ਇਮਰਾਨ ਨੇ ਮੋਦੀ ਤੋਂ ਡਰਦਿਆਂ ਹੀ ਅਭਿਨੰਦਨ ਨੂੰ ਕੀਤੈ ਰਿਹਾਅ : ਸੁਖਬੀਰ
Saturday, Mar 02, 2019 - 12:56 AM (IST)
ਬੱਸੀ ਪਠਾਣਾਂ/ਫਤਿਹਗੜ੍ਹ ਸਾਹਿਬ,(ਰਾਜਕਮਲ, ਜਗਦੇਵ) : ਕੈਪਟਨ ਅਮਰਿੰਦਰ ਸਿੰਘ ਦੁਨੀਆ ਦਾ ਸਭ ਤੋਂ ਘਟੀਆ ਮੁੱਖ ਮੰਤਰੀ ਸਾਬਤ ਹੋਇਆ ਹੈ, ਇਹੋ ਕਾਰਨ ਹੈ ਕਿ ਸਿਰਫ਼ ਦੋ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਦੀ ਜਨਤਾ ਦਾ ਮੋਹ ਕਾਂਗਰਸ ਤੋਂ ਭੰਗ ਹੋ ਚੁੱਕਿਆ ਹੈ ਤੇ ਸੂਬੇ 'ਚ ਹਰੇਕ ਵਰਗ ਦੇ ਲੋਕ, ਜਿਸ 'ਚ ਵਪਾਰੀ, ਕਰਮਚਾਰੀ, ਕਿਸਾਨ, ਮਜ਼ਦੂਰ ਆਦਿ ਆਪਣੇ ਆਪ ਠੱਗਿਆ ਜਿਹਾ ਮਹਿਸੂਸ ਕਰਨ ਲੱਗਿਆ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਥੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਆਯੋਜਿਤ ਵਰਕਰ ਮਿਲਣੀ ਸਮਾਗਮ 'ਚ ਸੈਂਕੜਿਆਂ ਦੀ ਗਿਣਤੀ 'ਚ ਪਹੁੰਚੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੀ।
ਇਸ ਦੌਰਾਨ ਸੁਖਬੀਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਸਰਕਾਰ ਦੀ ਇਕ ਸੋਚੀ ਸਮਝੀ ਸਾਜ਼ਿਸ਼ ਤੇ ਡਰਾਮਾ ਕਰਾਰ ਦਿੰਦਿਆਂ ਜਿੱਥੇ ਕਾਂਗਰਸ, ਆਪ ਤੇ ਖਹਿਰਾ ਗਰੁੱਪ ਦੀ ਭਰਪੂਰ ਨਿੰਦਾ ਕਰਦਿਆਂ ਉਕਤ ਪਾਰਟੀਆਂ ਨੂੰ ਪੰਜਾਬ ਦੀ ਦੁਸ਼ਮਣ ਦੱਸਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਤਾਕਤਵਰ ਪ੍ਰਧਾਨ ਮੰਤਰੀ ਦੱਸਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ-ਆਪ ਤੇ ਦੇਸ਼ ਦੀ ਸੁਰੱਖਿਆ ਚਾਹੁੰਦੇ ਹਾਂ ਤਾਂ ਦੇਸ਼ ਦੀ ਸੱਤਾ ਫਿਰ ਤੋਂ ਮੋਦੀ ਨੂੰ ਦੇਣੀ ਹੋਵੇਗੀ, ਕਿਉਂਕਿ ਜੇਕਰ ਗੁਆਂਢੀ ਦੇਸ਼ਾਂ ਦੀ ਦੁਸ਼ਮਣੀ ਦਾ ਜਵਾਬ ਇੱਟ ਨਾਲ ਪੱਥਰ ਨਾਲ ਦੇਣ ਦਾ ਦਮ ਕੋਈ ਰੱਖਦਾ ਹੈ ਤਾਂ ਉਹ ਸਿਰਫ਼ ਮੋਦੀ ਹੈ।
ਸੁਖਬੀਰ ਨੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਪਾਕਿਸਤਾਨ ਵਲੋਂ ਰਿਹਾਈ ਸਬੰਧੀ ਕਿਹਾ ਕਿ ਇਹ ਧੜੱਲੇਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਬਾਅ ਕਾਰਨ ਹੀ ਸੰਭਵ ਹੋ ਸਕਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੋਦੀ ਤੋਂ ਡਰਦਿਆਂ ਹੀ ਅਭਿਨੰਦਨ ਨੂੰ ਰਿਹਾਅ ਕੀਤਾ ਹੈ ਜੇਕਰ ਕੋਈ ਕਮਜ਼ੋਰ ਪ੍ਰਧਾਨ ਮੰਤਰੀ ਹੁੰਦਾ ਤਾਂ ਸ਼ਾਇਦ ਅਜਿਹਾ ਨਾ ਹੁੰਦਾ।
ਅਭਿਨੰਦਨ ਭਾਰਤ ਪਹੁੰਚੇ 9.20 ਵਜੇ ਤੇ ਸੁਖਬੀਰ ਵਲੋਂ ਐਲਾਨ 6.30 ਵਜੇ ਹੀ
ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਰਕਰ ਮਿਲਣੀ ਦੌਰਾਨ ਹਾਜ਼ਰ ਮੀਡੀਆ ਕਰਮੀਆਂ, ਸਿਆਸੀ ਮਾਹਿਰਾਂ ਅਤੇ ਜਾਗਰੂਕ ਲੋਕਾਂ ਨੂੰ ਹੈਰਾਨੀ ਦੇ ਆਲਮ ਵਿਚ ਡੋਬ ਦਿੱਤਾ, ਜਦੋਂ ਉਨ੍ਹਾਂ ਅੱਜ ਸ਼ਾਮ 6:30 ਵਜੇ ਹੀ ਭਾਰਤੀ ਪਾਇਲਟ, ਜੋ ਕਿ ਪਾਕਿ ਫੌਜ ਦੇ ਕਬਜ਼ੇ ਵਿਚ ਸੀ, ਦੀ ਵਾਪਸੀ ਦਾ ਐਲਾਨ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ 48 ਘੰਟਿਆਂ ਵਿਚ ਹੀ ਅਭਿਨੰਦਨ ਨੂੰ ਛੁਡਵਾ ਲਿਆ ਹੈ। ਦੇਸ਼ ਦੀ ਜਨਤਾ ਇਲੈਕਟ੍ਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਜ਼ਰੀਏ ਪਾਇਲਟ ਅਭਿਨੰਦਨ ਦੀ ਜਾਣਕਾਰੀ ਨਾਲ ਜੁੜੀ ਹੋਈ ਸੀ ਤੇ ਉਸ ਵੇਲੇ ਤਕ ਪਾਇਲਟ ਅਭਿਨੰਦਨ ਪਾਕਿ ਦੀ ਧਰਤੀ 'ਤੇ ਹੀ ਸੀ। ਪਾਇਲਟ ਅਭਿਨੰਦਨ ਨੂੰ ਰਾਤ 9.20 ਵਜੇ ਵਾਹਗਾ ਬਾਰਡਰ ਰਾਹੀਂ ਭਾਰਤ ਦੇ ਹਵਾਲੇ ਕੀਤਾ ਗਿਆ।