ਆਮ ਇਜਲਾਸ ਦੌਰਾਨ ਸਰਪੰਚ ਦੀ ਕੁੱਟਮਾਰ, BDPO ਦੀ ਸ਼ਿਕਾਇਤ ’ਤੇ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ

06/28/2022 7:06:51 PM

ਬੀਜਾ (ਬਿਪਨ, ਧੀਰਾ) : ਨਜ਼ਦੀਕੀ ਪਿੰਡ ਰਾਏਪੁਰ ਰਾਜਪੂਤਾਂ ਵਿਖੇ 23 ਜੂਨ ਨੂੰ ਹੋਏ ਆਮ ਇਜਲਾਸ ਦੌਰਾਨ ਪਿੰਡ ਦੇ ਕੁਝ ਲੋਕਾਂ ਨੇ ਸ਼ਰੇਆਮ ਬਦਮਾਸ਼ੀ ਕੀਤੀ। ਇਨ੍ਹਾਂ ਨੇ ਸਰਪੰਚ ਨੂੰ ਗਲੇ ਤੋਂ ਫੜ ਕੇ ਕੁੱਟਮਾਰ ਕੀਤੀ ਅਤੇ ਜਦੋਂ ਪੰਚਾਇਤ ਸਕੱਤਰ ਬਚਾਅ ਕਰਨ ਲਈ ਆਇਆ ਤਾਂ ਉਸ ਨੂੰ ਵੀ ਗਾਲ੍ਹਾਂ ਕੱਢੀਆਂ ਗਈਆਂ। ਪੁਲਸ ਨੇ ਇਸ ਘਟਨਾ ਸਬੰਧੀ ਖੰਨਾ ਦੇ ਬੀ. ਡੀ. ਪੀ. ਓ. ਮਹਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀਆਂ ਜੰਗੀਰ ਸਿੰਘ, ਗੁਰਪਿਆਰ ਸਿੰਘ, ਸੁਖਵੰਤ ਸਿੰਘ, ਕੁਲਵੰਤ ਸਿੰਘ, ਦਿਲਪ੍ਰੀਤ ਸਿੰਘ, ਗੁਰਸੇਵਕ ਸਿੰਘ, ਸਿਕੰਦਰ ਸਿੰਘ, ਸੋਨੀ, ਕਰਮਜੀਤ ਸਿੰਘ ਸਾਰੇ ਵਾਸੀ ਰਾਏਪੁਰ ਰਾਜਪੂਤਾਂ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 186, 323, 506, 149  ਅਧੀਨ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਬੀ. ਡੀ. ਪੀ. ਓ. ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਪਿੰਡਾਂ ’ਚ ਆਮ ਇਜਲਾਸ ਕੀਤੇ ਜਾ ਰਹੇ ਹਨ। ਇਸੇ ਕੜੀ ਅਧੀਨ ਬੀਤੀ 23 ਜੂਨ ਨੂੰ ਰਾਏਪੁਰ ਰਾਜਪੂਤਾਂ ’ਚ ਆਮ ਇਜਲਾਸ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ ਤਾਂ ਇਸ ਦੌਰਾਨ ਉਕਤ ਵਿਅਕਤੀਆਂ ਨੇ ਹੰਗਾਮਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਸਰਪੰਚ ਨੂੰ ਗਲੇ ਤੋਂ ਫੜ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪੰਚਾਇਤ ਨੂੰ ਗਾਲ੍ਹਾਂ ਕੱਢੀਆਂ, ਜਦੋਂ ਮੌਕੇ ’ਤੇ ਮੌਜੂਦ ਪੰਚਾਇਤ ਸਕੱਤਰ ਰਜਿੰਦਰ ਸਿੰਘ ਨੇ ਉਪਰੋਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਪੰਚਾਇਤ ਸਕੱਤਰ ਨੂੰ ਵੀ ਗਾਲ੍ਹਾਂ ਕੱਢੀਆਂ। ਕਥਿਤ ਦੋਸ਼ੀ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਕੋਟ ਪੁਲਸ ਚੌਕੀ ਦੇ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਰੇ ਕਥਿਤ ਦੋਸ਼ੀ ਫਰਾਰ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।


Manoj

Content Editor

Related News