ਹਥਿਆਰਬੰਦ ਨੌਜਵਾਨਾਂ ਨੇ ਸ਼ਰਾਬ ਠੇਕੇਦਾਰਾਂ ਦੀ ਗੱਡੀ ਘੇਰ ਕੇ ਕੀਤੀ ਕੁੱਟਮਾਰ, ਗੱਡੀ ਵੀ ਭੰਨ''ਤੀ
Monday, Jan 20, 2025 - 02:55 AM (IST)
ਮੋਗਾ (ਕਸ਼ਿਸ਼ ਸਿੰਗਲਾ)- ਰੰਜਿਸ਼ ਦੇ ਚੱਲਦੇ ਹਥਿਆਰਬੰਦ ਨੌਜਵਾਨਾਂ ਵੱਲੋਂ ਸ਼ਰਾਬ ਠੇਕੇਦਾਰ ਦੇ ਕਰਿੰਦੇ ਨੂੰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਕੇ ਜ਼ਖਮੀ ਕਰਨ ਦੇ ਬਾਅਦ ਗੱਡੀ ਦੀ ਭੰਨਤੋੜ ਕਰ ਕੇ ਨਕਦੀ ਅਤੇ ਦਸਤਾਵੇਜ਼ ਚੋਰੀ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ।
ਇਸ ਸਬੰਧੀ ਬਾਘਾ ਪੁਰਾਣਾ ਪੁਲਸ ਵੱਲੋਂ ਜ਼ਖਮੀ ਨੌਜਵਾਨ ਇਕਬਾਲ ਸਿੰਘ ਉਰਫ਼ ਕਾਲਾ ਨਿਵਾਸੀ ਪਿੰਡ ਨੱਥੋਂਕੇ ਦੀ ਸ਼ਿਕਾਇਤ ’ਤੇ ਕਥਿਤ ਮੁਲਜ਼ਮ ਲਵਲੀ, ਮੋਟਾ, ਰਾਜਵਿੰਦਰ, ਬੋਬੀ, ਜਸ਼ਨਪ੍ਰੀਤ, ਰਾਮਾ ਸਾਰੇ ਨਿਵਾਸੀ ਪਿੰਡ ਰਾਜੇਆਣਾ ਅਤੇ 15-20 ਅਣਪਛਾਤੇ ਹਥਿਆਰਬੰਦ ਨੌਜਵਾਨਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਇਕਬਾਲ ਸਿੰਘ ਉਰਫ਼ ਕਾਲਾ ਨੇ ਕਿਹਾ ਕਿ ਉਹ 8-9 ਮਹੀਨੇ ਤੋਂ ਸਕਾਈ ਵਾਈਨ ਬਾਘਾ ਪੁਰਾਣਾ ਫਰਮ ਵਿਚ ਬਤੌਰ ਹੈਲਪਰ ਤਾਇਨਾਤ ਹੈ। ਉਹ ਦਫਤਰ ਦੇ ਨਾਲ-ਨਾਲ ਪਿੰਡ ਵਿਚ ਠੇਕੇ ਨਾਲ ਸਬੰਧਤ ਕਾਰਜਾਂ ਨੂੰ ਦੇਖਣ ਤੋਂ ਇਲਾਵਾ ਕੈਸ਼ ਇਕੱਠਾ ਕਰਨ ਵਾਲੀ ਟੀਮ ਦੇ ਨਾਲ ਵੀ ਜਾਂਦਾ ਹੈ।
ਇਸ ਦੌਰਾਨ ਜਦ ਬੀਤੀ 17 ਜਨਵਰੀ ਨੂੰ ਉਹ, ਮਨਜਿੰਦਰ ਸ਼ਰਮਾ ਤੇ ਹਰਪ੍ਰੀਤ ਸਿੰਘ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਬਾਘਾ ਪੁਰਾਣਾ ਮੇਨ ਸ਼ਰਾਬ ਠੇਕੇ ਤੋਂ ਪੈਸੇ ਲੈਣ ਦੇ ਲਈ ਗਏ ਸੀ, ਤਾਂ ਉਥੇ ਠੇਕੇ ’ਤੇ ਦੋ ਨੌਜਵਾਨ ਸੇਲਜ਼ਮੈਨ ਦਲਜੀਤ ਸਿੰਘ ਰਾਜਿਆਣਾ ਦੇ ਨਾਲ ਤਕਰਾਰ ਕਰ ਰਹੇ ਸਨ, ਜਿਸ ’ਤੇ ਉਨ੍ਹਾਂ ਨੇ ਤਕਰਾਰ ਦਾ ਕਾਰਨ ਪੁੱਛਿਆ ਤਾਂ ਨੌਜਵਾਨ ਉਨ੍ਹਾਂ ਨਾਲ ਵੀ ਗਾਲੀ ਗਲੋਚ ਕਰਨ ਲੱਗੇ। ਇਸ ਦੌਰਾਨ ਉਹ ਗੱਡੀ ਵਿਚ ਆ ਕੇ ਬੈਠ ਗਏ ਤਾਂ ਕਿ ਉਹ ਦੁਬਾਰਾ ਆ ਕੇ ਕੋਈ ਨੁਕਸਾਨ ਨਾ ਕਰ ਸਕਣ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਢਿੱਡ 'ਚ ਹੀ ਮਾਰ'ਤੀ ਨੰਨ੍ਹੀ ਜਾਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਇਸ ਮਗਰੋਂ ਜਦੋਂ ਉਹ ਰਾਜਿਆਣਾ ਵਿਚ ਹੀ ਇਕ ਹੋਰ ਠੇਕੇ ਤੋਂ ਕੈਸ਼ ਲੈਣ ਦੇ ਲਈ ਗਏ ਤਾਂ ਉਨ੍ਹਾਂ ਨੇ ਸੇਲਜ਼ਮੈਨ ਤੋਂ 15 ਹਜ਼ਾਰ ਰੁਪਏ ਲੈ ਲਏ, ਜੋ ਕਿ ਉਨ੍ਹਾਂ ਨੇ ਬਾਘਾ ਪੁਰਾਣਾ ਵਿਚ ਜਮ੍ਹਾ ਕਰਵਾਉਣਾ ਸੀ ਤਾਂ ਇਸ ਦੌਰਾਨ 20-25 ਹਥਿਆਰਬੰਦ ਨੌਜਵਾਨ ਉਥੇ ਆ ਧਮਕੇ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ, ਬੇਸਬਾਲ, ਲੋਹੇ ਦੀ ਰਾਡ ਅਤੇ ਇੱਟਾਂ ਪੱਥਰ ਵੀ ਚੁੱਕੇ ਹੋਏ ਸਨ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਗੱਡੀ ਨੂੰ ਘੇਰ ਲਿਆ ਅਤੇ ਗੱਡੀ ਦੀ ਭੰਨਤੋੜ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਅੱਜ ਅਸੀਂ ਸ਼ਰਾਬ ਕਰਿੰਦੇ ਨੂੰ ਮਜ਼ਾ ਚਖਾਵਾਂਗੇ।
ਇਸ ਦੌਰਾਨ ਉਨ੍ਹਾਂ ਹਰਪ੍ਰੀਤ ਸਿੰਘ ਨੂੰ ਗੱਡੀ ਵਿਚੋਂ ਖਿੱਚ ਲਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਦ ਇਕਬਾਲ ਉਸ ਨੂੰ ਬਚਾਉਣ ਦੇ ਲਈ ਅੱਗੇ ਆਇਆ ਤਾਂ ਉਸ ਨਾਲ ਵੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਕਿਸੇ ਤਰ੍ਹਾਂ ਆਪਣੇ ਮਾਲਕਾਂ ਨੂੰ ਇਸ ਬਾਰੇ ਸੂਚਿਤ ਕੀਤਾ ਤਾਂ ਉਹ ਉਥੇ ਆ ਗਏ। ਮਾਲਕਾਂ ਨੂੰ ਦੇਖ ਹਮਲਾਵਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਉਥੋਂ ਭੱਜ ਗਏ। ਉਕਤ ਝਗੜੇ ਦੇ ਦੌਰਾਨ ਮਨਜਿੰਦਰ ਸ਼ਰਮਾ ਕੈਸ਼ੀਅਰ ਅਤੇ ਇੰਦਰ ਸਿੰਘ ਨੇ ਭੱਜ ਕੇ ਜਾਨ ਬਚਾਈ।
ਉਨ੍ਹਾਂ ਕਿਹਾ ਕਿ ਅਸੀਂ ਜੋ 15 ਹਜ਼ਾਰ ਰੁਪਏ ਰਾਜਿਆਣਾ ਮੇਨ ਠੇਕੇ ਤੋਂ ਲਏ ਸਨ, ਉਹ ਅਸੀਂ ਗੱਡੀ ਦੀ ਡਰਾਈਵਰ ਸੀਟ ਦੇ ਪਿੱਛੇ ਛੁਪਾ ਦਿੱਤੇ ਸਨ, ਪਰ ਜਦ ਸਾਡੇ ਮਾਲਕਾਂ ਨੇ ਗੱਡੀ ਨੂੰ ਚੈਕ ਕੀਤਾ ਤਾਂ ਦੇਖਿਆ ਕਿ ਉਥੇ 15 ਹਜ਼ਾਰ ਨਕਦੀ ਦੇ ਇਲਾਵਾ ਗੱਡੀ ਦੇ ਦਸਤਾਵੇਜ਼ ਵੀ ਗਾਇਬ ਸਨ, ਜੋ ਕਿ ਲਵਲੀ ਸਿੰਘ ਚੁੱਕ ਕੇ ਲੈ ਗਿਆ, ਜਿਸ ਨੂੰ ਉਸ ਨੇ ਖੁਦ ਦੇਖਿਆ। ਇਸ ਮਗਰੋਂ ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਉਹ ਅਤੇ ਹਰਪ੍ਰੀਤ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤੀਂ ਵਾਪਰ ਗਿਆ ਰੂਹ ਕੰਬਾਊ ਹਾਦਸਾ ; ਫਲਾਈਓਵਰ ਤੋਂ ਹੇਠਾਂ ਡਿੱਗ ਗਿਆ ਟਰਾਲਾ
ਡਾਕਟਰਾਂ ਨੇ ਹਰਪ੍ਰੀਤ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਨੂੰ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ। ਉਕਤ ਮਾਮਲੇ ਵਿਚ ਹੋਰ ਵੀ ਕਈ ਕਰਿੰਦਿਆਂ ਨਾਲ ਕੁੱਟਮਾਰ ਕੀਤੀ ਗਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਕਥਿਤ ਹਮਲਾਵਰਾਂ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਇਹ ਕਹਿ ਰਹੇ ਸਨ ਕਿ ਠੇਕੇਦਾਰ ਸਾਡੀ ਨਾਜਾਇਜ਼ ਸ਼ਰਾਬ ਨਹੀਂ ਵਿਕਣ ਦਿੰਦੇ, ਜਿਸ ਕਾਰਨ ਉਕਤ ਹਮਲਾ ਕੀਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e