ਚੰਨੀ ਦਾ 2022 ਦੀਆਂ ਚੋਣਾਂ 'ਚ CM ਉਮੀਦਵਾਰ ਨਾ ਬਣਨ ਦਾ ਐਲਾਨ ਰਵਿਦਾਸੀਆ ਭਾਈਚਾਰੇ ਨਾਲ ਧੋਖਾ-ਰਾਘਵ ਚੱਢਾ
Friday, Dec 03, 2021 - 11:32 PM (IST)
ਚੰਡੀਗੜ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 2022 ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਬਣਾਏ ਗਈ, ਕਿਉਂਕਿ ਇਸ ਦਾ ਪ੍ਰਗਟਾਵਾ ਬੀਤੇ ਕੱਲ ਖ਼ੁੱਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਹੈ। ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ 2022 ਵਿੱਚ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨ ਕੇ ਪੰਜਾਬ ਦੇ ਰਵੀਦਾਸੀਆ ਭਾਈਚਾਰੇ ਨਾਲ ਧੋਖ਼ਾ ਕੀਤਾ, ਜਿਸ ਕਰਕੇ ਰਵੀਦਾਸੀਆ ਭਾਈਚਾਰਾ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾ 'ਚ ਕਾਂਗਰਸ ਪਾਰਟੀ ਤੋਂ ਜ਼ਰੂਰ ਬਦਲਾ ਲਵੇਗਾ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ 'ਓਮੀਕ੍ਰੋਨ' ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਸ਼ੁੱਕਰਵਾਰ ਨੂੰ ਦਿੱਲੀ ਤੋਂ ਜਾਰੀ ਵੀਡੀਓ ਬਿਆਨ ਰਾਹੀਂ 'ਆਪ' ਵਿਧਾਇਕ ਰਾਘਵ ਚੱਢਾ ਨੇ ਕਾਂਗਰਸ ਪਾਰਟੀ 'ਤੇ ਵੋਟਾਂ ਲਈ ਸਮਾਜ ਵਿੱਚ ਵੰਡੀਆਂ ਪਾਉਣ ਦਾ ਦੋਸ਼ ਲਾਇਆ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕੇਵਲ ਤਿੰਨ ਮਹੀਨਿਆਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਇਸ ਲਈ ਬਣਾਇਆ ਸੀ ਤਾਂ ਕਿ ਰਵੀਦਾਸੀਆ ਭਾਈਚਾਰੇ ਦੀਆਂ ਵੋਟਾਂ ਹਾਸਲ ਕੀਤੀਆਂ ਜਾਣ, ਪਰ ਕਾਂਗਰਸ ਦੀ ਇਹ ਕਦੇ ਵੀ ਮਨਸਾ ਅਤੇ ਨੀਤੀ ਨਹੀਂ ਰਹੀ ਕਿ ਰਵੀਦਾਸੀਆ ਭਾਈਚਾਰੇ ਦੇ ਵਿਅਕਤੀ ਨੂੰ ਪੰਜਾਬ ਦਾ ਪੰਜ ਸਾਲਾਂ ਲਈ ਮੁੱਖ ਮੰਤਰੀ ਬਣਾਇਆ ਜਾਵੇ।
ਚੱਢਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੇ ਵੋਟਾਂ ਹਾਸਲ ਕਰਨ ਲਈ ਕੁੱਝ ਸਮਾਂ ਪਹਿਲਾਂ ਮਹਾਂਰਾਸ਼ਟਰ ਵਿੱਚ ਵੀ ਐਸ.ਸੀ. ਵਰਗ ਦੇ ਵਿਅਕਤੀ ਨੂੰ ਕੁੱਝ ਸਮੇਂ ਲਈ ਮੁੱਖ ਮੰਤਰੀ ਬਣਾਇਆ ਸੀ। ਅਜਿਹਾ ਹੀ ਹੁਣ ਕਾਂਗਰਸ ਪਾਰਟੀ ਪੰਜਾਬ ਵਿੱਚ ਕਰਨ ਜਾ ਰਹੀ ਹੈ ਕਿਉਂਕਿ ਕਾਂਗਰਸ ਦੀ ਨੀਤੀ ਹਮੇਸ਼ਾ ਐਸੀ.ਸੀ ਭਾਈਚਾਰੇ ਨੂੰ ਵੋਟ ਬੈਂਕ ਵਜੋਂ ਵਰਤਣ ਦੀ ਰਹੀ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ 2022 ਦੀਆਂ ਚੋਣਾ 'ਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਾ ਐਲਾਨੇ ਜਾਣ ਕਾਰਨ ਰਵੀਦਾਸੀਆ ਭਾਈਚਾਰੇ ਵਿੱਚ ਬਹੁਤ ਰੋਸ਼ ਪਾਇਆ ਜਾ ਰਿਹਾ ਹੈ ਅਤੇ ਇਹ ਭਾਈਚਾਰਾ ਕਾਂਗਰਸ ਤੋਂ ਬਦਲਾ ਲੈਣ ਲਈ ਸੋਚ ਰਿਹਾ ਹੈ।
ਇਹ ਵੀ ਪੜ੍ਹੋ : ਡੈਲਟਾ ਵੇਰੀਐਂਟ ਵਿਰੁੱਧ ਕੀਤੇ ਗਏ ਉਪਾਅ ਓਮੀਕ੍ਰੋਨ ਨਾਲ ਨਜਿੱਠਣ 'ਚ ਵੀ ਕਾਰਗਰ : WHO
ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਤਾ ਹੈ ਕਿ 2022 ਵਿੱਚ ਕਾਂਗਰਸ ਪਾਰਟੀ ਉਨਾਂ ਨੂੰ ਮੁੱੜ ਪੰਜਾਬ 'ਚ ਮੁੱਖ ਮੰਤਰੀ ਨਹੀਂ ਬਣਾ ਰਹੀ, ਇਸ ਲਈ ਚੰਨੀ ਸਾਬ ਐਲਾਨ 'ਤੇ ਐਲਾਨ ਕਰ ਰਹੇ ਹਨ। ਚੰਨੀ ਸਾਬ ਜਾਣਦੇ ਹਨ ਕਿ ਇਹ ਐਲਾਨ ਉਨਾਂ ਤਾਂ ਪੂਰੇ ਨਹੀਂ ਕਰਨੇ। 'ਆਪ' ਆਗੂ ਨੇ ਕਿਹਾ ਕਿ ਵੱਡਾ ਸਵਾਲ ਹੈ ਕਿ ਕਾਂਗਰਸ ਪਾਰਟੀ ਕਿਸ ਨੂੰ ਮੁੱਖ ਮੰਤਰੀ ਬਣਾਵੇਗੀ? ਕੀ ਨਵਜੋਤ ਸਿੰਘ ਸਿੱਧੂ ਜਾਂ ਸੁਖਜਿੰਦਰ ਸਿੰਘ ਰੰਧਾਵਾਂ ਜਾਂ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਬਣਾਵੇਗੀ? ਇਸ ਲਈ ਪੰਜਾਬ ਵਾਸੀਆਂ ਨੂੰ ਕਾਂਗਰਸ ਪਾਰਟੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।