ਨਸ਼ਾ ਤਸਕਰੀ ਰੋਕਣ ਲਈ ਸਰਹੱਦ 'ਤੇ BSF ਲਗਾਵੇ CCTV ਕੈਮਰੇ : ਕੈਪਟਨ

Tuesday, Jul 24, 2018 - 10:50 PM (IST)

ਨਸ਼ਾ ਤਸਕਰੀ ਰੋਕਣ ਲਈ ਸਰਹੱਦ 'ਤੇ BSF ਲਗਾਵੇ CCTV ਕੈਮਰੇ : ਕੈਪਟਨ

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਇਲਾਕਿਆਂ 'ਚ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ਲਈ ਸਰਹੱਦ ਸੁਰੱਖਿਆ ਬਲ (ਬੀ. ਐੱਸ. ਐੱਫ) ਦੇ ਕਰਮਚਾਰੀਆਂ ਅਤੇ ਨਸ਼ਾ ਸਮੱਗਲਰਾਂ ਵਿਚਾਲੇ ਕਥਿਤ ਗਠਜੋੜ ਨੂੰ ਤੋੜਨ ਲਈ ਬੀ. ਐੱਸ. ਐੱਫ. ਮੁਲਾਜ਼ਮਾਂ ਦੀ ਸਰਹੱਦ 'ਤੇ ਤਾਇਨਤੀ ਦੀ ਮਿਆਦ ਘਟਾਉਣ ਦਾ ਸੁਝਾਅ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਸੂਬੇ 'ਚ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ਲਈ ਸਰਹੱਦ 'ਤੇ ਬੀ. ਐੱਸ. ਐੱਫ. ਵਲੋਂ ਸਾਰੇ ਨਾਕਿਆਂ 'ਤੇ ਵਾਈ ਫਾਈ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ। 
ਉਨ੍ਹਾਂ ਨੇ ਨਸ਼ੇ ਦੇ ਵਿਰੁੱਧ ਲੜਾਈ 'ਚ ਤਾਲਮੇਲ ਲਈ ਗੁਆਂਢੀ ਸੂਬਿਆਂ ਅਤੇ ਕੇਂਦਰੀ ਏਜੰਸੀਆਂ ਦੇ ਨਾਲ ਸੂਚਨਾ ਦੇ ਆਦਾਨ-ਪ੍ਰਦਾਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਕੈਪਟਨ ਨੇ ਸਪੱਸ਼ਟ ਕੀਤਾ ਕਿ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਹੁਣ ਪੰਜਾਬ ਪੁਲਸ ਦੇ ਡੀ. ਜੀ. ਪੀ. ਦੇ ਕੰਟਰੋਲ 'ਚ ਕੰਮ ਕਰੇਗੀ, ਜਿਸ ਤਰ੍ਹਾਂ ਇੰਟੈਲੀਜੈਂਸ ਅਤੇ ਵਿਜੀਲੈਂਸ ਵਿਭਾਗ ਕਰਦੇ ਹਨ। ਸਾਰੀਆਂ ਪ੍ਰਾਂਤੀ ਅਤੇ ਕੇਂਦਰੀ ਏਜੰਸੀਆਂ 'ਚ ਹੋਰ ਤਾਲਮੇਲ ਦੀ ਪਹੁੰਚ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰਿਆਂ ਤੋਂ ਵੱਡੀ ਸਮੱਸਿਆ ਬਣੇ ਨਸ਼ੇ ਤੋਂ ਇਲਾਵਾ ਹੋਰ ਅਪਰਾਧਾਂ ਨਾਲ ਨਜਿੱਠਣ ਲਈ ਵੀ ਕੇਂਦਰੀ ਏਜੰਸੀਆਂ ਨਾਲ ਜ਼ਿਆਦਾ ਤਾਲਮੇਲ ਦੀ ਲੋੜ ਹੈ, ਜਿਨ੍ਹਾਂ 'ਚ ਮਨੁੱਖ ਤਸਕਰੀ, ਅੱਤਵਾਦ, ਹਥਿਆਰਾਂ ਦੀ ਤਸਕਰੀ ਅਤੇ ਮਾਸੂਮ ਲੋਕਾਂ ਨਾਲ ਠੱਗੀ ਕਰਨ ਵਾਲੇ ਟ੍ਰੈਵਲ ਏਜੰਟ ਸ਼ਾਮਲ ਹਨ।


Related News