ਬੀਰ ਦਵਿੰਦਰ ਸਿੰਘ ਨੇ ਕੈਪਟਨ ਦੇ ਰਾਜ ਨੂੰ ਦੱਸਿਆ ਸ਼ਰਾਬ, ਸ਼ਬਾਬ ਤੇ ਭ੍ਰਿਸ਼ਟਾਚਾਰ ਦਾ ਰਾਜ, ਭਾਜਪਾ ਨੂੰ ਕੀਤਾ ਸੁਚੇਤ
Friday, Nov 25, 2022 - 10:18 AM (IST)
ਮੋਹਾਲੀ (ਨਿਆਮੀਆਂ) : ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਕੁਸ਼ਾਸਨੀ ਦੌਰ ਸਮੇਂ, ਹਰ ਮਹਿਕਮੇ ਵਿਚ ਪਸਰੇ ਵਿਆਪਕ ਭ੍ਰਿਸ਼ਟਾਚਾਰ ਦੇ ਸਕੈਂਡਲ ਇਕ-ਇਕ ਕਰਕੇ ਬੇਨਕਾਬ ਹੋ ਰਹੇ ਹਨ ਅਤੇ ਉਸ ਦੇ ਭ੍ਰਿਸ਼ਟ ਵਜ਼ੀਰਾਂ ਦੇ ‘ਕੁਕਰਮੀ-ਕਾਰਨਾਮਿਆਂ’ ਨੂੰ ਪੰਜਾਬ ਦਾ ਵਿਜੀਲੈਂਸ ਵਿਭਾਗ ਪਰਤ-ਦਰ-ਪਰਤ ਨੰਗਾ ਕਰ ਰਿਹਾ ਹੈ, ਉਸ ਨਾਲ ਇਹ ਪ੍ਰਤੱਖ ਰੂਪ ਵਿਚ ਸਾਬਿਤ ਹੋ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਕੇਵਲ ਸ਼ਰਾਬ, ਸ਼ਬਾਬ ਤੇ ਹਰ ਮਹਿਕਮੇ ਵਿਚ ਹਰ ਪੱਧਰ ’ਤੇ ਪਸਰੇ ਵਿਆਪਕ ਭ੍ਰਿਸ਼ਟਾਚਾਰ ਦਾ ਹੀ ਰਾਜ ਸੀ। ਪੰਜਾਬ ਦੇ ਅਜੋਕੇ ਦੌਰ ਦੇ ਰਾਜਨੀਤਕ ਇਤਿਹਾਸ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਇਹ ਰਾਜ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਅਤੇ ਪੰਜਾਬ ਦੇ ਬਹੁਮੁੱਲੇ ਸਰੋਤਾਂ ਤੇ ਸਾਧਨਾਂ ਦੀ ਅੰਨ੍ਹੀ ਲੁੱਟ ਦੇ ਕਾਲੇ ਦੌਰ ਵਜੋਂ ਪਹਿਚਾਣਿਆ ਤੇ ਲਿਖਿਆ ਜਾਵੇਗਾ। ਇਹ ਗੱਲ ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਆਖੀ।
ਇਹ ਵੀ ਪੜ੍ਹੋ : ਟਰੱਕ ਯੂਨੀਅਨਾਂ ਖ਼ਿਲਾਫ਼ ਸਖ਼ਤ ਹੋਈ ਪੰਜਾਬ ਸਰਕਾਰ, ਦਿੱਤੇ ਵੱਡੀ ਕਾਰਵਾਈ ਦੇ ਆਦੇਸ਼
ਉਨ੍ਹਾਂ ਕਿਹਾ ਕਿ ਇਸ ਰਾਜ ਵਿਚ ਕੈਪਟਨ ਅਮਰਿੰਦਰ ਸਿੰਘ ‘ਕਲਜੁਗ ਦੇ ਧ੍ਰਿਤਰਾਸ਼ਟਰ’ ਦੇ ਰੂਪ ਵਿਚ ਪ੍ਰਗਟ ਹੋਇਆ, ਜਿਸ ਨੇ ਆਪਣੇ ਵਜ਼ੀਰਾਂ, ਦਰਬਾਰੀਆਂ ਤੇ ਨੌਕਰਸ਼ਾਹਾਂ ਨੂੰ ਪੰਜਾਬ ਦੀ ਹਰ ਪਾਸਿਓਂ ਲੁੱਟ ਕਰਨ ਦੀ ਖੁੱਲ੍ਹੀ ਛੋਟ ਦਿੱਤੀ ਹੋਈ ਸੀ। ਇਥੋਂ ਤਕ ਕਿ ਅਮਰਿੰਦਰ ਸਿੰਘ ਦੇ ਰਾਜ ਵਿਚ ਤਾਂ ਉਸ ਦੇ ਅਧੀਨ ਕੰਮ ਕਰ ਰਿਹਾ ਪੰਜਾਬ ਦਾ ਚੌਕਸੀ ਵਿਭਾਗ ਵੀ ਲੁੱਟ-ਘਸੁੱਟ ਵਿਚ ਵੱਡਾ ਭਾਗੀਦਾਰ ਬਣਿਆ ਹੋਇਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੇ ‘ਚਹੇਤੇ ਦਰਬਾਰੀਆਂ ਤੇ ਸਲਾਹਕਾਰਾਂ’ ਲਈ ਵੱਡੀਆਂ ਦਲਾਲੀਆਂ ਤੇ ਦੌਲਤਾਂ, ਇਕੱਠੀਆਂ ਕਰਨ ਵਿਚ ਰੁੱਝਿਆ ਹੋਇਆ ਸੀ। ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਰਗੇ ਦੇਸ਼ ਦੇ ਇਕ ਨੰਬਰ ਦੇ ਖੁਸ਼ਹਾਲ ਸੂਬੇ ਨੂੰ ਬਾਦਲਾਂ ਦੇ ਰਾਜ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਨੇ ਕਰਜ਼ਾਈ ਤੇ ਕੰਗਾਲ ਕਰਕੇ ਰੱਖ ਦਿੱਤਾ। ਪੂਰੇ ਦੇਸ਼ ਦੇ ਅੰਨ ਭੰਡਾਰਾਂ ਨੂੰ ਮਾਲਾਮਾਲ ਕਰਨ ਵਾਲੇ ਪੰਜਾਬ ਦੇ ਹੱਥ ਵਿਚ ਇਨ੍ਹਾਂ ਸਿਆਸਤਦਾਨਾਂ ਦੇ ਠੂਠਾ ਫੜਾ ਦਿੱਤਾ ਹੈ।
ਇਹ ਵੀ ਪੜ੍ਹੋ : ਦੁਬਈ ਦੇ ਸਖ਼ਤ ਕਾਨੂੰਨ ਦੀ ਜਕੜ ’ਚ ਫਸਿਆ ਤਰਨਤਾਰਨ ਦਾ ਨੌਜਵਾਨ, ਪਿੱਛੋਂ ਪਿਓ ਨੇ ਦਿੱਤੀ ਖ਼ੁਦਕੁਸ਼ੀ ਦੀ ਧਮਕੀ
ਉਨ੍ਹਾਂ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਨੂੰ ਵੀ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਉਸ ਨੂੰ ਵੀ ਇਸ ਗੱਲੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਆਮ ਲੋਕਾਂ ਵਿਚ ਇਹ ਪ੍ਰਭਾਵ ਬਣ ਰਿਹਾ ਹੈ ਕਿ ਭਾਜਪਾ ਪੰਜਾਬ ਦੇ ਵਿਆਪਕ ਭ੍ਰਿਸ਼ਟਾਚਾਰ ਵਿਚ ਸ਼ਾਮਲ ਸਿਆਸਤਦਾਨਾਂ ਦੀ ਇਕ ਵੱਡੀ ਪਨਾਹਗਾਹ ਦੇ ਤੌਰ ’ਤੇ ਉੱਭਰ ਰਹੀ ਹੈ, ਜਿਸ ਦਾ ਆਉਣ ਵਾਲੇ ਸਮੇਂ ਵਿਚ ਉਸ ਨੂੰ ਵੱਡਾ ਮੁੱਲ ਤਾਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : 1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ