ਕਾਂਗਰਸੀ ਆਗੂ ਬਿਕਰਮਜੀਤ ਮੋਫਰ ਅਤੇ 4 ਸਾਥੀਆਂ ਖ਼ਿਲਾਫ਼ ਪੁਲਸ ਪਾਰਟੀ ’ਤੇ ਹਮਲਾ ਕਰਨ ’ਤੇ ਮਾਮਲਾ ਦਰਜ

08/14/2022 7:49:48 PM

ਬੋਹਾ (ਬਾਂਸਲ) : ਕਾਂਗਰਸ ਪਾਰਟੀ ਜ਼ਿਲ੍ਹਾ ਮਾਨਸਾ ਦੇ ਸਾਬਕਾ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਪੁੱਤਰ ਅਜੀਤਇੰਦਰ ਸਿੰਘ ਮੋਫਰ (ਸਾਬਕਾ ਵਿਧਾਇਕ) ਅਤੇ ਉਸ ਦੇ 4 ਸਾਥੀਆਂ ਗੋਬਿੰਦਰ ਸਿੰਘ ਉਰਫ ਰਾਜੂ ਸਰਪੰਚ ਅੱਕਾਂਵਾਲੀ, ਜਗਸੀਰ ਸਿੰਘ, ਗੁਰਕੀਰਤ ਸਿੰਘ ਤੇ ਗੁਰਪਿਆਰ ਸਿੰਘ ’ਤੇ ਥਾਣਾ ਬੋਹਾ ’ਚ ਪੁਲਸ ਪਾਰਟੀ ’ਤੇ ਕਾਤਿਲਾਨਾ ਹਮਲਾ ਕਰਨ ਦੇ ਦੋਸ਼ ਅਧੀਨ ਪਰਚਾ ਦਰਜ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅੱਕਾਂਵਾਲੀ ਦੇ ਵਸਨੀਕ ਮਨਪ੍ਰੀਤ ਸਿੰਘ ਉਰਫ ਮਨੀ ਨੇ ਬੋਹਾ ਪੁਲਸ ਨੂੰ ਹੈਲਪ ਲਾਈਨ ਨੰਬਰ 112 ’ਤੇ ਫੋਨ ਕਰਕੇ ਇਤਲਾਹ ਦਿੱਤੀ ਕਿ ਬਿਕਰਮਜੀਤ ਸਿੰਘ ਮੋਫਰ, ਗੋਬਿੰਦਰ ਸਿੰਘ ਉਰਫ ਰਾਜੂ ਸਰਪੰਚ ਤੇ ਗੁਰਕੀਰਤ ਸਿੰਘ ਪਿੰਡ ਅੱਕਾਂਵਾਲੀ ਨਾਲ ਉਸ ਦੀ ਪੁਰਾਣੀ ਰੰਜਿਸ਼ ਹੈ ਤੇ ਇਹ ਵਿਅਕਤੀ ਉਸ ’ਤੇ ਜਾਨਲੇਵਾ ਹਮਲਾ ਕਰਨ ਦੇ ਇਰਾਦੇ ਨਾਲ ਉਸ ਦੇ ਘਰ ਨੇੜਲੇ ਝੀਂਗਾ ਫਾਰਮ ’ਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਸਮੇਤ ਬੈਠੇ ਹਨ। ਇਸ ’ਤੇ ਥਾਣਾ ਮੁਖੀ ਹਰਭਜਨ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਝੀਂਗਾ ਫਾਰਮ ’ਤੇ ਪੁੱਜੀ ਤਾਂ ਜਗਸੀਰ ਸਿੰਘ ਤੇ ਗੁਰਪਿਆਰ ਸਿੰਘ ਵਾਸੀ ਅੱਕਾਂਵਾਲੀ ਸਮੇਤ ਕਈ ਅਣਪਛਾਤੇ ਵਿਅਕਤੀ ਉੱਥੇ ਮੌਜੂਦ ਸਨ। ਪੁਲਸ ਵੱਲੋਂ ਪੁੱਛਗਿੱਛ ਕਰਨ ’ਤੇ ਉਕਤ ਵਿਅਕਤੀ ਗੁੱਸੇ ਵਿਚ ਆ ਕੇ ਪੁਲਸ ਪਾਰਟੀ ਨਾਲ ਧੱਕਾ-ਮੁੱਕੀ ਕਰਨ ਲੱਗੇ।

ਇਹ ਖਬਰ ਵੀ ਪੜ੍ਹੋ : ਚੰਡੀਗੜ੍ਹ ਦੇ ਰਸਤੇ ’ਤੇ ਜਲੰਧਰ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵਧਾਏਗੀ ਮੁਸੀਬਤ, ਸਿੱਧਾ ਘਰ ਪੁੱਜੇਗਾ ਚਲਾਨ

ਬੋਹਾ ਥਾਣਾ ’ਚ ਦਰਜ ਐੱਫ. ਆਈ. ਆਰ. ਨੰਬਰ 0101 ਅਨੁਸਾਰ ਉਕਤ ਵਿਅਕਤੀਆਂ ’ਤੇ ਪੁਲਸ ਪਾਰਟੀ ’ਤੇ ਕਾਤਿਲਾਨਾ ਹਮਲਾ ਕਰਨ, ਸਿਪਾਹੀ ਵਿਕਰਮਜੀਤ ਸਿੰਘ ਨੂੰ ਜ਼ਖ਼ਮੀ ਕਰਨ, ਉਸ ਦੀ ਵਰਦੀ ਪਾੜਨ ਤੇ ਪੁਲਸ ਕਰਵਾਈ ’ਚ ਦਖਲ ਦੇਣ ਸਮੇਤ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਰਾਜੂ ਸਰਪੰਚ ਨੇ ਆਪਣੀ ਡੱਬ ’ਚੋਂ ਪਿਸਤੌਲ ਕੱਢ ਕੇ ਪੁਲਸ ਪਾਰਟੀ ਨੂੰ ਧਮਕਾਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਖ਼ਮੀ ਸਿਪਾਹੀ ਵਿਕਰਮਜੀਤ ਸਿੰਘ ਸਿਵਲ ਹਸਪਤਾਲ ਬੁਢਲਾਡਾ ’ਚ ਜ਼ੇਰੇ ਇਲਾਜ ਹੈ। ਬੋਹਾ ਪੁਲਸ ਨੇ ਵਿਕਰਮਜੀਤ ਸਿੰਘ ਮੋਫਰ, ਰਾਜੂ ਸਰਪੰਚ, ਜਗਸੀਰ ਸਿੰਘ, ਗੁਰਕੀਰਤ ਸਿੰਘ ਤੇ ਗੁਰਪਿਆਰ ਸਿੰਘ ਦੇ ਨਾਲ ਉਨ੍ਹਾਂ ਦੇ 15-20 ਹੋਰ ਅਣਪਛਾਤੇ ਸਾਥੀਆਂ ’ਤੇ ਵੀ ਆਈ. ਪੀ. ਸੀ. ਦੀ ਧਾਰਾ 307, 353, 332, 186, 506, 25 ਤੇ 27 ਅਧੀਨ ਪਰਚਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਹਰਭਜਨ ਸਿੰਘ ਨੇ ਦੱਸਿਆ ਕਿ ਦੋਸ਼ੀ ਰਾਜੂ ਸਰਪੰਚ, ਜਗਸੀਰ ਸਿੰਘ ਤੇ ਗੁਰਪਿਆਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਸਰੇ ਪਾਸੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਬੁਢਲਾਡਾ ਦੀ ਮਾਣਯੋਗ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ, ਜਿਥੋਂ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਕੀਤਾ ਐਲਾ 
  


Manoj

Content Editor

Related News