ਵਾਅਦਾ ਖ਼ਿਲਾਫੀ ਤੇ ਅਮਨ-ਕਾਨੂੰਨ ਦੀ ਮਾੜੀ ਹਾਲਤ ਕਾਰਨ ਨਿਵੇਸ਼ ਸੰਮੇਲਨ ''ਠੁੱਸ'' ਹੋਇਆ : ਮਜੀਠੀਆ

12/07/2019 9:23:59 AM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਬਹੁਤ ਜ਼ਿਅਦਾ ਪ੍ਰਚਾਰਿਆ 'ਨਿਵੇਸ਼ ਸੰਮੇਲਨ' ਬਿਲਕੁਲ 'ਠੁੱਸ' ਸਾਬਿਤ ਹੋਇਆ ਹੈ, ਕਿਉਂਕਿ ਭਾਰਤੀ ਕਾਰਪੋਰੇਟ ਜਗਤ ਦੇ ਮੁਖੀਆਂ ਨੇ ਸਰਕਾਰ ਦੀ ਵਾਅਦੇ ਪੂਰੇ ਕਰਨ ਵਿਚ ਨਾਕਾਮੀ ਅਤੇ ਸੂਬੇ ਅੰਦਰ ਖਸਤਾ ਹੋ ਚੁੱਕੀ ਅਮਨ-ਕਾਨੂੰਨ ਦੀ ਹਾਲਤ ਕਰ ਕੇ 'ਇਸ ਸੰਗੀਤਕ ਸ਼ਾਮ ਵਾਲੇ ਸਮਾਜਿਕ ਸਮਾਗਮ' 'ਚ ਭਾਗ ਲੈਣ ਤੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੈ।

ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਕਿਸੇ ਵੱਡੇ ਨਿਵੇਸ਼ ਦੀ ਅਣਹੋਂਦ ਕਰ ਕੇ ਇਹ ਅਖੌਤੀ ਨਿਵੇਸ਼ ਸੰਮੇਲਨ 'ਇਕ ਸੰਗੀਤਕ ਸਮਾਗਮ' ਬਣ ਕੇ ਰਹਿ ਗਿਆ ਹੈ, ਜਿਥੇ ਮਹਿਮਾਨਾਂ ਨੇ ਸਿਰਫ ਖਾਣ-ਪੀਣ ਅਤੇ ਡਿਨਰ ਤੋਂ ਇਲਾਵਾ ਗਾਇਕ ਸਤਿੰਦਰ ਸਰਤਾਜ ਦੀ ਸੰਗੀਤਕ ਸ਼ਾਮ ਦਾ ਆਨੰਦ ਮਾਣਿਆ ਹੈ। ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਦਾ ਆਪਣੇ ਵਾਅਦਿਆਂ ਤੋਂ ਮੁਕਰਨ ਦਾ ਲੰਮਾ ਰਿਕਾਰਡ ਇਸ ਸੰਮੇਲਨ ਪ੍ਰਤੀ ਨਿਵੇਸ਼ਕਾਰਾਂ ਵਲੋਂ ਦਿਖਾਈ ਉਦਾਸੀਨਤਾ ਲਈ ਜ਼ਿੰਮੇਵਾਰ ਹੈ, ਖਾਸ ਕਰ ਕੇ ਸੂਬੇ ਤੋਂ ਬਾਹਰਲੇ ਕਾਰਪੋਰੇਟ ਜਗਤ ਦੇ ਮੁਖੀਆਂ ਨੇ ਇਸ ਸੰਮੇਲਨ ਦਾ ਮੁਕੰਮਲ ਬਾਈਕਾਟ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਇਹ ਜਾਣਦੇ ਹੋਏ ਕਿ ਕੀਤੇ ਜਾ ਰਹੇ ਵਾਅਦਿਆਂ ਨੂੰ ਪੂਰਾ ਕਰਨ ਦੀ ਸਰਕਾਰ ਦੀ ਕੋਈ ਨੀਅਤ ਨਹੀਂ ਹੈ, ਕਾਰਪੋਰੇਟ ਜਗਤ ਨੇ ਇਸ 'ਸਰਕਸ' 'ਚ ਭਾਗ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਿਵੇਸ਼ ਲਈ ਸਭ ਤੋਂ ਵੱਡੇ ਆਕਰਸ਼ਣ ਪਿਛਲੇ ਤਿੰਨ ਸਾਲ ਤੋਂ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਣ ਬਿਜਲੀ ਅੱਠ ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ। ਇੰਡਸਟਰੀ ਕਿਵੇਂ ਭਰੋਸਾ ਕਰ ਸਕਦੀ ਹੈ ਕਿ ਕਾਂਗਰਸ ਸਰਕਾਰ ਦਾ ਕਾਰਜਕਾਲ ਮੁੱਕਣ ਸਮੇਂ ਇਸ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ, ਜਦਕਿ ਸਰਕਾਰ ਦੀਆਂ ਰੋਜ਼ਾਨਾਂ ਦੀਆਂ ਦੇਣਦਾਰੀਆਂ ਰੁਕੀਆਂ ਪਈਆਂ ਹਨ।

ਉਨ੍ਹਾਂ ਕਿਹਾ ਕਿ ਉਸ ਸੂਬੇ ਅੰਦਰ ਤੁਸੀਂ ਕਿਸ ਤਰ੍ਹਾਂ ਦੇ ਨਿਵੇਸ਼ ਦੀ ਉਮੀਦ ਕਰ ਸਕਦੇ ਹੋ, ਜਿੱਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਕ ਗੈਂਗਵਾਰ 'ਚ ਮਾਰੇ ਗਏ ਗੈਂਗਸਟਰ ਨੂੰ ਕਲੀਨ ਚਿਟ ਦੇਣ ਦੀ ਵਕਾਲਤ ਕਰਦਾ ਹੈ ਅਤੇ ਕੁੱਝ ਹੋਰ ਮੰਤਰੀ ਕੈਬਨਿਟ ਮੀਟਿੰਗਾਂ ਅੰਦਰ ਅਫੀਮ ਖਾਣ ਦੇ ਫਾਇਦਿਆਂ ਬਾਰੇ ਚਰਚਾ ਕਰਦੇ ਹਨ।


cherry

Content Editor

Related News