇ ਸੱਤਾ ਦੀ ਕੁਰਸੀ ’ਤੇ ਬੈਠ ਕੇ ਪੰਥ ਤੇ ਪੰਜਾਬ ਵਿਰੋਧੀ ਆਪਣੇ ਸਲਾਹਕਾਰਾਂ ਦੀਆਂ ਸਲਾਹਾਂ ਵਿਚ ਆ ਕੇ ਡਰੱਗ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਰਾਹ ਪੈ ਗਿਆ।

ਇਹ ਵੀ ਪੜ੍ਹੋ :   ਕਿਸਾਨਾਂ ਦੇ ਹੱਕ 'ਚ ਭਗਵੰਤ ਮਾਨ ਨੇ ਮੁੜ ਦਿੱਤਾ ਹੋਕਾ, ਕਿਹਾ- ਪਹਿਲਾਂ ਰੱਦ ਹੋਣ ਕਾਨੂੰਨ ਫਿਰ ਚੱਲੇ ਸੰਸਦ

ਕੈਪਟਨ ਨੇ ਪੰਥ ਅਤੇ ਪੰਜਾਬ ਦੇ ਲੋਕਾਂ ਨਾਲ ਚਿੱਟੇ ਦਿਨ ਧੋਖਾ ਕੀਤਾ। ਜਿਸ ਕਰਕੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਕਿਚਨ ਕੈਬਨਿਟ ਦੇ ਸਾਥੀ ਵੀ ਕੈਪਟਨ ਦਾ ਸਾਥ ਛੱਡ ਗਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਕ ਪ੍ਰੈੱਸਨੋਟ ਰਾਹੀਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਨਾਲ ਕੀਤਾ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਨੂੰ ਅੱਜ ਸਖ਼ਤ ਆਤਮ ਚਿੰਤਨ ਕਰਨ ਦੀ ਲੋੜ ਹੈ। ਉਸ ਨੂੰ ਦੇਖਣਾ ਚਾਹੀਦਾ ਹੈ ਕੇ ਡਰੱਗ ਜਿਸ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ। ਉਸ ਦੇ ਦੋਸ਼ੀਆਂ ਅਤੇ ਪਾਵਨ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਦੇ ਦੋਸ਼ੀਆਂ ਇਨਸਾਫ਼ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰਨ ਅਤੇ ਮਰਵਾਉਣ ਵਾਲੇ ਦੋਸ਼ੀਆਂ ਨੂੰ ਬਚਾ ਕੇ ਅੱਜ ਕਿਸ ਗਿਰਾਵਟ ਵਿੱਚ ਚਲਾ ਗਿਆ ਹੈ।

ਇਹ ਵੀ ਪੜ੍ਹੋ :   ਸੌਖਾ ਨਹੀਂ ਹੋਵੇਗਾ ਨਵਜੋਤ ਸਿੱਧੂ ਦਾ ਅਗਲਾ ਸਫ਼ਰ, 'ਪ੍ਰਧਾਨਗੀ' ਸਾਬਤ ਹੋ ਸਕਦੀ ਹੈ ਕੰਡਿਆਂ ਵਾਲੀ ਸੇਜ

ਕਦੇ ਮੁੱਖ ਮੰਤਰੀ ਕੈਪਟਨ ਦੀ ਪੰਜਾਬ ਅਤੇ ਦਿੱਲੀ ਹਾਈ ਕਮਾਂਡ ਵਿੱਚ ਤੂਤੀ ਬੋਲਦੀ ਸੀ ਪਰ ਅੱਜ ਪੰਜਾਬ ਦੇ ਲੋਕ ਵੀ ਨਾ ਲੈਣ ਤੇ ਲਾਹਣਤਾਂ ਪਾਉਂਦੇ ਅਤੇ ਪਾਰਟੀ ਹਾਈਕਮਾਂਡ ਨੇ ਵੀ ਕੈਪਟਨ ਦੀ ਕੋਈ ਪਰਵਾਹ ਨਹੀਂ ਕੀਤੀ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਸੌਦਾ ਅਸਾਧ ਪਾਖੰਡੀ ਗੁਰਮੀਤ ਰਾਮ ਰਹੀਮ ਨੂੰ ਬਚਾਉਂਦਿਆਂ ਪੰਥ ਤੇ ਪੰਜਾਬ ਨਾਲ ਧੋਖਾ ਕਰਦਿਆਂ ਬਾਦਲਾਂ ਨੇ ਆਪਣਾ ਪਤਨ ਕਰਵਾ ਲਿਆ ਅਤੇ ਹੁਣ ਡਰੱਗ ਮਾਫੀਆ ਅਤੇ ਬਾਦਲਾਂ ਨੂੰ ਬਚਾਉਂਦਿਆਂ ਕੈਪਟਨ ਨੇ ਆਪਣਾ ਪਤਨ ਕਰਵਾ ਲਿਆ ਹੈ। ਕੈਪਟਨ ਦੇ ਹਾਲਾਤ ਅੱਜ ਇਨਸਾਫ਼ ਨਾ ਕਰਨ ਕਰਕੇ ਕੱਖੋਂ ਹੌਲੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਕੋਲ ਅਜੇ ਵੀ ਕੁੱਝ ਮਹੀਨੇ ਦਾ ਸਮਾਂ ਬਾਕੀ ਹੈ। ਉਹ ਡਰੱਗ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਆਪਣੇ ਮੱਥੇ ਤੇ ਲੱਗਣ ਵਾਲੇ ਬਦਨਾਮੀ ਦੇ ਕਾਲੇ ਦਾਗ ਨੂੰ ਮਿਟਾ ਸਕਦਾ ਹੈ ਨਹੀਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਗੁਰਬਾਣੀ ਦੇ ਪਵਿੱਤਰ ਗੁਟਕਾ ਸਾਹਿਬ ਦੀਆਂ ਝੂਠੀਆਂ ਕਸਮਾਂ ਖਾਣ ਕਾਰਨ ਇਤਿਹਾਸ ਵਿਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ।

ਇਹ ਵੀ ਪੜ੍ਹੋ : ਮਾਂ ਦੇ ਇਕਲੌਤੇ ਸਹਾਰੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਰੋ-ਰੋ ਹੋਇਆ ਬੁਰਾ ਹਾਲ


author

Shyna

Content Editor

Related News